6.9 C
United Kingdom
Thursday, May 15, 2025

More

    ਆਸਟ੍ਰੇਲੀਆ ‘ਚ ਕੋਰੋਨਾ ਕਰਕੇ ਬੇਰੁਜ਼ਗਾਰੀ ਨੇ 594,300 ਲੋਕ ਕੀਤੇ ਨੌਕਰੀਆਂ ਤੋਂ ਵਿਹਲੇ

    ਬੇਰੁਜ਼ਗਾਰੀ ਦੀ ਦਰ ਵੱਧ ਕੇ 6.2 ਪ੍ਰਤੀਸ਼ਤ ਹੋਈ
    (ਹਰਜੀਤ ਲਸਾੜਾ, ਬ੍ਰਿਸਬੇਨ 14 ਮਈ)

    ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਨੂੰ ਸੀਮਤ ਕਰਨ ਅਤੇ ਤਾਲਾਬੰਦੀ ਦੀਆਂ ਪਾਬੰਦੀਆਂ ਬਾਬਤ ਹਜ਼ਾਰਾਂ ਕਾਰੋਬਾਰ ਮੰਦੀ ਦੀ ਭੇਂਟ ਚੜ੍ਹ ਚੁੱਕੇ ਹਨ। ਜਿਸਦੇ ਚੱਲਦਿਆਂ ਆਸਟਰੇਲੀਆ ‘ਚ ਬੇਰੁਜ਼ਗਾਰੀ ਦੀ ਦਰ ਨੇ ਰਿਕਾਰਡ ਤੇਜ਼ੀ ਨਾਲ ਮਹੀਨਾਵਾਰ ਵਾਧਾ ਦਰਜ ਕੀਤਾ ਹੈ। ਲੰਘੇ ਅਪ੍ਰੈਲ ਮਹੀਨੇ ਵਿੱਚ 594,300 ਲੋਕ ਆਪਣੀ ਨੌਕਰੀ ਤੋਂ ਵਿਹਲੇ ਹੋ ਚੁੱਕੇ ਸਨ। ਇਸ ਸਮੇਂ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ 1 ਪ੍ਰਤੀਸ਼ਤ ਅੰਕ ਵੱਧ ਕੇ 6.2 ਪ੍ਰਤੀਸ਼ਤ ਹੋ ਚੁੱਕੀ ਹੈ। ਆਸਟਰੇਲਿਆਈ ਅੰਕੜਾ ਵਿਭਾਗ (ਏਬੀਐੱਸ), ਕੈਨਬਰਾ ਨੇ ਕਿਹਾ ਕਿ 2.7 ਮਿਲੀਅਨ ਆਸਟਰੇਲਿਆਈ ਜਾਂ ਤਾਂ ਆਪਣੀ ਨੌਕਰੀ ਗੁਆ ਚੁੱਕੇ ਹਨ ਜਾ ਉਨ੍ਹਾਂ ਦੇ ਕੰਮ ਦੇ ਘੰਟੇ ਘੱਟ ਗਏ ਹਨ। ਏਬੀਐੱਸ ਦੇ ਕਿਰਤ ਅੰਕੜਿਆਂ ਦੇ ਮੁੱਖੀ ਬਜੋਰਨ ਜਾਰਵਿਸ ਨੇ ਕਿਹਾ, “ਰੁਜ਼ਗਾਰ ਵਿੱਚ ਆਈ ਵੱਡੀ ਗਿਰਾਵਟ ਇਸ ਕਰਕੇ ਵੀ ਹੈ ਕਿਉਂਕਿ ਲਗਭਗ 489,800 ਲੋਕਾਂ ਨੇ ਕਿਰਤ ਸ਼ਕਤੀ ਨੂੰ ਤਿਆਗ ਦਿੱਤਾ।”
    ਕੈਪੀਟਲ ਇਕਨਾਮਿਕਸ ਵਿਸ਼ਲੇਸ਼ਕ ਮਾਰਸੇਲ ਥਲਿਅੰਟ ਨੇ ਕਿਹਾ, “ਭਾਗੀਦਾਰੀ ਦੀ ਦਰ 66 ਪ੍ਰਤੀਸ਼ਤ ਤੋਂ ਘਟ ਕੇ 63.5 ਪ੍ਰਤੀਸ਼ਤ ਹੋ ਗਈ, ਜੋ ਕਿ ਇਹ ਪਿਛਲੇ 16 ਸਾਲਾਂ ਵਿੱਚ ਸਭ ਤੋਂ ਘੱਟ ਹੈ।” ਆਸਟ੍ਰੇਲੀਆ ਵਿੱਚ ਰੁਜ਼ਗਾਰ ਦੇਣ ਵਾਲੀ ਇਸ਼ਤਿਹਾਰਬਾਜ਼ੀ ਦੀ ਵੈੱਬਸਾਈਟ ਦਾ ਕਹਿਣਾ ਹੈ ਕਿ ਤਾਲਬੰਦੀ ਕਾਰਨ ਨੌਕਰੀ ਦੇ ਵਿਗਿਆਪਨਾਂ ‘ਚ ਅਪ੍ਰੈਲ ਮਹੀਨੇ ਵਿੱਚ ਲਗਭਗ ਦੋ-ਤਿਹਾਈ ਦੀ ਗਿਰਾਵਟ ਦਰਜ਼ ਕੀਤੀ ਗਈ ਹੈ। ਮਾਹਰਾਂ ਦਾ ਇਕ ਵੱਖਰਾ ਤਰਕ ਇਹ ਵੀ ਹੈ ਕਿ ਬਹੁਤਿਆਂ ਨੇ ਇਸ ਤ੍ਰਾਸਦੀ ‘ਚ ਕੰਮ ਦੀ ਭਾਲ ਨਾ ਕਰਕੇ ਸਰਕਾਰ ਦੇ ਜੌਬਕੀਪਰ ਅਤੇ ਜੌਬਸੀਕਰ ਪ੍ਰੋਗਰਾਮਾਂ ਅਧੀਨ ਅਦਾਇਗੀਆਂ ਦੀ ਚਾਹਤ ‘ਚ ਬੇਰੁਜ਼ਗਾਰੀ ਦੇ ਅੰਕੜਿਆਂ ‘ਚ ਰਿਕਾਰਡ ਵਾਧਾ ਕੀਤਾ ਹੈ। ਆਰਥਕ ਵਿਸ਼ਲੇਸ਼ਕਾਂ ਅਨੁਸਾਰ ਇਹੋ ਜਿਹਾ ਵਰਤਾਰਾ ਕਿਸੇ ਵੀ ਦੇਸ਼ ਦੀ ਭਵਿੱਖੀ ਅਰਥ ਵਿਵਸਥਾ ਲਈ ਘਾਤਕ ਸਾਬਤ ਹੁੰਦਾ ਹੈ। ਇਸ ਕੜੀ ਨੂੰ ਕੰਮ ਜਾਂ ਥੋੜ੍ਹੇ ਘੰਟਿਆਂ ਦੇ ਕੰਮ ਨਾਲ਼ ਹੀ ਤੋੜਿਆ ਜਾ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!