4.2 C
United Kingdom
Saturday, March 7, 2026

More

    ਕਰੋਨਾ ਦੇ ਸਰਫ ਨੇ ਧੋਤੀ ਸੀ ਖ਼ਾਕੀ ਵਰਦੀ, ਪਰ ਪੈਸੇ ਦੇ ਲਾਲਚ ਨੇ ਫਿਰ ਕੀਤੀ ਮੈਲੀ।

    ਫਰੰਟ ਲਾਇਨ ਤੇ ਕੰਮ ਕਰਦੇ ਪੁਲਿਸ ਮੁਲਾਜ਼ਮਾਂ ਨੇ ਕੀ ਮੁੱਲ ਪਾਇਆ ਸਮਾਜਸੇਵੀਆਂ ਵੱਲੋਂ ਸਨਮਾਨਿਤ ਕਰਨ ਦਾ ??

    ਮੋਗਾ, ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ)

    ਪੁਲਸ ਵੱਲੋਂ ਹੁਣ ਤੱਕ ਦੋ ਥਾਣੇਦਾਰਾਂ ਸਮੇਤ 5 ਵਿਅਕਤੀ ਕਾਬੂ ਕੀਤੇ ਜਾ ਚੁੱਕੇ ਹਨ, ਜੋ ਕਿ ਪੁਲਸ ਰਿਮਾਂਡ ‘ਤੇ ਹਨ।ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫਸਰ ‘ਤੇ ਵੀ ਗਾਜ ਡਿੱਗ ਚੁੱਕੀ ਹੈ, ਜਿਸ ਦੀ ਬਦਲੀ ਕਰ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਪੁਲਸ ਦੇ ਇਨ੍ਹਾਂ ਸਹਾਇਕ ਥਾਣੇਦਾਰਾਂ ਦੀ ਮਿਲੀਭੁਗਤ ਨਾਲ ਕਈ ਸਾਲਾਂ ਤੋਂ ਨਿਹਾਲ ਸਿੰਘ ਵਾਲਾ ਅੰਦਰ ਇਹ ਸੈਕਸ ਰੈਕਟ ਚੱਲ ਰਿਹਾ ਸੀ।ਜਿਸ ਤੇ ਚਲਦਿਆਂ ਥਾਣਾ ਨਿਹਾਲ ਸਿੰਘ ਵਾਲਾ ਮੋਗਾ ਤੋਂ ਬਾਅਦ ਹੁਣ ਦੂਜੇ ਨੰਬਰ ਤੇ ਹੈ ਜਿਸ ਦੇ ਤਾਰ ਕਿਥੇ ਕਿਥੇ ਹਨ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਪੰਜਾਬ ਪੁਲਿਸ ਲੲੀ ਨਿਹਾਲ ਸਿੰਘ ਵਾਲਾ ਸੈਕਸ ਸਕੈਂਡਲ ਵੱਡੀ ਨਮੋਸ਼ੀ ਬਣਿਆ ਹੋਇਆ ਹੈ। ਕੋਰੋਨਾ ਵਾਇਰਸ ਕਾਰਨ ਪੰਜਾਬ ‘ਚ ਲੱਗੇ ਕਰਫਿਊ ਦੌਰਾਨ ਜਿਥੇ ਪੰਜਾਬ ਪੁਲਸ ਆਪਣੀ ਦਾਗਦਾਰ ਵਰਦੀ ਨੂੰ ਸਾਫ ਕਰਨ ਲਈ ਫਰੰਟ ਲਾਇਨ ‘ਤੇ ਕੰਮ ਕਰਦੀ ਹੋਈ ਕਈ ਸਮਾਜ ਸੇਵੀ ਕਾਰਜਾਂ ਲਈ ਮੀਡੀਆਂ ਦੀਆਂ ਸੁਰਖੀਆਂ ਖੱਟਣ ‘ਚ ਕਾਮਯਾਬ ਹੋਈ ਉੱਥੇ ਪੁਲਿਸ ਦੇ ਕੁਝ ਅਧਿਕਾਰੀ ਖਾਕੀ ਨੂੰ ਦਾਗਦਾਰ ਕਰਦੇ ਰਹੇ। ਥਾਣਾ ਨਿਹਾਲ ਸਿੰਘ ਵਾਲਾ ਦੇ ਦੋ ਸਹਾਇਕ ਥਾਣੇਦਾਰ ਵੀ ਇਸ ਕਰਫਿਊ ਦੌਰਾਨ ਗੋਰਖਧੰਦੇ ਰਾਹੀ ਆਪਣੇ ਹੱਥ ਰੰਗਦੇ ਰਹੇ ਅਤੇ ਨਿਹਾਲ ਸਿੰਘ ਵਾਲਾ ਅੰਦਰ ਹੀ ਔਰਤਾਂ ਨਾਲ ਮਿਲ ਕੇ ਸੈਕਸ ਰੈਕਟ ਚਲਾਉਂਦੇ ਰਹੇ। ਅਖੀਰ ਆਪਣੇ ਹੀ ਬੁਣੇ ਜਾਲ ‘ਚ ਫਸ ਕੇ ਉਸੇ ਪੁਲਸ ਸਟੇਸ਼ਨ ਦੀ ਹਵਾਲਾਤ ‘ਚ ਬੰਦ ਹੋ ਗਏ ਜਿਥੇ ਕਿਸੇ ਸਮੇਂ ਮੁਜ਼ਰਮਾਂ ਨੂੰ ਬੰਦ ਕਰਦੇ ਸਨ।
    ਇਸ ਰੈਕਟ ਵਿਚ ਸ਼ਾਮਲ ਕੁਝ ਔਰਤਾਂ ਵੱਲੋਂ ਅਮੀਰ ਅਤੇ ਸਰਦੇ ਪੁੱਜਦੇ ਸ਼ਰੀਫ ਲੋਕਾਂ ਨੂੰ ਆਪਣੇ ਜਾਲ ‘ਚ ਫਸਾ ਕੇ ਥਾਣੇ ਲਿਜਾਇਆ ਜਾਂਦਾ ਸੀ ਅਤੇ ਉਸ ‘ਤੇ ਪਰਚਾ ਦਰਜ ਕਰਨ ਦੀਆਂ ਧਮਕੀਆਂ ਦੇ ਕੇ ਉਸ ਨੂੰ ਡਰਾ ਧਮਕਾ ਕੇ ਬਲੈਕਮੇਲ ਕਰ ਕੇ ਉਸ ਤੋਂ ਲੱਖਾ ਰੁਪਏ ਵਟੋਰੇ ਜਾਂਦੇ ਸਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਸੈਕਸ ਰੈਕਟ ਰਾਹੀ ਨਿਹਾਲ ਸਿੰਘ ਵਾਲਾ ਅਤੇ ਆਸ-ਪਾਸ ਦੇ ਮੰਨੇ ਪਰਮੰਨੇ ਮੋਹਤਬਰ ਵਿਅਕਤੀਆਂ ਤੋਂ ਬਲੈਕਮੇਲ ਕਰ ਕੇ ਲੱਖਾ ਰੁਪਏ ਵਟੋਰੇ ਜਾ ਚੁੱਕੇ ਹਨ। ਹੁਣ ਵੀ ਉਕਤ ਵਿਅਕਤੀਆਂ ਦੀ ਨਾਮ ਨਸਰ ਹੋਣ ਦੇ ਡਰ ਕਾਰਨ ਨੀਂਦ ਹਰਾਮ ਹੋ ਚੁੱਕੀ ਹੈ। ਇਥੇ ਹੀ ਨਹੀਂ ਇਹ ਚਰਚਾਵਾਂ ਦਾ ਦੌਰ ਵੀ ਗਰਮ ਹੈ ਕਿ ਇਸ ਸੈਕਸ ਰੈਕਟ ‘ਚ ਹੋਰ ਵੀ ਪੁਲਸ ਅਧਿਕਾਰੀਆਂ ਦਾ ਨਾਮ ਨਸਰ ਹੋ ਸਕਦਾ ਹੈ। ਚਰਚਾ ਇਹ ਵੀ ਹੈ ਕਿ ਇਹ ਜਾਂਚ ਕੋਈ ਲੰਬਾ ਫ਼ਾਸਲਾ ਤਹਿ ਨਹੀਂ ਕਰੇਗੀ ਅਤੇ ਬਹੁਤ ਛੇਤੀ ਝੱਗੋ ਝੱਗ ਹੋ ਕਿ ਹੰਬ ਹਾਰ ਜਾਵੇਗੀ।
    ਇਸ ਸੈਕਸ ਰੈਕਟ ਦੀ ਜਾਂਚ ਕਰ ਰਹੇ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਢੇਸੀ ਨੇ ਇਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਸ਼ੀਆਂ ਦਾ ਕੱਲ ਤੱਕ ਦਾ ਰਿਮਾਂਡ ਹੈ ਅਤੇ ਪਤਾ ਲੱਗਣ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਬੇਸ਼ੱਕ ਉਹ ਕੋਈ ਵੀ ਹੋਵੇ। ਜ਼ਿਕਰਯੋਗ ਹੈ ਕਿ ਬਾਰਾਂ ਸਾਲ ਪਹਿਲਾਂ ਵੀ ਮੋਗਾ ਵਿਖੇ 2007 ਵਿਚ ਇਕ ਵੱਡਾ ਸੈਕਸ ਸਕੈਂਡਲ ਸਾਹਮਣੇ ਆਇਆ ਸੀ ਜਿਸ ‘ਚ ਵੱਡੀ ਗਿਣਤੀ ‘ਚ ਪੁਲਸ ਦੇ ਉੱਚ ਅਧਿਕਾਰੀ ਅਤੇ ਸਿਆਸੀ ਆਗੂਆਂ ਦੀ ਸ਼ਮੂਲੀਅਤ ਪਾਈ ਗਈ ਸੀ। ਮੋਗਾ ਸੈਕਸ ਸਕੈਂਡਲ ਦੇ ਨਾਮ ਨਾਲ ਮਸ਼ਹੂਰ ਹੋਏ ਉਸ ਸੈਕਸ ਸਕੈਂਡਲ ਦੀ ਜਾਂਚ ਅੱਜ ਵੀ ਸੀ. ਬੀ. ਆਈ. ਵੱਲੋਂ ਜਾਰੀ ਹੈ। ਜੇਕਰ ਪੁਲਸ ਦੇ ਉੱਚ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਇਮਾਨਦਾਰੀ ਨਾਲ ਜਾਂਚ-ਪੜਤਾਲ ਕਰਨਗੇ ਤਾਂ ਆਉਣ ਵਾਲੇ ਦਿਨਾਂ ‘ਚ ਇਸ ਤਰ੍ਹਾਂ ਦੇ ਚਲਾਏ ਜਾ ਰਹੇ ਨਾਜਾਇਜ਼ ਧੰਦੇ ਦੀਆਂ ਹੋਰ ਵੀ ਪਰਤਾਂ ਖੁੱਲ ਸਕਦੀਆਂ ਹਨ।
    ਇੱਥੇ ਖ਼ਦਸ਼ਾ ਇਹ ਵੀ ਹੈ ਕਿ ਜੇਕਰ ਇਸ ਸਕੈਂਡਲ ਚ ਪ੍ਰਾਈਵੇਟ ਵਿਅਕਤੀ ਸ਼ਾਮਿਲ ਹੁੰਦੇ ਤਾਂ ਹੁਣ ਤੱਕ ਮੰਡੀ ਵਿੱਚ ਭੁਚਾਲ ਪੈ ਜਾਣਾ ਸੀ। ਹੁਣ ਇਹ ਮਸਲਾ ਭਵਿੱਖ ਦੇ ਗਰਭ ਵਿੱਚ ਹੈ ਕੀ ਇਹ ਜਾਂਚ ਅੱਗੇ ਵਧੇਗੀ ਜਾਂ ਇੱਥੇ ਹੀ ਦਮ ਤੋੜ ਜਾਵੇਗੀ???

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!