ਹਰਪ੍ਰੀਤ ਸਿੰਘ ਲਲਤੋਂ
ਮੇਰੀ ਪੰਜਾਬੀ ਬੋਲੀ ਪਿਆਰੀ,
ਸੋਚਾਂ ਦੇ ਵਿੱਚ ਪਈ ਵਿਚਾਰੀ,
ਅੱਖਾਂ ਤੇ ਮੈਨੂੰ ਬਿਠਾਵਣ ਵਾਲੇ,
ਕਿੱਥੇ ਗਏ ਅੱਜ ਮਾਰ ਉਡਾਰੀ।
ਕਦੀ ਮੇਰੀ ਖੂਬ ਸਰਦਾਰੀ ਸੀ,
ਸਿਰ ਸੌਹਰਤ ਦੀ ਫੁਲਕਾਰੀ ਸੀ,
ਮੈਂ ਤੇ ਜਿੱਤਣਾ ਹੀ ਜਾਣਦੀ ਸੀ
ਮੈਂ ਤੇ ਕਦੇ ਨਾ ਹਾਰੀ ਸੀ।
ਮੇਰੇ ਆਪਣਿਆਂ ਮੈਨੂੰ ਮਾਰ ਦਿੱਤਾ,
ਮਨਾਂ ਦੇ ਵਿਚੋਂ ਵਿਸਾਰ ਦਿੱਤਾ,
ਹਿੰਦੀ ਅੰਗਰੇਜ਼ੀ ਭਾਸ਼ਾ ਨੇ ,
ਪੰਜਾਬ ਵਿੱਚੋਂ ਕਰ ਬਾਹਰ ਦਿੱਤਾ।
ਇਤਿਹਾਸ ਮੇਰਾ ਉੱਚਕੋਟੀ ਦਾ,
ਸਿਖਰ ਜਿਵੇਂ ਕਿਸੇ ਚੋਟੀ ਦਾ,
ਭੈੜੀ ਕੀਹਦੀ ਨਜ਼ਰ ਲੱਗੀ,
ਅੱਜ ਰੋਣਾ ਕਿਸਮਤ ਖੋਟੀ ਦਾ।
ਦਿੱਨ ਮੇਰੇ ਹੁਣ ਘੱਟਣ ਲੱਗੇ,
ਧੀ ਪੁੱਤਰ ਪਾਸਾ ਵੱਟਣ ਲੱਗੇ,
ਸ਼ਾਖ਼ ਹਰੀ ਬ੍ਰਿਖ ਦੀ ਕੀ ਰਹਿਣੀ,
ਪਾਣੀ ਦੇਣ ਵਾਲੇ ਜੜ੍ਹਾਂ ਪੱਟਣ ਲੱਗੇ।
ਉੱਠੋ ਬਚਾ ਲਉ ਮਾਂ ਆਪਣੀ,
ਲਲਤੋਂ ਸਹੀ ਪਛਾਣੋਂ ਥਾਂ ਆਪਣੀ,
ਜਾਂ ਤੁਸੀਂ ਮੈਨੂੰ ਮੇਰੇ ਜਾਏਉ ਵੇ,
ਹੁਣ ਕਹਿਣਾ ਛੱਡ ਦੋ ਮਾਂ ਆਪਣੀ।