ਰਹੱਸ ਦੀ ਖੋਜ ਵਿੱਚ ਮੁਹਿੰਮ ਵਿੱਢਣੀ, ਅਣਸੁਣੀ ਬਾਤ ਪਾਉਣੀ, ਅਚਾਨਕ ਕੋਈ ਖੁਸ਼ੀ ਲੱਭ ਜਾਣੀ, ਕਿਸੇ ਨਵੀਂ ਅਤੇ ਨਜਾਰੇਦਾਰ ਜਗ੍ਹਾ ਦਾ ਦੇਖਣਾ, ਕਿਸੇ ਵਿਛੜੇ ਸਾਥੀ ਦਾ ਅਚਾਨਕ ਅੱਖਾਂ ਮੂਹਰੇ ਆ ਜਾਣਾ, ਮਨ ਦੀਆਂ ਸੱਤੇ ਸੁਰਾ ਦਾ ਛਿੜ ਜਾਣਾ ਹੁੰਦਾ ਹੈ। ਵਿਗਿਆਨ ਨੇ ਹੌਲੀ ਹੌਲੀ ਸਾਰੇ ਪਰਦੇ ਹਟਾ ਦਿੱਤੇ, ਜਾਣਕਾਰੀ ਇੰਨੀ ਹੋ ਗਈ ਕਿ ਵਿਦਵਾਨ ਬੰਦਿਆ ਦੀ ਕੋਈ ਵੁੱਕਤ ਹੀ ਨਹੀਂ ਰਹੀ। ਬਲਵਾਨ ਬੰਦੇ ਗੋਲੀ ਦੀ ਖੋਜ ਨੇ ਮਾੜਕੂਆ ਹੱਥੋਂ ਮਰਵਾ ਦਿੱਤੇ। ਪਹੀਏ ਤੇ ਅਸਵਾਰ ਹੋਕੇ ਬੰਦਾ ਕਿਤੇ ਦਾ ਕਿਤੇ ਪਹੁੰਚ ਗਿਆ, ਹੋਰ ਵਧੇਰੇ ਹੋਰ ਦੀ ਭਾਲ ਨੇ ਵੱਟਾ ਬੰਨਿਆ ਦੀ ਹੱਦ ਮੁਕਾ ਦਿੱਤੀ, ਅਸਾਸਿਆ ਤੋਂ ਵੱਧ ਪਾਉਣ ਦੀ ਇੱਛਾ ਬੰਦੇ ਨੂੰ ਕਿਸੇ ਕੰਢੇ ਵੱਟੇ ਨਹੀਂ ਲੱਗਣ ਦਿੰਦੀ, ਚਾਲੀ ਸਾਲ ਦੀ ਉਮਰੇ ਬੰਦਾ ਆਮ ਤੌਰ ਤੇ ਕਾਰੋਬਾਰੀ ਤੌਰ ਤੇ ਸਥਾਪਿਤ ਹੋ ਜਾਂਦਾ, ਤੇ ਫੈਲਰਨਾ ਸ਼ੁਰੂ ਹੋ ਜਾਂਦਾ। ਆਪਣੀ ਅਕਲ ਤੇ ਹੰਕਾਰ ਹੋ ਜਾਂਦਾ, ਦੂਰ ਦੂਰ ਹੱਥਾ ਬਾਹਾਂ ਮਾਰਨ ਲੱਗਦਾ ਪਰ ਨੇੜੇ ਦੀ ਨਿਗਾਹ ਕਮਜੋਰ ਹੋਣ ਲੱਗਦੀ ਆ, ਸਕੀਮੀ ਮਿੱਤਰਾਂ ਦਾ ਘੇਰਾ ਵਧਣ ਲਗਦਾ ਤੇ ਪਰਿਵਾਰ ਦਾ ਸੁੰਘੜਣ, ਸਾਥੀ ਬੇਹਾ ਤੇ ਬੱਚੇ ਅੜੀਅਲ ਲੱਗਣ ਲਗਦੇ ਆ, ਵਿਚਾਰਾ ਦਾ ਟਕਰਾਉ ਅਸਥਿਰਤਾ ਲਿਆਉਂਦਾ, ਵਿਚਾਰ ਵਟਾਂਦਰੇ ਦੀ ਜਗਹ ਆਪਣੀ ਰਾਏ ਥੋਪਦੇ ਥੋਪਦੇ ਬਹਿਸ ਵਿੱਚ ਪੈ ਜਾਂਦੇ ਆ ਤੇ ਬਹਿਸ ਤੋੜ ਦਿੰਦੀ ਆ ਆਲਣਿਆ ਨੂੰ, ਸ਼ਾਤ ਵਗਦੀ ਨਦੀ ਵਿੱਚ ਹੜ ਕੰਢਿਆ ਨੂੰ ਖੋਰ ਦਿੰਦਾ, ਫੋਕੀ ਜ਼ਿੱਦ ਰੇਤ ਦਾ ਟਿੱਬਾ ਆਖਿਰ ਝੱਖੜ ਵਿੱਚ ਕਿਣਕਾ ਕਿਣਕਾ ਬਿਖਰ ਜਾਂਦਾ।
ਜੱਗ ਸ਼ੀਸ਼ਾ ਆਰਸੀ, ਜੋ ਦੇਖੇ ਸੋ ਵੇਖ, ਪੱਥਰ ਮਾਰਨ ਵਾਲਿਆ ਨੂੰ ਫੁੱਲ ਨਹੀਂ ਪੈਂਦੇ, ਜੱਟ ਸੋਨੇ ਦਾ, ਥੱਲਾ ਪਿੱਤਲ ਦਾ, ਕੋਈ ਵੀ ਸੋਲਾਂ ਕਲਾ ਸੰਪੂਰਨ ਨਹੀ ਹੁੰਦਾ, ਜਦੋ ਵਕਤ ਬੰਦੇ ਦੇ ਹੱਥ ਵਿੱਚ ਹੁੰਦਾ ਤਾਂ ਰੱਬ ਜੱਗ ਚੇਤੇ ਨਹੀਂ ਰਹਿੰਦਾ, ਜੱਟ ਦੇ ਜੌਂ ਪੱਕੇ, ਸਕੀ ਮਾਂ ਨੂੰ ਮਾਰੇ ਧੱਕੇ, ਜਿੰਨਾ ਕੋਈ ਉਤਾਹਾਂ ਨੂੰ ਜਾਂਦਾ ਉਨਾ ਹੀ ਨੀਵਾਂ ਡਿੱਗਦਾ, ਵੱਧ ਉਚਾਈ ਤੋ ਲੁਟਕਿਆ ਖੜਕਾ ਵੀ ਵੱਧ ਕਰਦਾ, ਜੇ ਰੁੱਖ ਵਧਣ ਲੱਗਣ, ਤਾਂ ਅਸਮਾਨ ਨੂੰ ਜਾ ਲੱਗਣ ਕੁਝ ਵੀ ਮਹੱਤਵ ਹੀਣ ਨਹੀਂ, ਰੌਲਾ ਗੌਲਾ, ਇੱਕ ਦੂਜੇ ਦੀ ਕੈਂ ਕੈਂ, ਗੁੱਸੇ ਗਿਲੇ, ਦੋ ਭਾਂਡਿਆਂ ਦਾ ਖੜਕਣਾ, ਬਿਖਰਨ ਤੋਂ ਬਾਅਦ, ਕੱਚ ਦੇ ਮਹਿਲ ਦੇ ਟੁੱਟ ਜਾਣ ਤੋਂਂ ਬਾਅਦ, ਕਿਸੇ ਪੁਰਾਣੀ ਫਿਲਮ ਦੇ ਸੰਗੀਤ ਵਾਗੂੰ ਚੇਤੇ ਆਉਂਦਾ, ਖੈਰ ਡੁੱਲੇ ਬੇਰਾਂ ਦਾ ਅਜੇ ਵੀ ਕੁਝ ਨਹੀ ਵਿਗੜਿਆ, ਕੋਈ ਪੁਰਾਣਾ ਵੀ ਸੀ ਆਰ ਲੱਭਕੇ, ਮਿੱਟੀ ਘੱਟਾ ਚਾੜਕੇ ਉਸ ਵੀ ਐੱਚ ਐੱਸ ਨੂੰ ਦੁਬਾਰਾ ਚਲਾ ਲਵੋ, ਨਵੀਆ ਖੋਜਾ ਦੀ ਜਗਹ ਪੁਰਾਣੇ ਘੜੇ ਦਾ ਠੰਡਾ ਪਾਣੀ ਪੀ ਲਵੋ, ਨਵਾਂ ਨੌ ਦਿਨ ਪੁਰਾਣਾ ਸੌ ਦਿਨ, ਤਾਜਾ ਲੱਭਿਆ ਕਿਹੜਾ ਕੋਈ ਵੱਖਰਾ ਚੁਬਾਰਾ ਪਾਦੂ, ਚਾਰ ਦਿਨਾ ਦੀ ਚਾਂਦਨੀ ਫਿਰ ਹਨੇਰੀ ਰਾਤ। ਝਾੜੀਆ ਵਿੱਚ ਬੈਠੇ ਦੋ ਨਾਲੋ ਹੱਥ ਵਿੱਚ ਫੜਿਆ ਇੱਕ ਹੀ ਚੰਗਾ, ਚਮਕ ਖਿੱਚਦੀ ਆ ਪਰ ਰੋਟੀ ਨਹੀਂ ਦਿੰਦੀ, ਐਂਵੇ ਨਾ ਲੜਿਆ ਕਰ ਢੋਲਾ ਤੇਰੀ ਸਿਹਰਿਆ ਨਾਲ ਵਿਆਹੀ ਹੋਈ ਆ, ਬੱਦਲ ਗਰਜਦੇ ਵੀ ਨੇ ਬਰਸਦੇ ਵੀ ਪਰ ਭਿੱਜਣ ਨੂੰ ਤਿਰਸਕਾਰ ਨਹੀ ਬਲਕਿ ਨਿਹਮਤ ਸਮਝੋ, ਹਰ ਰੂਹ ਤੇ ਪਿਆਰ ਰੂਪੀ ਰਹਿਮਤ ਦੀ ਵਾਛੜ ਨਹੀਂ ਹੁੰਦੀ, ਗੁੱਸਾ ਗਰਮੀਆਂ ਦੀ ਤਿੱਖੜ ਦੁਪਹਿਰੇ ਸੀਹੇ ਵਾਂਗੂੰ ਸਭ ਸਾੜ ਦਿੰਂਦਾ, ਆਉ ਇਸ਼ਕ ਬਦਲੋਟੀ ਦੀ ਛਾਵੇਂ ਬਹਿਕੇ ਗਲਵੱਕੜੀਆ ਪਾਈਏ ਐਸਾ ਨਾ ਹੋਵੇ ਕਿ ਅਸੀ ਜਕੋਤੱਕੀ ਵਿੱਚ ਰਹਿ ਜਾਈਏ ਤੇ ਵਗਦੀ ਹਵਾ ਦਾ ਬੁੱਲਾ ਉਸਨੂੰ ਉਡਾਕੇ ਸਾਡੀ ਪਹੁੰਚ ਤੋਂ ਦੂਰ ਬੜੀ ਦੂਰ ਲੈ ਜਾਵੇ।
ਬਿੱਟੂ ਖੰਗੂੜਾ +447877792555