ਮਨਦੀਪ ਕੌਰ ਭੰਮਰਾ
ਜੀਵਨ ਘੋਲ਼ ਵਿੱਚ ਵਿਚਰਦਿਆਂ ਸਿਦਕਵਾਨਾਂ ਨੂੰ
ਤਾਂ ਆਪਣਾ ਸੱਚ ਕਹਿਣ ਦੇ ਸਿੱਟਿਆਂ ਦਾ ਪਤਾ ਹੁੰਦੈ
ਅਤੇ ਉਹ ਸੀਸ ਤਲ਼ੀ ‘ਤੇ ਧਰ ਕੇ ਹੀ ਵਿੱਚਰਦੇ ਹਨ
ਉਹ ਨਿੱਤ ਨਵੇਂ ਸੂਰਜਾਂ ਵਾਂਗ ਲਿਸ਼ਕਦੇ ਹਨ
ਸੱਚ ਬੋਲਣ ਦੀ ਜੁਰੱਅਤ ਕਰਦੇ ਹਨ
ਆਪਣੀ ਗੱਲ ਕਹਿਣ ਦੀ ਹਿੰਮਤ ਰੱਖਦੇ ਹਨ ਇਤਿਹਾਸ ਗਵਾਹ ਰਿਹਾ ਹੈ ਕਿ ਅਜਿਹੇ ਇਨਸਾਨ ਵਕਤ ਦੀ ਗਰਦਿਸ਼ ਦੇ ਸਿਤਾਰੇ ਬਣਦੇ ਹਨ
ਬੇਸ਼ੱਕ ਵਕਤ ਸਮੇਂ ਸਿਰ ਵਫ਼ਾ ਨਹੀਂ ਕਰਦਾ ਹੈ
ਵਕਤ ਅਕਸਰ ਸੱਚ ਨੂੰ ਸੂਲ਼ੀ ‘ਤੇ ਟੰਗਦਾ ਹੈ
ਪਰ ਵਕਤ ਫ਼ਿਰ ਵੀ ਇਜ਼ਹਾਰ ਮੰਗਦਾ ਹੈ
ਫਿਰ ਸੱਚ ਇਤਿਹਾਸ ਦੇ ਸਫ਼ਿਆਂ ‘ਚੋਂ ਲੰਘਦਾ ਹੈ
ਅਤੇ ਨਵਾਂ ਇਤਿਹਾਸ ਸਿਰਜਦਾ ਹੈ
ਅੰਦਰਲਾ ਚਾਨਣ ਜਦੋਂ ਪੈਰਾਂ ਦਾ ਰਾਹ ਰੁਸ਼ਨਾਉਂਦੈ
ਮਨੁੱਖ ਉਸ ਚਾਨਣ ਵਿੱਚ ਤੁਰਨਾ ਚਾਹੁੰਦੈ
ਰੌਸ਼ਨ ਜ਼ਮੀਰਾਂ ਚਾਨਣ ਵੰਡਣ ਤੁਰ ਪੈਂਦੀਆਂ ਹਨ
ਵਕਤ ਨੂੰ ਬਦਲ ਦੇਣ ਦੇ ਸੁਪਨੇ ਲੈਂਦੀਆਂ ਹਨ
ਹਾਕਮ ਧਿਰਾਂ ਨਾਲ਼ ਟੱਕਰ ਲੈਂਦੀਆਂ ਹਨ
ਲੋਕਾਈ ਦੀ ਪੀੜਾ ਹਰਦੀਆਂ ਹਨ
ਮਰਨ ਤੋਂ ਨਹੀਂ ਡਰਦੀਆਂ ਹਨ
ਦਿਮਾਗ਼ਾਂ ‘ਚ ਨਿੱਤ ਨਵੇਂ ਚਾਨਣ ਭਰਦੀਆਂ ਹਨ
ਰੂਹਾਂ ਨੂੰ ਸਰਸ਼ਾਰ ਕਰਦੀਆਂ ਹਨ
ਆਤਮਾਵਾਂ ਨੂੰ ਵਿਭੋਰ ਕਰਦੀਆਂ ਹਨ
ਆਪਣੇ ਬੋਲਾਂ ਵਿੱਚ ਮਿਠਾਸ ਭਰਦੀਆਂ ਹਨ
ਸੱਚ ਦਾ ਪੱਲਾ ਫੜ ਔਝੜੇ ਰਾਹੀਂ ਤੁਰਦੀਆਂ ਹਨ
ਪਿੱਛੇ ਮੁੜ ਕੇ ਨਹੀਂ ਦੇਖਦੀਆਂ
ਪਰ ਭਰੋਸੇ ਦੀ ਚਾਦਰ ਜਦੋਂ ਲੰਗਾਰ ਬਣਦੀ ਹੈ
ਵਿਸ਼ਵਾਸ ਜਦੋਂ ਲੀਰੋ ਲੀਰ ਹੋ ਜਾਂਦਾ ਹੈ
ਜਜ਼ਬੇ ਜਦੋਂ ਖੁੰਦਕਾਂ ਖਾਂਦੇ ਹਨ
ਵਿਚਾਰ ਭਿੜਦੇ ਹਨਅਹਿਸਾਸ ਜਦੋਂ ਮਰ ਜਾਂਦੇ ਹਨ
ਈਰਖਾ ਜਦੋਂ ਆਪਣੇ ਪੈਰ ਪਸਾਰ ਲੈਂਦੀ ਹੈ
ਮਨੁਖੱਤਾ ਜਦੋਂ ਤ੍ਰਾਹੁੰਦੀ ਹੈ
ਸੱਚ ਜਦੋਂ ਉਡਾਰੀਆਂ ਮਾਰਨੀਆਂ ਲੋਚਦੈ
ਝੂਠ ਫਿਰ ਬੜਾ ਤੜਪਦੈ
ਇੱਕ ਦਾ ਸੱਚ ਜਦੋਂ ਦੂਜੇ ਲਈ ਝੂਠ ਹੁੰਦੈ
ਆਪਸੀ ਗੱਲਬਾਤ ਜਦੋਂ ਸੰਭਵ ਨਹੀਂ ਹੁੰਦੀ
ਇਨਸਾਨੀ ਰਿਸ਼ਤੇ ਉਦੋਂ ਫ਼ਨਾਹ ਹੋ ਜਾਂਦੇ ਹਨ
ਅਤੇ ਕੋਈ ਉਸਾਰੂ ਸਿੱਟੇ ਨਹੀਂ ਨਿਕਲ਼ਦੇ
ਜੀਵਨ ਵਿੱਚ ਇਹ ਸਭ ਆਮ ਵਾਪਰਦਾ ਹੈ
ਧਿਰਾਂ ਬਣ ਕੇ ਕੀਤੇ ਜਾਂਦੇ ਫ਼ੈਸਲੇ ਉਸਾਰੂ ਨਹੀਂ ਹੁੰਦੇ
ਉਹਨਾਂ ਵਿੱਚ ਪੱਖਪਾਤ ਭਾਰੂ ਰਹਿੰਦਾ ਹੈ
ਵਿਚਾਰਾਂ ਦਾ ਆਦਾਨ ਪ੍ਰਦਾਨ ਨਹੀਂ ਹੁੰਦਾ
ਅਤੇ ਨਿਸ਼ਚੇ ਦਾਗ਼ਦਾਰ ਹੋ ਨਿੱਬੜਦੇ ਹਨ
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ
ਤਲ਼ੀ ‘ਤੇ ਧਰਿਆ ਸੱਚ ਭਾਵੇਂ ਕਿਸੇ ਦਾ ਵੀ ਹੋਵੇ
ਸੱਚ ਈਨ ਨਹੀਂ ਮੰਨਦਾ ਸੱਚ ਦੀ ਫ਼ਿਤਰਤ ਹੈ ਕਿ
ਸੱਚ ਕਦੀ ਕੂੜ੍ਹ ਦੀ ਭੁੱਬਲ਼ ਵਿੱਚ ਨਹੀਂ ਦੱਬਦਾ
ਹਿੱਕ ਠੋਕ ਕੇ ਸਾਹਮਣੇ ਖੜ੍ਹਦਾ ਹੈ
ਆਪਣੀ ਗੱਲ ‘ਤੇ ਅੜਦਾ ਜ਼ਿੰਦਗੀ ਭਰ ਭਿੜਦਾ ਹੈ
ਆਪਣੇ ਇਰਾਦੇ ‘ਤੇ ਦਿ੍ਰੜ ਰਹਿੰਦਾ ਹੈ
ਅਤੇ ਅਖ਼ੀਰ ਕਿਸੇ ਤਰ੍ਹਾਂ ਉਸਦਾ ਸੱਚ ਜਿੱਤਦਾ ਹੈ
ਇਹ ਸਭ ਜੀਵਨ ਘੋਲ਼ ਦਾ ਹਿੱਸਾ ਹੈ
ਸਵਾਲ ਤਾਂ ਇਹ ਹੈ ਕਿ ਸੱਚ ਦਾ ਨਿਖੇੜਾ ਕਿਵੇਂ ਹੁੰਦੈ
ਸੱਚ ਦੀ ਪਛਾਣ ਕਿਵੇਂ ਹੁੰਦੀ ਹੈ
ਬੜੀ ਔਖੀ ਘਾਟੀ ਹੈ ਇਹ ਉਂਜ
ਸਰ ਕਰਨੀ ਏਨੀ ਸੌਖੀ ਵੀ ਨਹੀਂ
ਪਰ ਔਖੀ ਵੀ ਨਹੀਂ ਹੈ ਦੋਸਤੋ
ਹਾਂ ਇਸ ਗੱਲ ਲਈ ਆਪੋ ਆਪਣੇ
ਅੰਤਹਕਰਨਾਂ ਵਿੱਚ ਝਾਤੀ ਮਾਰਨੀ ਪੈਂਦੀ ਹੈ
ਜ਼ਮੀਰਾਂ ਨੂੰ ਟਟੋਲਣਾ ਪੈਂਦਾ ਹੈ
ਨਿਰਪੱਖ ਹੋ ਕੇ ਸੋਚਣਾ ਪੈ ਸਕਦਾ ਹੈ
ਸਵਾਰਥ ਨੂੰ ਛੱਡਣਾ ਪੈ ਸਕਦਾ ਹੈ
ਇਤਿਹਾਸ ਨੂੰ ਘੋਖਣਾ ਪੈ ਸਕਦਾ ਹੈ
ਬੀਤੇ ਹੋਏ ਤੋਂ ਸਿੱਖਣਾ ਪੈ ਸਕਦਾ ਹੈ
ਅਤੇ ਕਿਤੇ ਕਿਤੇ ਨਿਵਣਾਂ ਵੀ ਪੈ ਸਕਦਾ ਹੈ
ਕਲਮ ਦਾ ਇਹ ਸਫ਼ਰ ਜੋ ਮੇਰੇ ਹਿੱਸੇ ਆਇਆ ਹੈ
ਇਸਦੀ ਡਗਰ ‘ਤੇ ਤੁਰਦਿਆਂ
ਆਪਣੇ ਫ਼ਰਜ਼ ਨੂੰ ਪਛਾਣਦਿਆਂ
ਵਕਤ ਦੀ ਨਬਜ਼ ਫੜਦਿਆਂ
ਰੱਬੀ ਰਹਿਮਤ ਨੂੰ ਮਾਣਦਿਆਂ
ਦੋ ਕਰ ਜੋੜ ਸ਼ੁਕਰਾਨਾ ਕਰਦਿਆਂ
ਅਨੁਭਵਾਂ ਵਿੱਚੋਂ ਗੁਜ਼ਰਦਿਆਂ
ਜ਼ਿੰਦਗੀ ਦੇ ਇਸ ਪੜਾਅ ਤੀਕ ਪਹੁੰਚਦਿਆਂ
ਇਸ ਸਿੱਟੇ ਉੱਪਰ ਪੁੱਜੀ ਹਾਂ ਕਿ ਮੇਰੀ
ਕਲਮ ਜੇ ਸੱਚ ਨਹੀਂ ਲਿਖ ਸਕਦੀ
ਤਾਂ ਚੁੱਪਚਾਪ ਸੌ ਰਹਿਆ ਕਰੇ
ਪਰ ਕਲਮ ਨੇ ਖ਼ੁਦ ਜਾਗਣਾ ਅਤੇ ਜਗਾਉਣਾ ਹੁੰਦੈ
ਕਲਮ ਨੇ ਤਾਂ ਬੱਸ ‘ਸੱਚ ਅਤੇ ਫ਼ਰਜ਼’ ਪਛਾਨਣਾ ਹੁੰਦੈ