6.9 C
United Kingdom
Saturday, March 7, 2026

More

    ‘ਬਾਜ਼ੀ’/ਕਵਿਤਾ

    ਮਨਦੀਪ ਕੌਰ ਭੰਮਰਾ

    ਸਾਡੇ ਦਿਮਾਗ਼ਾਂ ‘ਚ ਸੂਰਜ ਉੱਗ ਆਵਣ
    ਸਾਡੇ ਜਿਗਰਾਂ ‘ਚ ਸਮੁੰਦਰ ਭਰ ਜਾਵਣ
    ਅਸੀਂ ਚਾਨਣਾਂ ਵਿੱਚ ਨਹਾਈਏ
    ਅਸੀਂ ਡੂੰਘੇ ਪਾਣੀਆਂ ’ਚ ਚੁੱਭੀ ਲਾਈਏ
    ਆਕਾਸ਼ਾਂ ਦੇ ਆਕਾਸ਼ ਗਾਹ ਆਈਏ
    ਅਸੀੰ ਸਮੁੰਦਰਾਂ ਨੂੰ ਤਰ ਆਈਏ
    ਸਾਰੀਆਂ ਧਰਤੀਆਂ ਘੁੰਮ ਸਕੀਏ
    ਹਰਿਆਵਲ ਦੀਆਂ ਆਸਾਂ ਰੱਖੀਏ
    ਧਰਤ ਦੇ ਹਰ ਖੂੰਜੇ ਨੂੰ ਰੁਸ਼ਨਾਈਏ
    ਅਸੀਂ ਰੌਸ਼ਨੀਆਂ ਤੇ ਮਹਿਕਾਂ ਸੰਗ ਭਰ ਜਾਈਏ

    ਆਓ ਕਿ ਫਿਰ ਚਾਨਣ ਵੰਡਣ ਤੁਰੀਏ
    ਆਪਣੇ ਬੁੱਕਾਂ ਦੇ ਵਿੱਚ ਚਾਨਣ ਭਰੀਏ
    ਸਾਂਝਾ ਸਭ ਰੂਹਾਂ ਨੂੰ ਰੌਸ਼ਨ ਕਰੀਏ
    ਸਾਹਾਂ ਵਿੱਚੋਂ ਦਰਦ ਕੱਢਣ ਦੀ ਕੋਸ਼ਿਸ਼ ਕਰੀਏ
    ਪੀੜਾਂ ਦੇ ਪਰਾਗੇ ਭਰੀਏ
    ਸੁੱਖਾਂ ਦੇ ਸਮੁੰਦਰ ਤਰੀਏ
    ਭਰਾਵਾਂ ਲਈ ਛਾਂ ਬਣ ਕੇ ਖੜ੍ਹੀਏ
    ਇੱਕ ਦੂਜੇ ਤੋਂ ਕਦੇ ਨਾ ਸੜੀਏ
    ਦੁਨੀਆਂ ਨੂੰ ਹੁਸੀਨ ਤਰੀਨ ਕਰੀਏ
    ਆਪੋ ਆਪਣੇ ਫ਼ਰਜ਼ ਸਮਝੀਏ

    ਆਓ ਕਿ ਅੰਬਰੋਂ ਤਾਰੇ ਤੋੜ ਲਿਆਈਏ
    ਮਾਨਵਤਾ ਦੀ ਚੁੰਨੀ ਵਿੱਚ ਪਰੋਈਏ
    ਜਾਂ ਫਿਰ ਮਹਿਕਾਂ ਦੇ ਵਣਜਾਰੇ ਬਣੀਏ
    ਫੁੱਲਾਂ ਦੀ ਕਿਸੇ ਵਾਦੀ ਗੇੜਾ ਲਾਈਏ
    ਭਾਵਾਂ ਦੇ ਸੱਤ ਸਮੁੰਦਰ ਤਰੀਏ
    ਮਨਾਂ ਤੋਂ ਅਸੀਂ ਮੋਮ ਹੋ ਜਾਈਏ
    ਆਪਾਂ ਸਾਰੇ ਕੁੱਝ ਤਾਂ ਐਸਾ ਕਰੀਏ
    ਆਪੋ ਆਪਣੀ ਸੋਚ ਨੂੰ ਰੌਸ਼ਨ ਕਰੀਏ
    ਜਾਂ ਫਿਰ ਵਿੱਚ ਪਾਤਾਲ਼ੀਂ ਡੂੰਘੇ ਲਹਿਜੀਏ
    ਮੁੜ ਕਦੀ ਨਾ ਉੱਥੋਂ ਆਈਏ

    ਸੋਚਾਂ ਦੇ ਵਿੱਚ ਭਾਵਾਂ ਵਾਲ਼ਾ ਜੰਗਲ਼ ਲਾਈਏ
    ਚੰਗੇ ਚੰਗੇ ਰਾਹਾਂ ਦੇ ਹਵਾਲੇ ਦੇਈਏ
    ਜੀਵਨ ਦੇ ਵਿੱਚ ਖੁਸ਼ਬੂ ਲੱਭਣ ਤੁਰ ਪਈਏ
    ਮਨਾਂ ਦੇ ਮੰਦਰਾਂ ਵਿੱਚ ਐਸੀ ਜੋਤ ਜਗਾਈਏ
    ਨਵੀਆਂ ਡੰਡੀਆਂ ਨਵੇਂ ਵਿਚਾਰਾਂ ਨਾਲ਼
    ਸਾਝਾਂ ਪਾਈਏ ਫੁੱਲਾਂ ਅਤੇ ਬਹਾਰਾਂ ਨਾਲ਼
    ਪਸ਼ੂ ਤੇ ਪੰਛੀ ਕੋਲ਼ ਬਹਾਈਏ
    ਕੁੱਝ ਗੁਣ ਸਿੱਖੀਏ ਕੁੱਝ ਸਿਖਾਈਏ
    ਮਿਲ ਕੇ ਬਹਿਣਾ ਜੀਵਨ ਦਾ ਗਹਿਣਾ
    ਸਿੱਖ ਲਈਏ ਸਭ ਜੀਵਨ ਨੂੰ ਜਿਉਣਾ

    ਨਾਲ਼ ਦਲੀਲਾਂ ਗੱਲਾਂ ਕਰੀਏ
    ਅਕਲ ਦਾ ਬਾਗ ਉਗਾਅ ਕੇ ਧਰੀਏ
    ਕੁੱਝ ਤਾਂ ਹੁਣ ਸਿਆਣੇ ਬਣੀਏ
    ਮਾਵਾਂ ਪੁੱਤ ਸਿਆਣੇ ਜਣੀਏ
    ਐਵੇਂ ਨਾ ਬੱਸ ਲੜ ਲੜ ਬਹੀਏ
    ਇੱਕ ਦੂਜੇ ਨੂੰ ਮਾਰਨ ਡਹੀਏ
    ਕਿਸੇ ਦੀ ਗੱਲ ਸਿਆਣੀ ਸੁਣੀਏ
    ਸੋਨ-ਵਿਚਾਰਾਂ ਮੱਥੇ ਖੁਣੀਏ
    ਸਮਝਣ ਦੀ ਕੁੱਝ ਕੋਸ਼ਿਸ਼ ਕਰੀਏ
    ਜਿੱਤੀ ‘ਬਾਜ਼ੀ’ਫਿਰ ਨਾ ਹਰੀਏ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!