13.5 C
United Kingdom
Sunday, May 11, 2025

More

    ਕਰੋਨਾ ਵਾਇਰਸ ਅਤੇ ਸਾਹਿਤ

    ਇੰਦਰਜੀਤ ਪਾਲ, ਚੰਡੀਗੜ੍ਹ।
    ਅਜੋਕੇ ਸਮੇਂ ਵਿੱਚ ਕਰੋਨਾ ਵਾਇਰਸ ਵੱਲੋਂ ਸਾਰੇ ਵਿਸ਼ਵ ਵਿੱਚ ਮਚਾਈ ਤਬਾਹੀ ਨੂੰ ਤਸੱਵਰ ਕਰਦਿਆਂ ਸਾਹਿਰ ਲੁਧਿਆਣਵੀ ਦੀਆਂ ਇਨ੍ਹਾਂ ਸਤਰਾਂ ਵੱਲ ਧਿਆਨ ਮੱਲੋ ਮੱਲੀ ਚਲਾ ਗਿਆ:
    “ਕੱਲ੍ਹ ਜਹਾਂ ਬਸੀ ਦੀ ਖੁਸ਼ੀਆਂ
       ਆਜ ਹੈ ਮਾਤਮ ਵਹਾਂ,
    ਵਕਤ ਲਾਇਆ ਥਾ ਬਹਾਰੇਂ
    ਵਕਤ ਲਾਇਆ ਹੈ ਖਿਜਾਂ।”
    ਅੱਜ ਉਹ ਵਕਤ ਹੈ ਜਦ ਇਸ ਮਹਾਂਮਾਰੀ ਨੇ ਬਿਨਾਂ ਕੋਈ ਐਟਮ ਬੰਬ ਜਾਂ ਗੋਲੀ ਬਾਰੂਦ ਵਰਤੇ ਤੀਸਰੇ ਮਹਾਂਯੁੱਧ ਵਰਗੇ ਹਾਲਾਤ ਬਣਾ ਦਿੱਤੇ ਹਨ। ਗੋਲੀ ਬਾਰੂਦ ਜਾਂ ਐਟਮ ਬੰਬ ਚਲਾਇਆ ਵੀ ਕਿਸ ਤੇ ਜਾਵੇ? ਦੁਸ਼ਮਣ ਤਾਂ ਅਦ੍ਰਿਸ਼ ਹੈ ਅਤੇ ਘਾਤਕ ਵੀ। ਕਿਸੇ ਵਕਤ ਆਪਣੇ ਆਪ ਨੂੰ ਵਿਸ਼ਵ ਦੀ ਮਹਾਂਸ਼ਕਤੀ ਕਹਾਉਣ ਵਾਲੇ ਦੇਸ਼ ਅੱਜ ਗੋਡਿਆਂ ਭਾਰ ਨਜ਼ਰ ਆ ਰਹੇ ਨੇ।
    ਅੱਜ ਚਾਰੇ ਪਾਸੇ ਡਰ ਤੇ ਸਹਿਮ ਦਾ ਵਾਤਾਵਰਣ ਉਸਰ ਰਿਹਾ ਹੈ ਜਿਸ ਵਿੱਚ ਮਨੁੱਖ ਨਾ ਚਾਹੁੰਦੇ ਹੋਏ ਵੀ ਦੂਸਰੇ ਮਨੁੱਖ ਤੋਂ ਅਣਕਿਆਸਿਆ ਖਤਰਾ ਅਨੁਭਵ ਕਰ ਰਿਹਾ ਹੈ। ਜਿੱਥੇ ਸਮੁੱਚਾ ਵਿਸ਼ਵ ਇਸ ਮਹਾਂਮਾਰੀ ਦੇ ਮਾਰੂ ਪ੍ਰਭਾਵਾਂ ਨਾਲ ਜੂਝ ਰਿਹਾ ਹੈ ਉੱਥੇ ਇਸ ਦੇ ਪ੍ਰਤੀ-ਪ੍ਰਭਾਵ ਸਾਰੇ ਸੰਸਾਰ ਦੀ ਆਰਥਿਕਤਾ ਦੀਆਂ ਜੜ੍ਹਾਂ ਨੂੰ ਖੋਖਲਾ ਬਣਾ ਰਹੇ ਹਨ ਤੇ ਪੂਰਾ ਵਿਸ਼ਵ ਇੱਕ ਵਾਰ ਫੇਰ ੧੯੩੦ ਵਰਗੀ ਮਹਾਂਮੰਦੀ ਦੇ ਟਰੈਪ ਵਿੱਚ ਫਸਦਾ ਨਜ਼ਰ ਆ ਰਿਹਾ ਹੈ। ਵਿਸ਼ਵ ਦੀਆਂ ਪ੍ਰਵਾਨਿਤ ਰਾਸ਼ਟਰੀ ਤੇ ਅੰਤਰਰਾਸ਼ਟਰੀ ਸੰਸਥਾਂਵਾਂ ਜਿਵੇਂ ਸੰਯੁਕਤ ਰਾਸ਼ਟਰੀ ਸੰਗਠਨ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਇਸ ਬਾਰੇ ਆਪਣੇ ਅੰਦਾਜ਼ੇ ਦੱਸਦੇ ਹੋਏ ਆਖਦੇ ਹਨ ਕਿ ਲਗਭਗ ਪੰਜਾਹ ਫੀਸਦੀ ਲੋਕ ਬੇਰੋਜ਼ਗਾਰ ਹੋ ਸਕਦੇ ਹਨ। ਗਰੀਬਾਂ ਦੀ ਸੰਖਿਆ ਵਿੱਚ ਚੋਖਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਲਾੱਕਡਾਊਨ ਫਾਰਮੂਲੇ ਨਾਲ ਵਸਤਾਂ ਤੇ ਸੇਵਾਵਾਂ ਦੀ ਮੰਗ ਦੇ ਬਨਿਸਬਤ ਉਨ੍ਹਾਂ ਦੀ ਪੂਰਤੀ ਦੇ ਘਟਣ ਨਾਲ ਉਨ੍ਹਾਂ ਦੀਆਂ  ਕੀਮਤਾਂ ਦੇ ਵਾਧੇ ਦੀ ਪ੍ਰਵਿਰਤੀ ਦੇਖਣ ਨੂੰ ਮਿਲ ਸਕਦੀ ਹੈ। ਅਰਥ ਸ਼ਾਸਤਰੀ ਤਾਂ ਕੁਝ ਦੇਸ਼ਾਂ ਦੇ ਸਕਲ ਘਰੇਲੂ ਉਤਪਾਦ ਦੇ ਵਾਧੇ ਦੀ ਦਰ ਮਨਫ਼ੀ ਵੀ ਦੱਸ ਰਹੇ ਹਨ।


    ਪੂਰਾ ਵਿਸ਼ਵ ਇੱਕ ਸਦਮੇ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਸਦਮੇ ਦੇ ਸਾਲਾਂ ਸਬੰਧੀ ਨੈਓਮੀ ਕਲੇਨ ਦੀ ਪੁਸਤਕ ਦੀ ‘ਸ਼ਾੱਕ ਡਾਕਟਰਾਈਨ: ਦ ਰਾਈਜ਼ ਆਫ ਡਿਜਾਸਟਰ ਕੈਪੀਟਲਿਜ਼ਮ’ (੨੦੦੭) ਅਨੁਸਾਰ ਸਦਮੇ ਦੇ ਅਜਿਹੇ ਦੌਰ ਵਿੱਚ ਧਨਾਢ ਮੁਲਕ ਛੋਟੇ ਮੁਲਕਾਂ ਨੂੰ ਅਤੇ ਰਾਜਨੀਤਿਕ ਤੇ ਪ੍ਰਸ਼ਾਸਨਿਕ ਅਧਿਕਾਰੀ ਤੇ ਬਹੁਰਾਸ਼ਟਰੀ ਕੰਪਨੀਆਂ ਆਪਣੇ ਮੁਨਾਫੇ ਲਈ ਸਾਧਾਰਨ ਲੋਕਾਂ ਨੂੰ ਲਤਾੜਦੀਆਂ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਸਦਮੇ ਦੀ ਦੋਹਰੀ ਮਾਰ ਸਹਿਣੀ ਪੈਂਦੀ ਹੈ ਵਿਕਾਸਸ਼ੀਲ ਦੇਸ਼ਾਂ ਵਿੱਚ ਤਾਂ ਇਹ ਸੰਕਟ ਹੋਰ ਵੀ ਗਹਿਰਾ ਹੋ ਨਿਬੜਦਾ ਹੈ।
    ਕਿਸੇ ਸਮਾਜ ਦੀਆਂ ਆਰਥਿਕ ਹਾਲਤਾਂ ਵਿੱਚ ਆਏ ਪਰਿਵਰਤਨ ਉਸ ਦੀਆਂ ਸਮਾਜਿਕ ਪ੍ਰਸਥਿਤੀਆਂ ਉਪਰ ਆਪਣੀ ਗਹਿਰੀ ਛਾਪ ਛੱਡਦੇ ਹਨ। ਲੋਕਾਂ ਦਾ ਸਮਾਜਿਕ ਆਚਾਰ ਵਿਹਾਰ ਬਦਲ ਜਾਂਦਾ ਹੈ।ਅਜੋਕੇ ਸਮੇਂ ਵਿੱਚ ਅਪਣਾਈ ਜਾ ਰਹੀ ਸਮਾਜਿਕ ਦੂਰੀ ਅਤੇ ਆਪਸੀ ਮੇਲ ਮਿਲਾਪ ਤੋਂ ਸੰਕੋਚ ਦੇ ਨਿਯਮ ਲੋਕਾਂ ਦੀ ਦਿਨ ਚਰਿਆ ਦਾ ਹਿੱਸਾ ਬਣ ਰਹੇ ਹਨ। ਲੋਕ ਵਧੇਰੇ ਅੰਤਰਮੁਖੀ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ ਇਕਲਾਪੇ ਦੇ ਦੁਸ਼ਪ੍ਰਭਾਵਾਂ ਦਾ ਮਨੁੱਖ ਨੂੰ ਚਿੰਬੜਨਾ ਲਗਪਗ ਤੈਅ ਹੈ।ਇਹ ਭੈਅ ਤੇ ਸਹਿਮ ਵਾਲੇ ਮਾਹੌਲ ਵਿੱਚ ਆਪਸੀ ਰਿਸ਼ਤਿਆਂ ਦਾ ਵੀ ਘਾਣ ਹੋ ਰਿਹਾ ਹੈ ਭਾਰਤੀ ਸੰਸਕ੍ਰਿਤੀ ਦੀ ਸਭ ਤੋਂ ਮਹੱਤਵਪੂਰਨ ਰਸਮ ਅੰਤਿਮ ਸਮੇਂ ਆਪਣੇ ਪਿਆਰਿਆਂ ਨੂੰ ਮੁੱਖ ਅਗਨੀ ਦੇਣ ਤੋਂ ਵੀ ਕਿਨਾਰਾ ਕਰਨ ਦੇ ਸਮਾਚਾਰ ਮਿਲ ਰਹੇ ਹਨ।ਕਈ ਦੇਸ਼ਾਂ ਵਿੱਚ ਤਾਂ ਡਾਕਟਰ ਇਲਾਜ ਲਈ ਆਏ ਮਰੀਜ਼ਾਂ ਵਿੱਚੋਂ ਵੀ ਚੋਣ ਕਰਦੇ ਹਨ ਕਿ ਕਿਸ ਦੀ ਜਾਨ ਬਚਾਈ ਜਾਵੇ ਅਤੇ ਕਿਸ ਨੂੰ ਮਰਨ ਲਈ ਛੱਡ ਦਿੱਤਾ ਜਾਵੇ। ਹਾਲਾਂਕਿ ਜਾਨ ਤਾਂ ਹਰੇਕ ਹੀ ਕੀਮਤੀ ਹੈ ਪਰ ਫਿਰ ਵੀ ਇਹ ਵਰਤਾਰਾ ਵਾਪਰ ਰਿਹਾ ਹੈ।
    ਇਸ ਮਹਾਂਮਾਰੀ ਕਾਰਨ ਹੋਏ ਲਾੱਕਡਾਊਨ ਕਾਰਨ ਅਪਣਾਈ ਜਾ ਰਹੀ ਸਮਾਜਿਕ ਦੂਰੀ ਦੇ ਚੱਲਦਿਆਂ ਆੱਨਲਾਈਨ ਵਿਆਹ, ਰਿਸ਼ਤੇਦਾਰਾਂ ਦਾ ਵਿਆਹ ਵਿੱਚ ਆੱਨਲਾਈਨ ਸ਼ਾਮਿਲ ਹੋਣਾ, ਸਮਾਜਿਕ ਤੇ ਪਰਿਵਾਰਿਕ ਸਮਾਗਮਾਂ ਵਿੱਚ ਲੋਕਾਂ ਦੀ ਗਿਣਤੀ ਦਾ ਸੀਮਿਤ ਹੋਣਾ, ਵਿਦਿਅਕ ਅਦਾਰਿਆਂ ਦਾ ਆਨਲਾਈਨ ਪੜ੍ਹਾਈ ਕਰਾਉਣਾ, ਬੁੱਧੀਜੀਵੀਆਂ ਦੀਆਂ ਗੋਸ਼ਟੀਆਂ ਤੇ ਸੈਮੀਨਾਰਾਂ ਦਾ ‘ਵੈਬੀਨਾਰ’ ਵਿੱਚ ਬਦਲ ਜਾਣ ਦਾ ਵਰਤਾਰਾ ਵੀ ਚਲਨ ਵਿੱਚ ਆ ਰਿਹਾ ਹੈ।ਭਾਵੇਂ ਇਹ ਸਭ ਕੁਝ ਮਜਬੂਰੀ ਵੱਸ ਹੀ ਸਹੀ ਪਰ ਇਸਨੂੰ ਇੱਕ ਬਦਲ ਦੇ ਰੂਪ ਵਿੱਚ ਅਪਣਾਇਆ ਜਾ ਰਿਹਾ ਹੈ।
    ਜਦੋਂ ਵੀ ਕੋਈ ਵਿਸ਼ਵ ਵਿਆਪੀ ਸੰਕਟ ਆਉਂਦਾ ਹੈ ਤਾਂ ਉਸ ਦਾ ਪ੍ਰਭਾਵ ਬਹੁਪੱਖੀ ਹੁੰਦਾ ਹੈ।ਭਾਵੇਂ ਕਰੋਨਾ ਵਾਇਰਸ ਨੇ ਹਮਲਾ ਸਿੱਧੇ ਰੂਪ ਵਿੱਚ ਮਨੁੱਖ ਦੀ ਸਿਹਤ ਤੇ ਕੀਤਾ ਹੈ ਪਰ ਅਸਿੱਧੇ ਰੂਪ ਵਿੱਚ ਮਨੁੱਖ ਦੀਆਂ ਆਰਥਿਕ, ਸਮਾਜਿਕ ਤੇ ਮੁਲਕਾਂ ਦੀਆਂ ਰਾਜਨੀਤਕ ਪ੍ਰਸਥਿਤੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ।ਜੇਕਰ ਇਸ ਦਾ ਪ੍ਰਭਾਵ ਸਮਾਜ ਤੇ ਪੈਂਦਾ ਹੈ ਤਾਂ ਸਾਹਿਤ ਉੱਤੇ ਵੀ ਇਸ ਦਾ ਪ੍ਰਭਾਵ ਪੈਣਾ ਲਾਜ਼ਮੀ ਹੈ।ਕਿਉਂਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅਤੇ ਮੋੜਵੇਂ ਰੂਪ ਵਿੱਚ ਸਮਾਜ ਨੂੰ ਉਹੀ ਪਰੋਸਦਾ ਹੈ ਜੋ ਸਮਾਜ ਉਸ ਨੂੰ ਕੱਚੇ ਮਸਾਲੇ ਦੇ ਰੂਪ ਵਿਚ ਪ੍ਰਦਾਨ ਕਰਦਾ ਹੈ।ਇਸ ਸਮੇਂ ਦੌਰਾਨ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜੋ ਸ਼ਾਇਦ ਸਾਧਾਰਨ ਪ੍ਰਸਥਿਤੀਆਂ ਵਿੱਚ ਨਾ ਵਾਪਰਦੀਆਂ।ਬਹੁਤ ਕੁਝ ਹੈ ਜੋ ਨਾਟਕੀ ਰੂਪ ਵਿੱਚ ਘਟਿਤ ਹੋਇਆ ਹੈ।
    ਕਿਉਂਕਿ ਸਾਹਿਤਕਾਰ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਡੂੰਘੀ ਨੀਝ ਨਾਲ ਵੇਖਦਾ ਅਤੇ ਚਿਤਵਦਾ ਹੈ।ਇਸ ਲਈ ਇੱਕ ਸਾਹਿਤਕਾਰ ਨੂੰ ਅਜਿਹੀਆਂ ਨਿਵੇਕਲੀਆਂ ਘਟਨਾਵਾਂ ਸਾਹਿਤ ਲਿਖਣ ਲਈ ਪ੍ਰੇਰਿਤ ਕਰਦੀਆਂ ਹਨ। ਬਹੁਤ ਸਾਰੀਆਂ ਕਵਿਤਾਵਾਂ, ਗੀਤ, ਲੇਖ ਤੇ ਮਿੰਨੀ ਕਹਾਣੀਆਂ ਇਸ ਕਾਲ ਦੌਰਾਨ ਸਾਹਿਤਕਾਰਾਂ ਵੱਲੋਂ ਅਖ਼ਬਾਰਾਂ, ਰਸਾਲਿਆਂ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲ ਰਹੀਆਂ ਹਨ।ਸਾਹਿਤ ਦੀਆਂ ਦੂਸਰੀਆਂ ਵੰਨਗੀਆਂ ਜਿਵੇਂ ਕਹਾਣੀ, ਨਾਟਕ, ਨਾਵਲ ਲਈ ਇਸ ਕਾਲ ਵਿੱਚ ਅਸੀਮ ਸੰਭਾਵਨਾਵਾਂ ਹਨ।ਲੋਕਾਂ ਦਾ ਕਈ ਸੌ ਮੀਲ ਪੈਦਲ ਤੁਰ ਕੇ ਤਰ੍ਹਾਂ-ਤਰ੍ਹਾਂ ਦੀਆਂ ਔਕੜਾਂ ਵਿੱਚੋਂ ਲੰਘ ਕੇ ਆਪਣੇ ਘਰਾਂ ਤੱਕ ਪੁੱਜਣਾ, ਰੇਲ ਗੱਡੀ ਦੀ ਟਿਕਟ ਦਾ ਇੰਤਜ਼ਾਰ, ਵਿਦੇਸ਼ਾਂ ਵਿੱਚ ਫਸੇ ਲੋਕਾਂ ਦੀ ਆਪਣੇ ਦੇਸ਼ ਪਰਤਣ ਦੀ ਤਾਂਘ, ਜੀਵਨ ਰੱਖਿਆ ਲਈ ਭੋਜਨ ਜਟਾਉਣ ਤੋਂ ਲੈ ਕੇ ਦੂਸਰੇ ਅਸਮਾਜਿਕ ਅਨਸਰਾਂ ਤੋਂ ਆਪਣੀ ਤੇ ਆਪਣੇ ਪਰਿਵਾਰ ਦੀ ਰੱਖਿਆ ਕਰਨਾ।ਅਜਿਹਾ ਬਹੁਤ ਕੁਝ ਹੈ ਜੋ ਕਿ ਇਹ ਕਾਲ ਸਾਹਿਤ ਲਈ ਢੇਰ ਸਾਰੀਆਂ ਕਹਾਣੀਆਂ ਦੇ ਰੂਪ ਵਿੱਚ ਆਪਣੀ ਬੁੱਕਲ ਵਿੱਚ ਸੰਜੋਈ ਬੈਠਾ ਹੈ।
    ਕਿਉਂਕਿ ਸਾਹਿਤ ਤਾਂ ਹਮੇਸ਼ਾਂ ਸਮਕਾਲ ਨਾਲ ਨੱਥੀ ਹੋ ਕੇ ਤੁਰਦਾ ਹੈ।ਇਹ ਸਮਕਾਲ ਦੌਰਾਨ ਆਈਆਂ ਤਬਦੀਲੀਆਂ ਨਾਲ ਸੰਵਾਦ ਰਚਾਉਂਦੇ ਹੋਏ ਸਮਕਾਲੀ ਸਮੱਸਿਆਵਾਂ ਨੂੰ ਆਪਣਾ ਵਿਸ਼ਾ ਬਣਾਉਂਦਾ ਹੈ। ਜਿਵੇਂ ਵੀਹਵੀਂ ਸਦੀ ਦੇ ਆਖਰੀ ਦਹਾਕੇ ਦੌਰਾਨ ਆਏ ਖਾੜੀ ਸੰਕਟ ਤੋਂ ਬਾਅਦ ਭਾਰਤ ਦੀ ਨਵੀਂ ਆਰਥਿਕ ਨੀਤੀ ਨੇ ਬਹੁਤ ਸਾਰੀਆਂ ਸਮਾਜਿਕ ਤਬਦੀਲੀਆਂ ਅਤੇ ਸਮਕਾਲੀ ਸਾਹਿਤ ਨੂੰ ਜਨਮ ਦਿੱਤਾ ਤੇ ੧੯੯੦ ਬਾਅਦ ਤੋਂ ਹੁਣ ਤੱਕ ਦੇ ਰਚੇ ਸਾਹਿਤ ਨੂੰ ਸਮਕਾਲੀ ਸਾਹਿਤ ਦਾ ਨਾਂ ਦਿੱਤਾ ਜਾਂਦਾ ਹੈ, ਠੀਕ ਉਸੇ ਤਰ੍ਹਾਂ ਸੰਭਵ ਹੈ ਕਿ ਇਸ ਕਰੋਨਾ ਕਾਲ ਵਿੱਚ ਰਚੇ ਗਏ ਸਾਹਿਤ ਨੂੰ ਇੱਕ ਸਮਾਂ ਬਿੰਦੂ ਮੰਨ ਕੇ ਇਸ ਤੋਂ ਬਾਅਦ ਵਿੱਚ ਰਚੇ ਗਏ ਸਾਹਿਤ ਨੂੰ ‘ਕਰੋਨਾ ਕਾਲ ਸਾਹਿਤ’ ਦੇ ਨਾਮ ਨਾਲ ਜਾਣਿਆ ਜਾਵੇ ਤੇ ਇਸ ਨੂੰ ਸਮਕਾਲੀ ਸਾਹਿਤ ਸਵੀਕਾਰ ਲਿਆ ਜਾਵੇ। ਇਸ ਤੋਂ ਪਹਿਲਾਂ ਰਚੇ ਗਏ ਸਾਹਿਤ ਨੂੰ ਕਰੋਨਾ ਕਾਲ ਤੋਂ ਪਹਿਲਾ (ਪ੍ਰੀ-ਕਰੋਨਾ ਕਾਲ) ਸਾਹਿਤ ਖਿਆਲ ਕੀਤਾ ਜਾਵੇ।
    ਸੋ ਇਸ ਸਮੇਂ ਦੌਰਾਨ ਵਾਪਰਨ ਵਾਲੀਆਂ ਘਟਨਾਂਵਾਂ ਤੇ ਤਬਦੀਲੀਆਂ ਸਦਕਾ ਬਹੁਤ ਕੁਝ ਹੈ ਜੋ ਸਾਹਿਤ ਦੇ ਰੂਪ ਵਿੱਚ ਸੰਜੋਇਆ ਜਾ ਰਿਹਾ ਹੈ, ਰਸ ਰਿਹਾ ਹੈ,ਪੱਕ ਰਿਹਾ ਹੈ। ਜਿੱਥੇ ਕੁਝ ਫਿਲਮ ਨਿਰਮਾਤਾਵਾਂ ਨੇ ਇਸ ਵਿਸ਼ੇ ‘ਤੇ ਫਿਲਮ ਨਿਰਮਾਣ ਦੇ ਸੰਕੇਤ ਦਿੱਤੇ ਹਨ, ਉੱਥੇ ਆਉਣ ਵਾਲੇ ਸਮੇਂ ਵਿੱਚ ਇਸ ਕਾਲ ਨਾਲ ਸਬੰਧਤ ਨਾਵਲ, ਕਹਾਣੀਆਂ, ਨਾਟਕ ਆਦਿ ਵੀ ਵੇਖਣ ਨੂੰ ਮਿਲਣਗੇ ਜਿਨ੍ਹਾਂ ਤੋਂ ਅਸੀਂ ਆਪਣੇ ਸਾਹਿਤ ਵਿੱਚ ਗਿਣਾਤਮਕ ਤੇ ਗੁਣਾਤਮਿਕ ਪੱਖੋਂ ਚੋਖਾ ਯੋਗਦਾਨ ਪਾਉਣ ਦੀ ਆਸ ਰੱਖਦੇ ਹਾਂ।

    ?9855426160

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!