ਮੋਗਾ (ਮਿੰਟੂ ਖੁਰਮੀ)

ਪੰਜਾਬ ਇਸਤਰੀ ਸਭਾ ਦੀ ਸੂਬਾ ਮੀਤ ਸਕੱਤਰ ਨਰਿੰਦਰ ਕੌਰ ਸੋਹਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ “ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਵੱਲੋਂ ਅਚਾਨਕ ਕੀਤੇ ਲਾਕਡਾਊਨ ਕਾਰਨ ਸਭ ਤੋਂ ਵੱਧ ਔਕੜਾਂ ਦਾ ਸਾਹਮਣਾ ਮਜ਼ਦੂਰਾਂ ਨੂੰ ਕਰਨਾ ਪਿਆ ਹੈ। ਇਸ ਦੌਰਾਨ ਉਹਨਾਂ ਦਾ ਕੰਮ ਖੁੱਸਣ ਦੇ ਨਾਲ-ਨਾਲ ਸਿਰਾਂ ਤੋਂ ਛੱਤ ਵੀ ਖੁੱਸ ਗਈ ਸੀ। ਉਹ ਆਪਣੇ ਘਰ, ਪਰਿਵਾਰਾਂ ਕੋਲ ਜਾਣ ਲਈ ਮਜਬੂਰ ਹੋ ਗਏ ਪਰ ਆਵਾਜਾਈ ਦੇ ਸਾਰੇ ਸਾਧਨ ਬੰਦ ਹੋਣ ਕਾਰਨ ਉਹ ਪੈਦਲ ਹੀ ਨਿਕਲ ਤੁਰੇ। ਅਣਗਿਣਤ ਮਜ਼ਦੂਰ ਰਸਤੇ ਵਿੱਚ ਵੱਖ-ਵੱਖ ਹਾਦਸਿਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਪਏ। ਕੲੀ ਤਾਂ ਭੁੱਖ ਨਾਲ ਤੜਫਦੇ ਵੀ ਮਰ ਗਏ।” ਉਹਨਾਂ ਅੱਗੇ ਕਿਹਾ ਕਿ “ਸਭ ਤੋਂ ਤਰਸਯੋਗ ਹਾਲਤ ਗਰਭਵਤੀ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਬਣੀ ਹੋਈ ਹੈ। ਬਹੁਤ ਸ਼ਰਮਨਾਕ ਗੱਲ ਹੈ ਕਿ ਇੱਕ ਗਰਭਵਤੀ ਔਰਤ ਪੈਦਲ ਚੱਲਦਿਆਂ ਰਸਤੇ ਵਿੱਚ ਹੀ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਹੋ ਗੲੀ। ਕੋਈ ਹੋਰ ਪ੍ਰਬੰਧ ਨਾ ਹੋਣ ਕਾਰਨ ਉਹ ਬੱਚੇ ਦੇ ਪੈਦਾ ਹੋਣ ਤੋਂ ਦੋ ਘੰਟੇ ਬਾਅਦ ਹੀ ਨਵਜੰਮੇ ਬੱਚੇ ਨੂੰ ਗੋਦ ਵਿੱਚ ਲੈਕੇ ਫਿਰ 160 ਕਿਲੋਮੀਟਰ ਪੈਦਲ ਹੀ ਨਿਕਲ ਤੁਰੀ।” ਬੇਸ਼ੱਕ ਹੁਣ ਸਰਕਾਰਾਂ ਵੱਲੋਂ ਮਜ਼ਦੂਰਾਂ ਨੂੰ ਘਰਾਂ ਵਿੱਚ ਭੇਜਣ ਲਈ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਪਰ ਐਨ ਐਫ ਆਈ ਡਬਲਿਊ ਅਤੇ ਪੰਜਾਬ ਇਸਤਰੀ ਸਭਾ ਮੰਗ ਕਰਦੀ ਹੈ ਕਿ ਸਰਕਾਰ ਕੁੱਝ ਸਪੈਸ਼ਲ ਟ੍ਰੇਨਾਂ ਚਲਾਵੇ, ਜਿਸ ਵਿੱਚ ਗਰਭਵਤੀ ਔਰਤਾਂ, ਬਜ਼ੁਰਗਾਂ ਅਤੇ ਛੋਟੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਪਹਿਲ ਦਿੱਤੀ ਜਾਵੇ ਤਾਂ ਕਿ ਉਹ ਬਿਨਾਂ ਕਿਸੇ ਤਕਲੀਫ ਦੇ ਆਪਣੇ ਘਰ ਸੁਰੱਖਿਅਤ ਪਹੁੰਚ ਸਕਣ। ਇਸ ਸਮੇਂ ਮਹਿੰਦਰ ਕੌਰ,ਪ੍ਰਭਜੋਤ ਅਤੇ ਮੰਜੂ ਆਦਿ ਵੀ ਹਾਜਰ ਸਨ।