ਚੰਡੀਗੜ੍ਹ (ਰਾਜਿੰਦਰ ਭਦੌੜੀਆ, ਪੰਜ ਦਰਿਆ ਬਿਊਰੋ)
ਕਰੋਨਾ ਲਾਗ ਕਾਰਨ ਜਾਰੀ ਤਾਲਾਬੰਦੀ ਦੌਰਾਨ ਜ਼ਰੂਰੀ ਸਾਮਾਨ ਦੀਆਂ ਗੱਡੀਆਂ ਨੂੰ ਨਾ ਰੋਕਣ ਦੇ ਆਦੇਸ਼ਾਂ ਦੀ ਸ਼ਰਾਬ ਕਾਰੋਬਾਰੀਆਂ ਵੱਲੋਂ ਕੀਤੀ ਜਾ ਕਥਿਤ ਦੁਰਵਰਤੋਂ ਖ਼ਿਲਾਫ਼ ਕਾਰਵਾਈ ਕਰਦਿਆਂ ਚੰਡੀਗੜ੍ਹ ਪੁਲੀਸ ਨੇ ਦੁੱਧ ਦੇ ਟੈਂਕਰ ’ਚੋਂ 440 ਪੇਟੀਆਂ ਸ਼ਰਾਬ (21,120 ਪਊਏ) ਬਰਾਮਦ ਕੀਤੀ ਹੈ, ਜੋ ਚੰਡੀਗੜ੍ਹ ਤੋਂ ਗੁਜਰਾਤ ਲਿਜਾਈ ਜਾਣੀ ਸੀ। ਪੁਲੀਸ ਨੇ ਟੈਂਕਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਗੌਰਵ ਖੱਤਰੀ ਵਾਸੀ ਫੇਸ-5 ਮੁਹਾਲੀ ਵਜੋਂ ਹੋਈ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਇੰਡਸਟਰੀਅਲ ਏਰੀਆ ’ਚ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲੀਸ ਦੀ ਅਪਰਾਧ ਸ਼ਾਖਾ ਦੇ ਮੁਖੀ ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪੋਲਟਰੀ ਫਾਰਮ ਚੌਕ, ਚੰਡੀਗੜ੍ਹ ’ਚ ਨਾਕਾਬੰਦੀ ਕਰ ਕੇ ਗੁਜਰਾਤ ਦੇ ਨੰਬਰ ਦੇ ਦੁੱਧ ਦੇ ਟੈਂਕਰ ’ਚੋਂ 440 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਪੁਲੀਸ ਮੁਤਾਬਕ ਕੈਂਟਰ ਚਾਲਕ ਗੌਰਵ ਖੱਤਰੀ ਨੇ ਮੁੱਢਲੀ ਪੁੱਛਗਿੱਛ ’ਚ ਦੱਸਿਆ ਕਿ ਇਹ ਸ਼ਰਾਬ ਚੰਡੀਗੜ੍ਹ ਇੰਡਸਟਰੀਅਲ ਏਰੀਆ ਤੋਂ ਗੁਜਰਾਤ ਲਿਜਾਈ ਜਾਣੀ ਸੀ।