ਅੰਮ੍ਰਿਤਸਰ,(ਰਾਜਿੰਦਰ ਰਿਖੀ)
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਸਥਾਪਿਤ ਕੀਤਾ ਗਿਆ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ, ਅੰਮ੍ਰਿਤਸਰ, ਜ਼ਿਲੇ ਦੇ ਨੌਜਵਾਨਾਂ ਲਈ ਕੋਵਿਡ 19 ਦੌਰਾਨ ਲੱਗੇ ਲਾਕਡਾਊਨ ਸਮੇਂ ਵਿੱਚ ਵੀ ਵਰਦਾਨ ਸਿੱਧ ਹੋ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਰੋਜ਼ਗਾਰ ਬਿਓਰੋ ਵੱਲੋਂ ਨੌਜਵਾਨਾਂ ਨੂੰ ਕਈ ਤਰਾਂ ਦੀਆਂ ਸਹੁਲਤਾਂ ਘਰ ਬੈਠੇ ਹੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜਿਨਾ ਵਿੱਚ ਆਨ-ਲਾਇਨ ਕੈਰੀਅਰ ਕਾਊਂਸਲਿੰਗ, ਨੌਕਰੀਆਂ ਦੀ ਤਿਆਰੀ ਲਈ ਆਨ-ਲਾਇਨ ਕੋਚਿੰਗ, ਈ-ਲਾਇਬ੍ਰੇਰੀ ਅਤੇ ਆਨ-ਲਾਇਨ ਰਜਿਸਟਰੇਸ਼ਨ ਮੁੱਖ ਸਹੁਲਤਾਂ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੱਲਵੀ ਚੌਧਰੀ ਨੇ ਦੱਸਿਆ ਕਿ ਬਿਓਰੋ ਵੱਲੋਂ ਸ਼ੁਰੂ ਕੀਤੀ ਗਈ ਈ-ਲਾਇਬ੍ਰੇਰੀ ਦੀ ਸੁਵਿਧਾ ਨਾਲ ਨੌਜਵਾਨ ਘਰ ਬੈਠੇ ਹੀ ਦੁਨੀਆ ਵਿੱਚ ਹੋ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ ਅਤੇ ਹੋਰ ਗਿਆਨਵਰਧਕ ਸਮੱਗਰੀ ਡਾਊਨਲੌਡ ਕਰਕੇ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਹਨ। ਉਨਾ ਦੱਸਿਆ ਕਿ ਇਸ ਈ-ਲਾਇਬ੍ਰੇਰੀ ਵਿੱਚ ਰੋਜ਼ਾਨਾ ਅਤੇ ਸਪਤਾਹਿਕ ਅਖਬਾਰਾਂ, ਪ੍ਰਤੀਯੋਗਤਾ ਲਈ ਸਹਾਇਕ ਮੈਗਜ਼ੀਨ ਅਤੇ ਪ੍ਰੀਖਿਆ ਦੀ ਤਿਆਰੀ ਸੰਬਧੀ ਹੋਰ ਸਮੱਗਰੀ ਸ਼ਾਮਿਲ ਕੀਤੀ ਗਈ ਹੈ।
ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਦੇ ਡਿਪਟੀ ਡਾਇਰੈਕਟਰ ਸ਼੍ਰੀ ਜਸਵੰਤ ਰਾਏ ਨੇ ਦੱਸਿਆ ਕਿ ਈ-ਲਾਇਬ੍ਰੇਰੀ ਵਿੱਚ ਰੋਜ਼ਾਨਾ ਨਵੀਂ ਜਾਣਕਾਰੀ ਅਪਲੋਡ ਕੀਤੀ ਜਾਂਦੀ ਹੈ ਅਤੇ ਰੋਜ਼ਗਾਰ ਬਿਓਰੋ ਦੇ ਫੇਸਬੁੱਕ ਪੇਜ਼ ਉੱਤੇ ਈ-ਲਾਇਬ੍ਰੇਰੀ ਦਾ ਲਿੰਕ ਅਪਲੋਡ ਕੀਤਾ ਗਿਆ ਹੈ, ਜ਼ਿਲੇ ਦੇ ਨੋਜਵਾਨ ਇਸ ਲਿੰਕ ਤੇ ਜਾ ਕੇ ਈ-ਲਾਇਬ੍ਰੇਰੀ ਦੀ ਸੁਵਿਧਾ ਦਾ ਲਾਭ ਉਠਾ ਸਕਦੇ ਹਨ। ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਦੇ ਡਿਪਟੀ ਸੀ.ਈ.ਓ. ਸ੍ਰੀ ਸਤਿੰਦਰ ਸਿੰਘ ਨੇ ਦੱਸਿਆ ਕਿ ਈ.ਲਾਇਬ੍ਰੇਰੀ ਦੀ ਸਵਿਧਾ ਤੋਂ ਇਲਾਵਾ ਰੋਜ਼ਗਾਰ ਬਿਓਰੋ ਵੱਲੋਂ ਰੋਜ਼ਾਨਾ ਲਗਭਗ 30 ਨੌਜਵਾਨਾਂ ਦੀ ਆਨ-ਲਾਇਨ ਕੈਰੀਅਰ ਕਾਊਂਸਲਿੰਗ ਕੀਤੀ ਜਾਂਦੀ ਹੈ ਅਤੇ ਉਨਾ ਨੂੰ ਜ਼ਿੰਦਗੀ ਅਤੇ ਕੈਰੀਅਰ ਸੰਬਧੀ ਲੌੜੀਂਦੀ ਜਾਣਕਾਰੀ ਘਰ ਬੈਠੇ ਹੀ ਮੁਹੱਈਆ ਕਰਵਾਈ ਜਾਂਦੀ ਹੈ। ਉਨਾ ਇਹ ਵੀ ਦੱਸਿਆ ਕਿ ਜ਼ਿਲੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕਿਆਂ ਲਈ ਤਿਆਰ ਕਰਨ ਲਈ ਆਨ-ਲਾਇਨ ਕੋਚਿੰਗ ਦਿੱਤੀ ਜਾ ਰਹੀ ਹੈ, ਜਿਸ ਅਧੀਨ ਨੌਜਵਾਨਾਂ ਨੂੰ ਸਰਕਾਰੀ ਅਤੇ ਪ੍ਰਾਇਵੇਟ ਨੌਕਰੀਆਂ ਦੀ ਇੰਟਰਵਿਊ ਦੀ ਤਿਆਰੀ, ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਕੋਚਿੰਗ ਦਿੱਤੀ ਜਾ ਰਹੀ ਹੈ। ਉਨਾਂ ਜ਼ਿਲੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਗਾਰ ਬਿਓਰੋ ਦੇ ਪੋਰਟਲ www.pgrkam.com ਤੇ ਜਾ ਕੇ ਆਪਣੀ ਰਜਿਸਟਰੇਸ਼ਨ ਕਰਵਾਉਣ ਅਤੇ ਬਿਓਰੋ ਵੱਲੋਂ ਦਿੱਤੀਆਂ ਜਾ ਰਹੀਆਂ ਸਹੁਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।