ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਹੈ ਕਿ ਕੋਰੋਨਵਾਇਰਸ ਮਹਾਂਮਾਰੀ ਦੇ ਨਤੀਜੇ ਵਜੋਂ 144 ਐੱਨ.ਐੱਚ.ਐੱਸ. ਵਰਕਰ ਅਤੇ 131 ਸੋਸ਼ਲ ਕੇਅਰ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਤੇ ਉਸਦੇ ਸਾਥੀ ਉਹਨਾਂ ਸਭ ਪਰਿਵਾਰਾਂ ਅਤੇ ਦੋਸਤਾਂ ਦੇ ਨਾਲ ਹਨ। ਅਸਲ ਅੰਕੜਾ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਕਿਉਕਿ ਇਸ ਵਿੱਚ ਆਪਣੀ ਜਾਨ ਗਵਾ ਚੁੱਕੇ ਹੋਰ ਫਰੰਟਲਾਈਨ ਕਰਮਚਾਰੀਆਂ ਨੂੰ ਨਹੀਂ ਰੱਖਿਆ ਗਿਆ। ਜੌਹਨਸਨ ਨੇ 47 ਸਾਲਾਂ ਰੇਲਵੇ ਟਿਕਟ ਦਫਤਰ ਦੀ ਕਰਮਚਾਰੀ ਬੈਲੀ ਮੁਜਿੰਗਾ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ, ਜਿਸ ਦੀ ਲੰਡਨ ਦੇ ਵਿਕਟੋਰੀਆ ਸਟੇਸ਼ਨ ‘ਤੇ ਡਿਊਟੀ ਦੌਰਾਨ ਇੱਕ ਯਾਤਰੀ ਦੁਆਰਾ ਥੁੱਕਣ ਤੋਂ ਬਾਅਦ ਕੋਰੋਨਵਾਇਰਸ ਨਾਲ ਮੌਤ ਹੋ ਗਈ। ਦਫਤਰ ਫਾਰ ਨੈਸ਼ਨਲ ਸਟੈਟਿਸਟਿਕਸ (ਓ.ਐੱਨ.ਐੱਸ.) ਦੇ ਅੰਕੜੇ ਦੱਸਦੇ ਹਨ ਕਿ ਅਸਲ ਗਿਣਤੀ 40,000 ਤੋਂ ਵੱਧ ਹੋ ਸਕਦੀ ਹੈ, ਜਿਸ ਨਾਲ ਯੂਕੇ ਯੂਰਪ ਦੇ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣ ਗਿਆ ਹੈ।