ਵੱਧ ਤੋਂ ਵੱਧ ਕੰਮ ਮਗਨਰੇਗਾ ਵਰਕਰਾਂ ਨੂੰ ਦੇਣ ਦੀ ਕੀਤੀ ਹਦਾਇਤ
ਅੰਮ੍ਰਿਤਸਰ,(ਰਾਜਿੰਦਰ ਰਿਖੀ)
ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਪੰਚਾਇਤਾਂ ਨੂੰ ਛੱਪੜਾਂ ਦੀ ਸਫ਼ਾਈ ਦਾ ਕਾਰਜ 10 ਜੂਨ ਤੱਕ ਮੁਕੰਮਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਛੱਪੜਾਂ ਦੀ ਸਫ਼ਾਈ ਦਾ ਪਿੰਡਾਂ ਦੀ ਸਫ਼ਾਈ ਅਤੇ ਲੋਕਾਂ ਦੀ ਸਿਹਤ ਨਾਲ ਡੂੰਘਾ ਸਬੰਧ ਹੈ, ਇਸ ਲਈ ਇਹ ਕਾਰਜ ਪਹਿਲ ਦੇ ਅਧਾਰ ਤੇ ਸਿਰੇ ਚਾੜਿਆ ਜਾਣਾ ਚਾਹੀਦਾ ਹੈ। ਉਨਾਂ ਅਧਿਕਾਰੀਆਂ ਨੂੰ ਹਿਦਾਇਤ ਦਿੱਤੀ ਕਿ ਇਸ ਕਾਰਜ ਨੂੰ ਪੂਰੀ ਤਨਦੇਹੀ, ਈਮਾਨਦਾਰੀ ਅਤੇ ਸਿਰਢ ਨਾਲ ਸਿਰੇ ਚੜਾਇਆ ਜਾਵੇ, ਤਾਂ ਜੋ ਮਿਸ਼ਨ ਤੰਦਰੁਸਤ ਪੰਜਾਬ ਵਿਚ ਕਾਮਯਾਬੀ ਅਸਾਨੀ ਨਾਲ ਪ੍ਰਾਪਤ ਹੋ ਸਕੇ।
ਉਨਾਂ ਕਿਹਾ ਕਿ ਮਗਨਰੇਗਾ ਕਾਮਿਆਂ ਨੂੰ ਇਸ ਕੰਮ ਰਾਹੀਂ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾਵੇ ਅਤੇ ਮਸ਼ੀਨਰੀ ਦੀ ਘੱਟ ਤੋਂ ਘੱਟ ਵਰਤੋਂ ਕਰਕੇ ਬੇਲੋੜੇ ਖਰਚੇ ਤੋਂ ਵੀ ਬਚਿਆ ਜਾਵੇ। ਉਨਾਂ ਕਿਹਾ ਕਿ ਅੱਜ ਜਿੱਥੇ ਦੇਸ਼ ਭਰ ਵਿਚ ਕੋਰੋਨਾ ਵਾਇਰਸ ਕਾਰਨ ਗਰੀਬ ਲੋਕਾਂ ਕੋਲ ਕੋਈ ਰੁਜ਼ਗਾਰ ਨਹੀਂ ਰਿਹਾ ਅਤੇ ਨਾ ਹੀ ਆਮਦਨੀ ਦਾ ਕੋਈ ਹੋਰ ਸਾਧਨ, ਸੋ ਇਸ ਮੁਹਿੰਮ ਨਾਲ ਗਰੀਬ ਲੋਕਾਂ ਨੂੰ ਮਗਨਰੇਗਾ ਅਧੀਨ ਰੁਜ਼ਗਾਰ ਵੀ ਮਿਲੇਗਾ ਅਤੇ ਉਨਾਂ ਨੂੰ ਪਰਿਵਾਰਾਂ ਦੀਆਂ ਰਾਸ਼ਨ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਮੱਦਦ ਵੀ ਹੋਵੇਗੀ।
ਉਨਾਂ ਨੇ ਕਿਹਾ ਕਿ ਛੱਪੜਾਂ ਦੀ ਸਫਾਈ ਦੇ ਨਾਲ ਨਾਲ ਗਾਰ ਵੀ ਕੱਢੀ ਜਾਵੇ ਅਤੇ ਜਿੱਥੇ ਸੰਭਵ ਹੈ ਉੱਥੇ ਛੱਪੜਾਂ ਦੀ ਸਫਾਈ ਅਤੇ ਨਵੀਨੀਕਰਨ ਥਾਪਰ ਯੂਨੀਵਰਸਿਟੀ ਵੱਲੋਂ ਪ੍ਰਵਾਨਿਤ ਸੀਚੇਵਾਲ ਮਾਡਲ ਅਨੁਸਾਰ ਵੀ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਜਿੱਥੇ ਸੂਬੇ ਦੀਆਂ ਪੰਚਾਇਤਾਂ ਨੇ ਪਿੰਡਾਂ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਆਪਸੀ ਭਾਈਚਾਰੇ ਦੀ ਵੱਡੀ ਮਿਸਾਲ ਪੇਸ਼ ਕੀਤੀ ਹੈ, ਉਸੇ ਤਰਾਂ ਪਿੰਡਾਂ ਨੂੰ ਸਾਫ ਸੁਥਰਾ ਬਣਾਉਣ ਲਈ ਇਸ ਮੁਹਿੰਮ ਵਿਚ ਵਿਚ ਸਾਰੀਆਂ ਧਿਰਾਂ ਇੱਕਜੁਟ ਹੋ ਕੇ ਕੰਮ ਕਰਨ। ਉਨਾਂ ਸਾਰੇ ਅਧਿਕਾਰੀਆਂ ਨੂੰ ਇਸ ਕੰਮ ਨੂੰ ਜਲਦ ਤੋਂ ਜਲਦ ਨੇਪਰੇ ਚਾੜਨ ਲਈ ਕਿਹਾ ਤਾਂ ਜੋ ਹਰ ਹੀਲੇ ਬਰਸਾਤਾਂ ਤੋਂ ਪਹਿਲਾਂ ਇਹ ਮੁਕੰਮਲ ਕਰ ਲਿਆ ਜਾਵੇ ਕਿਉਕਿ ਪਿਛਲੇ ਸਾਲ ਇਹ ਕੰਮ ਲੇਟ ਸ਼ੁਰੂ ਹੋਇਆ ਸੀ ਅਤੇ ਬਰਸਾਤਾਂ ਸ਼ੁਰੂ ਹੋਣ ਕਾਰਨ ਕੁਝ ਛੱਪੜਾਂ ਦੀ ਸਫਾਈ ਰਹਿ ਗਈ ਸੀ।