ਬਿੱਟੂ ਖੰਗੂੜਾ, ਲੰਡਨ।
ਮਨੁੱਖੀ ਸੁਭਾਅ ਦਾ ਖਾਸਾ ਜਦੋਂ ਵੀ ਕੁਝ ਗਲਤ ਵਾਪਰਦਾ ਤਾਂ ਅਸੀਂ ਡੂੰਘਾਈ ਨਾਲ ਜਾਂਚ ਕਰਕੇ ਅਸਲ ਕਾਰਨ ਲੱਭਣ ਦੀ ਬਜਾਏ ਫਟਾਫਟ ਦੋਸ਼ ਲਾਉਣ ਲਈ ਕੁਝ ਕੁਰਬਾਨੀ ਵਾਲੇ ਬੱਕਰੇ ਲੱਭਦੇ ਹਾਂ ਤੇ ਆਪਣੇ ਆਪਨੂੰ ਸੁਰਖੁਰੂ ਹੋਣ ਦਾ ਭਰਮ ਪਾਲ ਲੈਂਦੇ ਆ। ਅੱਜ ਸਾਡੇ ਭੂਗੋਲਿਕ ਪੰਜਾਬ ਵਿੱਚ ਬਹੁਤ ਕੁਝ ਅਣਸੁਖਾਵਾ ਵਾਪਰ ਰਿਹਾ, ਗੈਂਗਸਟਰ, ਨਸ਼ਾ, ਹਥਿਆਰ, ਫੁਕਰਪੁਣਾ, ਵਿਰਸੇ ਅਤੇ ਬੋਲੀ ਪ੍ਰਤੀ ਅਵੇਸਲਾਪਣ, ਤੇ ਇਸ ਸਭ ਕਾਸੇ ਦਾ ਭਾਂਡਾ ਗੀਤਾਂ ਅਤੇ ਗਾਇਕਾ ਦੇ ਸਿਰ ਭੰਨਿਆ ਜਾ ਰਿਹਾ। ਹਰ ਪੰਜਾਬੀ ਦੁਹਾਈ ਪਾ ਰਿਹਾ ਕਿ ਅੱਜਕੱਲ ਦੇ ਪੰਜਾਬੀ ਗਾਣੇ ਸਾਡੇ ਰੰਗਲੇ ਪੰਜਾਬ ਨੂੰ ਗੰਦਲਾ ਕਰੀ ਜਾ ਰਹੇ ਹਨ। ਇਸਦੇ ਵਿੱਚ ਕਿੰਨਾ ਕੁ ਸੱਚ ਹੈ, ਬੜੀ ਚਰਚਾ ਹੁੰਦੀ ਆ ਕਿ ਅਜੋਕੇ ਗਾਣੇ ਸੱਭਿਆਚਾਰਕ ਨਹੀਂ, ਕਈ ਵਾਰ ਗਾਇਕਾਂ ਦਾ ਘਿਰਾਉ ਕੀਤਾ ਜਾਂਦਾ, ਮੁਜਾਹਰੇ ਕੀਤੇ ਜਾਂਦੇ ਆ, ਪੁਲਸ ਵੱਲੋ ਨਿਰਦੇਸ਼ ਦਿੱਤੇ ਜਾਂਦੇ ਆ, ਲੇਖ ਲਿਖੇ ਜਾਂਦੇ ਆ, ਟੀ ਵੀ ਰੇਡੀਉ ਤੇ ਬਹਿਸਾਂ ਹੁੰਦੀਆ, ਆਖਿਰ ਸੱਭਿਆਚਾਰ ਹੁੰਦਾ ਕੀ ਆ, ਸੱਭਿਆਚਾਰ ਦਾ ਤਾਣਾ ਬਾਣਾ ਬਣਦਾ ਕਿਮੇ ਆ। ਸੱਭਿਆਚਾਰ ਅਸਲ ਵਿੱਚ ਇੱਕ ਵਿਸ਼ੇਸ਼ ਖਿੱਤੇ ਦੇ ਲੋਕ ਸਮੂੰਹ ਵੱਲੋ ਸਿਰਜੀ ਜੀਵਨ ਜਾਚ ਨੂੰ ਕਹਿੰਦੇ ਹਨ। ਕਿਸੇ ਭੂਗੋਲਿਕ ਖਿੱਤੇ ਦੇ ਸਾਂਝੇ ਰੂਪ ਵਿੱਚ ਪੀੜੀ ਦਰ ਪੀੜੀ ਉਸਰੇ ਤੇ ਵਿਗਸੇ, ਬੋਲਣ, ਨੱਚਣ ਗਾਉਣ, ਖਾਣ-ਪੀਣ , ਸਾਹਿਤ, ਕਲਾ, ਰਸਮ ਰਿਵਾਜ , ਸੋਚਣ, ਸਮਝਣ, ਤੇ ਵਿਚਾਰਨ ਦੇ ਗੁਣਾ ਦੇ ਸਮੁੱਚ ਦਾ ਨਾਮ ਹੈ। ਏ ਡਬਲਿਊ ਗਰੀਨ ਅਨੁਸਾਰ ਸੱੀਭਆਚਾਰ ਗਿਆਨ, ਵਿਵਹਾਰ, ਵਿਸ਼ਵਾਸ ਦੀਆਂ ਉਨਾਂ ਆਦਰਸ਼ ਪਧਤੀਆ ਦੀ ਅਤੇ ਗਿਆਨ ਅਤੇ ਵਿਵਹਾਰ ਦੁਆਰਾ ਪੈਦਾ ਕੀਤੇ ਵਸੀਲਿਆ ਦੀ ਵਿਵਸਥਾ ਨੂੰ ਕਹਿੰਦੇ ਹਨ ਜੋ ਸਮਾਜਿਕ ਤੌਰ ਤੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਸੌਂਪੀ ਜਾਦੀ ਹੈ
ਸੱਭਿਆਚਾਰ ਇੱਕ ਵਗਦੇ ਦਰਿਆ ਦੀ ਮੂਲ ਹੁੰਦਾ, ਜੋ ਲਗਾਤਾਰ ਵਹਿੰਦਾ ਵੀ ਰਹਿੰਦਾ ਤੇ ਮੌਸਮ ਦੇ ਥਪੇੜਿਆ ਦਾ ਭੰਨਿਆ, ਰੁੱਤ ਰੁੱਤ ਦੇ ਪਾਣੀਆਂ ਦਾ ਸਿੰਜਿਆ, ਸਮੇਂ ਦੀ ਲੋੜ ਅਨੁਸਾਰ ਬਦਲਦਾ ਵੀ ਰਹਿੰਦਾ, ਕਈ ਵਾਰ ਕੰਢੇ ਹੌਲੀ ਹੌਲੀ ਖੁਰਦੇ ਰਹਿੰਦੇ ਆ, ਤੇ ਕਈ ਵਾਰ ਅਜਿਹਾ ਹੜ ਆਉਂਦਾ ਕਿ ਵਹਿਣ ਇੱਕੋਲੱਖਤ ਬਦਲ ਜਾਂਦੇ ਨੇ। ਪਾਣੀ ਵਹਿੰਦੇ ਹੀ ਨਿਰਮਲ ਰਹਿੰਦੇ ਨੇ, ਛੱਪੜਾ ਦਾ ਖੜੋਤਾ ਪਾਣੀ ਤਾਂ ਸੜਿਹਾਂਦ ਮਾਰਨ ਲੱਗ ਪੈਂਦਾ, ਜੋ ਕੱਲ ਹੈ, ਉਹ ਅੱਜ ਨਹੀ ਹੈ, ਤੇ ਜੋ ਅੱਜ ਹੈ ਉਹ ਭਲਕ ਨਹੀਂ ਹੋਵੇਗਾ, ਚਮੜੇ ਦੇ ਬੋਕੇ ਵਾਲਾ ਖੂਹ, ਟਿੰਡਾ ਵਾਲਾ ਖੂਹ, ਪੀਟਰ ਇੰਜਣ ਵਾਲਾ ਟਿਊਬਵੈੱਲ, ਬਿਜਲੀ ਵਾਲੀ ਮੋਟਰ, ਸਬਮਰਸੀਬਲ ਮੱਛੀ ਮੋਟਰਾਂ, ਪਲ ਪਲ ਬਦਲ ਰਿਹਾ ਹੈ, ਮੂੰਹ ਮੁਹਾਂਦਰਾ ਸਾਡੇ ਆਲੇ ਦੁਆਲੇ ਦਾ, ਇਹ ਸਾਡੀ ਵਿਰਾਸਤ ਹੈ, ਇਸਨੂੰ ਆਉਂਦੀਆ ਪੀੜੀਆ ਲਈ ਸੰਭਾਲਕੇ ਰੱਖਣਾ ਜਰੂਰੀ ਹੈ, ਪਰ ਹੁਣ ਅਸੀ ਚਰਖੇ ਨਾਲ ਕੱਤਕੇ ਕੱਪੜੇ ਨਹੀ ਪਾ ਸਕਦੇ, ਹੱਥਚੱਕੀ ਨਾਲ ਆਟਾ ਪੀਹਣ ਲਈ ਸਮਾਂ ਅਤੇ ਬੁੜੀਆਂ ਦੇ ਜੁੱਸੇ ਨਹੀਂ ਲੱਭ ਸਕਦੇ। ਇੱਕ ਵਾਰ ਇੱਕ ਸੂਟਿਡ ਬੂਟਿਡ ਪੰਜਾਬੀ ਲੇਖਕ ਸਟੇਜ ਤੇ ਬੜਾ ਕਿੱਲ ਕਿੱਲਕੇ ਦੁਹਾਈ ਦੇ ਰਿਹਾ ਸੀ ਬਈ ਅੱਜਕੱਲ ਦੇ ਗੀਤਕਾਰਾ ਦਾ ਫਰਜ ਬਣਦਾ ਉਹ ਨੌਜਵਾਨ ਪੀੜੀ ਨੂੰ ਪੰਜਾਬੀ ਸੱਭਿਆਚਾਰ ਤੋਂ ਦੂਰ ਲਿਜਾਣ ਵਾਲੇ ਗੀਤ ਨਾ ਗਾਉਣ, ਕੋਈ ਉਸਨੂੰ ਪੁੱਛੇ ਭਲਿਆ ਮਾਣਸਾ ਆਹ ਜਿਹੜੀ ਰੱਸੀ ਨਾਲ ਤੂੰ ਗਲਾ ਬੱਧਾ ਜਾਣੀ ਕਿ ਟਾਈ ਲਾਈ ਆ ਇਹ ਸਾਡੀ ਕਿਹੜੀ ਸੰਸਕ੍ਰਿਤੀ ਦਾ ਹਿੱਸਾ, ਭਾਈ ਤੇਰਾ ਕੁੜਤਾ ਚਾਦਰਾ ਕਿੱਥੇ ਆ? ਜੇ ਤੂੰ ਡਿਜਾਈਨਰ ਸ਼ੂ ਪਾਕੇ ਅੱਧੀ ਅੰਗਰੇਜੀ ਤੇ ਅੱਧੀ ਪੰਜਾਬੀ ਵਿੱਚ ਪੰਜਾਬੀ ਨੂੰ ਬਚਾਉਣ ਲਈ ਹੋਕਰੇ ਦੇ ਰਿਹਾ ਤਾਂ ਫਿਰ ਗੀਤਾਂ ਵਿੱਚ ਵੀ ਇਹੋ ਕੁਝ ਝਲਕੇਗਾ, ਲੋਕ ਕਲਾਵਾਂ ਜੋ ਸਮਾਜ ਵਿੱਚ ਵਾਪਰ ਰਿਹਾ ਹੁੰਦਾ ਉਸੇ ਦਾ ਪ੍ਰਤੀਬਿੰਬ ਹੁੰਦੀਆ।
ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ, ਯੁਗਾਂ ਯੁਗਾਤਰਾਂ ਤੋਂ ਹੌਲੀ ਹੌਲੀ ਸਭ ਕੁਝ ਬਦਲਦਾ ਆਇਆ, ਪਰ ਪਿਛਲੇ ਥੋੜੇ ਜਿਹੇ ਸਮੇਂ ਵਿੱਚ ਹੀ ਜਿਹੜੀ ਇੰਟਰਨੈੱਟ ਨੇ ਸੁਨਾਮੀ ਲਿਆਂਦੀ ਆ, ਇਸਨੇ ਇੱਕੋ ਵਾਰੀ ਹੇਠਲੀ ਉੱਤੇ ਕਰ ਦਿੱਤੀ ਆ। ਸਾਰਾ ਪੁਰਾਣਾ ਢਾਂਚਾ ਤਹਿਸ ਨਹਿਸ ਹੋ ਗਿਆ ਤੇ ਜੋ ਨਵਾਂ ਸਿਰਜਿਆ ਜਾ ਰਿਹਾ, ਕਈ ਵਾਰ ਉਸਦੇ ਸਾਹਮਣੇ ਸਾਡੀ ਸਮਝ ਬੌਣੀ ਮਹਿਸੂਸ ਹੋਣ ਲੱਗਦੀ ਆ। ਚੰਗੇ ਚਰਿੱਤਰ ਦੇ ਮਾਪਦੰਡ ਬਦਲ ਰਹੇ ਹਨ, ਕੱਲ ਤੱਕ ਮਾਂਵਾ ਬਾਹਰ ਖੇਡਦੇ ਜੁਆਕਾ ਨੂੰ ਮਸਾਂ ਖਿੱਚ ਖਿੱਚਕੇ ਅੰਦਰ ਲਿਆਉਂਦੀਆ ਸੀ, ਪਰ ਹੁਣ ਉਹ ਮਿੰਨਤਾ ਕਰ ਕਰਕੇ ਕੰਮਪਿਊਟਰ, ਫੋਨ ਜਾਂ ਟੈਬਲਟ ਨਾਲ ਜੁੜੇ ਨਿਆਣੇ ਨੂੰ ਧੱਕੋਮੱਲੀ ਬਾਹਰ ਖੇਡਣ ਭੇਜਦੀਆਂ। ਹੁਣ ਕੰਧਾਂ ਕੋਠੇ ਟੱਪਣ ਵਾਲਿਆ ਨਾਲੋਂ ਕਮਰੇ ਅੰਦਰ ਫੋਨ ਉੱਤੇ ਟਿਕ ਟਿਕ ਕਰਨ ਵਾਲਿਆਂ ਕੋਲੋ ਬਾਪ ਦੀ ਪੱਗ ਨੂੰ ਜਿਆਦਾ ਖਤਰਾ।
ਸਮੇਂ ਨਾਲ ਬਦਲਣਾ ਪੈਣਾ, ਹੁਣ ਗੱਡੇ ਤੇ ਬਹਿਕੇ ਮੰਜਲਾਂ ਸਰ ਨਹੀਂ ਕੀਤੀਆਂ ਜਾ ਸਕਦੀਆਂ, ਪਰ ਇਹਦਾ ਮਤਲਬ ਇਹ ਵੀ ਨਹੀਂ ਬਈ ਗੱਡੇ ਨੂੰ ਬਾਲਣ ਵਾਗੂੰ ਫੂਕ ਦਿਉ, ਇਸਨੂੰ ਸੰਭਾਲ ਲਵੋ, ਵਿਰਾਸਤਾ ਦੀਆਂ ਬਾਤਾਂ ਪਾਉਣ ਲਈ, ਪਰ ਹੁਣ ਤਸੀਂ ਗੀਤਾਂ ਵਿੱਚ ਡਾਚੀ ਵਾਲੇ ਨੂੰ ਮੁਹਾਰਾ ਮੋੜਣ ਲਈ ਨਹੀ ਕਹਿ ਸਕਦੇ, ਹੁਣ ਤਾਂ ਲਾਂਸਰ ਤੇ ਕੈਮਰੀ ਤੇ ਹੀ ਜਾਣਾ ਪਊ। ਪਰ ਸਾਡਾ ਸੁਭਾਅ ਈ ਅਜਿਹਾ ਕਿ ਅਸੀ ਇਹ ਕਹਿਣੋ ਕਦੇ ਨੀ ਹਟਣਾ ਬਈ ਕਾਕਾ ਪਹਿਲਾ ਵਾਲੇ ਟਾਇਮ ਚੰਗੇ ਹੁੰਦੇ ਸੀ। ਸਵਾਹ ਚੰਗੇ ਹੁੰਦੇ ਸੀ ਟਾਇਮ ਵੱਟ ਪਿੱਛੇ ਸਕੇ ਭਰਾ ਦਾ ਗਲ ਵੱਢ ਦਿੰਦੇ ਸੀ, ਪਿੰਡ ਚ ਸ਼ਰੀਕੇਬਾਜੀ ਕਮੀਨਗੀ ਦੀਆਂ ਸਭ ਹੱਦਾਂ ਟੱਪਕੇ ਟਕੂਏ ਗੰਡਾਸੇ ਚੁੱਕੀ ਫਿਰਦੀ ਸੀ, ਇੱਕ ਕਤਲ ਹੋ ਜਾਂਦਾ ਸੀ ਦੂਜੇ ਜੇਲਬੰਦ, ਦੋਨੋ ਟੱਬਰ ਰੁਲ ਜਾਂਦੇ ਸੀ, ਸ਼ਾਹੂਕਾਰ ਵਿਆਜ ਪਰ ਵਿਆਜ ਲਗਾਕੇ ਜੱਟਾਂ ਨੂੰ ਊਂ ਨੀ ਸੀ ਸਾਹ ਲੈਣ ਦਿੰਦੇ।
ਬਹੁਗਿਣਤੀ ਗੱਲਾਂ ਦੀ ਗਲਾਧੜ ਹੈ, ਹਰ ਚੀਜ ਨੂੰ ਐਂਵੇ ਹੀ ਨਿੰਦੀ ਜਾਣਗੇ, ਅਸੀ ਪੰਜਾਬੀ ਦੂਜਿਆ ਨੂੰ ਨਸੀਹਤਾ ਦੇਣ ਲਈ ਬੜੇ ਮਸ਼ਹੂਰ ਆ, ਪਰ ਆਪਣੀ ਪੀੜੀ ਥੱਲੇ ਸੋਟਾ ਨਹੀ ਫੇਰਦੇ, ਜੇ ਮਾਣਕ ਦਾ ਗੀਤ ਚਿੱਠੀਆ ਸਾਹਿਬਾ ਜੱਟੀ ਨੇ ਲਿਖ ਮਿਰਜੇ ਵੱਲ ਪਾਈਆ, ਸੱਭਿਆਚਰਕ ਹੈ ਤਾਂ ਭਗਤਾ ਭਾਈਕੇ ਆਲੇ ਦੇ ਗੀਤਾ ਵਿੱਚ ਕੁੜੀ ਬਾਰ ਬਾਰ ਮੋਬਾਇਲ ਫੋਨ ਚੈੱਕ ਕਰਦੀ ਆ ਤਾਂ ਕੀ ਗਲਤ ਆ ਉਹ ਵੀ ਤਾਂ ਆਪਣੇ ਪਿਆਰੇ ਦਾ ਸੁਨੇਹਾ ਈ ਦੇਖਦੀ ਆ, ਨਾਲੇ ਆਪਣੇ ਮਾਮੇ ਦੀ ਧੀ ਨੂੰ ਕੱਢਕੇ ਲੈ ਜਾਣਾ ਕਿੱਡੀ ਕੁ ਸੂਰਮਗਤੀ ਆ, ਜਦੋ ਅੱਜਕੱਲ ਦੇ ਗੀਤਾਂ ਵਿੱਚ ਅਸੀਂ ਕੁੜੀਆ ਮੁੰਡਿਆ ਨੂੰ ਇਕੱਠਿਆ ਬਾਹਵਾਂ ਵਿੱਚ ਬਾਹਵਾਂ ਪਾਕੇ ਨੱਚਦੇ ਦੇਖਦੇ ਆ ਤਾਂ ਸੱਤੀ ਕੱਪੜੀ ਅੱਗ ਲੱਗਦੀ ਆ ਤੇ ਜਦੋ ਹੀਰ ਬਾਰਾਂ ਵਰੇ ਬੇਲਿਆ ਚ ਰਾਂਝੇ ਨੂੰ ਘਰੇ ਝੂਠ ਬੋਲ ਬੋਲਕੇ ਮਿਲਦੀ ਆ, ਰਾਝਾਂ ਕੰਧ ਟੱਪਕੇ ਘਰੇ ਆਉਂਦਾ ਤਾ ਉਹ ਸਾਡੀ ਵਿਰਾਸਤ ਹੈ।
ਇਸਦੇ ਵਿੱਚ ਕੋਈ ਸ਼ੱਕ ਨਹੀਂ ਕਈ ਗੀਤ ਵਾਕਿਆ ਹੀ ਉਕਸਾਊ ਤੇ ਭੜਕਾਊ ਹੁੰਦੇ ਆ, ਗੀਤਕਾਰਾ ਤੇ ਗਾਇਕਾਂ ਨੂੰ ਖਿਆਲ ਰੱਖਣਾ ਚਾਹੀਦਾ ਕਿ ਉਹ ਉਸਾਰੂ ਗੀਤ ਲੈਕੇ ਆਉਣ, ਸਟਾਰ ਗਾਇਕ ਅਜੋਕੀ ਪੀੜੀ ਦੇ ਆਈਕੌਨ ਨੇ ਤੇ ਇਸਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਅਲੜ ਵਰੇਸੇ, ਜਵਾਨੀ ਉਨਾ ਦੇ ਮਗਰ ਲੱਗਕੇ ਜਰੂਰ ਕੁਝ ਨਾ ਕੁਝ ਪੁੱਠਾ ਸਿੱਧਾ ਕਰ ਬਹਿੰਦੀ ਹੋਊ, ਪਰ ਕੀ ਸ਼ਰਾਬ ਦੀ ਵਧਦੀ ਖਪਤ ਲਈ ਸ਼ਰਾਬ ਨਾਲ ਸਬੰਧਿਤ ਗੀਤ ਕੱਲੇ ਹੀ ਜਿੰਮੇਵਾਰ ਨੇ, ਹਰ ਪਿੰਡ ਦੇ ਮੋੜ ਤੇ ਠੇਕਾ ਖੋਲਣ ਵਿੱਚ ਤਾਂ ਗਾਇਕਾ ਦਾ ਕੋਈ ਹੱਥ ਨਹੀ, ਆਪਾਂ ਸਾਰੇ ਜਾਣਦੇ ਹਾਂ ਕਿ ਭੁੱਕੀ ਅਫੀਮ ਤੇ ਹੋਰ ਨਸ਼ੇ ਕੌਣ ਲੋਕ ਵੇਚਦੇ ਨੇ, ਪਰ ਉਹਨਾ ਨੂੰ ਤਾਂ ਕੋਈ ਹੱਥ ਨੀ ਪਾਉਂਦਾ।
ਸਾਡੇ ਪੰਜਾਬ ਕੋਲੇ ਸਾਡੇ ਗੁਰੂਆ ਦਾ ਦਿੱਤਾ ਹੋਇਆ ਮੀਰੀ ਅਤੇ ਪੀਰੀ ਦਾ ਬੜਾ ਹੀ ਅਮੀਰ ਸਰਮਾਇਆ ਹੈ, ਸਾਡੇ ਹਰ ਪਿੰਡ ਵਿੱਚ ਦੋ ਦੋ, ਤਿੰਨ ਤਿੰਨ ਗੁਰਦਵਾਰੇ ਨੇ, ਮੰਦਰ ਨੇ, ਮਸੀਤਾਂ ਤੇ, ਕਿੰਨੇ ਗੁਰਬਾਣੀ ਦੇ ਚੈਨਲ ਨੇ, ਦਰਬਾਰ ਸਾਹਿਬ ਸਮੇਤ ਕਿੰਨੇ ਹੀ ਇਤਿਹਾਸਕ ਗੁਰੂਦਵਾਰਿਆ ਤੋਂ ਚੌਵੀ ਘੰਟੇ ਗੁਰਬਾਣੀ ਦਾ ਕਥਾ ਕੀਰਤਨ ਪਰਵਾਹ ਚਲਦਾ ਰਹਿੰਦਾ, ਫਿਰ ਸਾਰੇ ਲੋਕ ਇਸਦਾ ਅਸਰ ਕਿਉਂ ਨਹੀ ਕਬੂਲਦੇ, ਮੈਨੂੰ ਲਗਦਾ ਗਾਉਣ ਵਾਲਿਆ ਵਿੱਚ ਨਹੀ, ਨੁਕਸ ਸੁਣਨ ਵਾਲਿਆ ਵਿੱਚ ਹੈ, ਕੁਮੈਤ ਟੱਟੂ ਨਾ ਜਾਣੇ ਮਖੱਟੂ, ਜਦੋ ਆਪਾਂ ਚੰਗੀਆਂ ਚੀਜਾਂ ਦੀ ਕਦਰ ਨਾ ਕਰਾਂਗੇ ਤਾਂ ਆਪੇ ਅੱਕਾਂ ਵਿੱਚ ਰਿੰਡ ਪ੍ਰਧਾਨ ਹੋਊ। ਕਾਗਜ਼ਾ ਦੇ ਘੋੜੇ, ਕਦ ਤੱਕ ਦੌੜੇ, ਆਖਿਰ ਨੂੰ ਨਗੌਰੀ ਬਲਦ ਹੀ ਨਿੱਤਰਣਗੇ।
ਜੇ ਤੁਸੀ ਇੱਥੇ ਦਾ ਗਰਾਇਮ ਮਿਉਜਿਕ ਸੁਣੋ ਤਾਂ ਡਰੇਕ ਤੇ ਸਕੈਪਟਾ ਵਰਗੇ ਸਿੱਧੀਆ ਗਾਹਲਾ ਕੱਢਦੇ ਆ, ਗਾਣਿਆ ਵਿੱਚ ਡਰੱਗਜ ਅਤੇ ਕੁੜੀਆ ਨਾਲ ਹਮਬਿਸਤਰ ਹੋਣ ਦੀਆਂ ਸ਼ਰੇਆਮ ਗੱਲਾਂ ਕਰਦੇ ਨੇ ਉਨਾ ਨੂੰ ਸੁਣਕੇ ਨਾ ਤਾਂ ਏਥੇ ਦੇ ਨਿਆਣੇ ਵਿਗੜਦੇ ਤੇ ਨਾ ਹੀ ਗੋਰਿਆ ਦੇ ਕਲਚਰ ਦਾ ਕੱਖ ਵਿਗੜਦਾ ਤੇ ਫੇਰ ਸਾਡਾ ਸੱਭਿਆਚਾਰ ਕਿਹੜੇ ਕੱਚ ਦਾ ਬਣਿਆ ਹੋਇਆ ਜਿਹੜਾ ਸਿਰਫ ਇੱਕ ਗੀਤ ਨਾਲ ਹੀ ਟੁੱਟ ਜਾਂਦਾ, ਦਰਅਸਲ ਅਸੀ ਹਿਪੋਕਰੇਟ ਹਾਂ, ਸਾਡੀ ਕਹਿਣੀ ਤੇ ਕਥਨੀ ਵਿੱਚ ਫਰਕ ਆ, ਮੈਂ ਇੱਕ ਵਿਆਹ ਤੇ ਇੱਕ ਅਜਿਹੇ ਭੱਦਰਪੁਰਸ਼ ਨੂੰ ਦੇਖਿਆ ਜਿਹੜਾ ਸਵੇਰੇ ਤਾਂ ਅੰਮ੍ਰਿਤ ਮਾਨ ਨੂੰ ਬੁਰਾ ਭਲਾ ਕਹਿ ਰਿਹਾ ਸੀ ਬਈ ਉਹ ਗੰਦੇ ਗਾਣੇ ਗਾਉਂਦਾ ਤੇ ਸ਼ਾਮ ਨੂੰ ਘੁੱਟ ਲਾਕੇ ਨਾਲੇ ਪੈਸੇ ਲੁਟਾ ਰਿਹਾ ਸੀ ਤੇ ਨਾਲੇ ਡੀ ਜੇ ਵਾਲੇ ਨੂੰ ਬਾਰ ਬਾਰ ਕਹਿ ਰਿਹਾ ਸੀ ਕਿ ਜੱਟਾਂ ਦੇ ਨਾ ਨੇੜੇ ਲੱਗਦੀ ਵਾਲਾ ਲਾ। ਆਖਿਰ ਸੱਭਿਆਚਾਰ ਨੂੰ ਬਣਾਉਦਾ ਕੌਣ ਆ, ਅਸੀ ਹੀ ਸਾਰੇ ਰਲ ਮਿਲਕੇ ਸਿਰਜਦੇ ਆ ਇਸਦਾ ਤਾਣਾ ਬਾਣਾ। ਜੇ ਆਪਾ ਇਹੋ ਜਿਹੇ ਗੀਤ ਸੁਣਨੇ ਬੰਦ ਕਰ ਦੇਈਏ ਤਾਂ ਉਹ ਆਪੇ ਗਾਉਣਾ ਬੰਦ ਕਰ ਦੇਣਗੇ, ਇੱਕ ਪਾਸੇ ਤਾਂ ਆਪ ਦਸ ਦਸ ਲੱਖ ਦੇਕੇ ਉਨਾ ਨੂੰ ਸੱਦਦੇ ਆ ਤੇ ਫੇਰ ਉਨਾ ਦੇ ਗਾਣਿਆ ਤੇ ਆਰਕੈਸਟਰਾ ਵਾਲੀਆ, ਰੋਜੀ ਰੋਟੀ ਦੀ ਮਜਬੂਰੀ ਖਾਤਿਰ ਨੱਚਣ ਵਾਲੀਆ, ਕੁੜੀਆ ਵੱਲ ਭੱਦੇ ਭੱਦੇ ਇਸ਼ਾਰੇ ਕਰਕੇ ਆਪਣੀਆਂ ਧੀਆਂ ਭੈਣਾ ਦੇ ਸਾਹਮਣੇ ਨੱਚਦੇ ਆ। ਤੇ ਫੇਰ ਕਹਿੰਦੇ ਆ ਜੀ ਗਾਉਣ ਵਾਲਿਆ ਨੇ ਗੰਦ ਪਾਇਆ।
ਵੈਸੇ ਬਹੁਤਾ ਰੌਲਾ ਉਹ ਗਾਇਕ ਜਾਂ ਗੀਤਕਾਰ ਵੀ ਪਾਉਂਦੇ ਆ ਜਿੰਨਾ ਨੂੰ ਕੋਈ ਪੁੱਛਦਾ ਨਹੀ। ਉਹ ਵੀ ਜਥੇਬੰਦੀਆ ਬਣਾਕੇ ਨਾਅਰੇ ਮਾਰਦੇ ਆ ਕਿ ਗੀਤਾਂ ਤੇ ਸੈਂਸਰਸ਼ਿਪ ਲਾਉ, ਕਈ ਵਾਰ ਤਾਂ ਹੱਥ ਨਾ ਪੁੱਜੇ ਥੂ ਕੌੜੀ ਵਾਲੀ ਗੱਲ ਹੈ, ਅੱਜਕੱਲ ਇਕ ਗਾਇਕਾ ਦੀ ਬੜੀ ਚੜਾਈ ਆ ਤੇ ਉਹ ਵੀ ਅਖੌਤੀ ਗੈਰ ਮਿਆਰੀ ਗੀਤ ਗਾਉਂਦੀ ਆ, ਪਰ ਜਦੋ ਉਸਦੇ ਗਾਣੇ ਨਹੀ ਚੱਲਦੇ ਸਨ ਤਾਂ ਉਹ ਸਿਰ ਤੇ ਦੁਮਾਲਾ ਬੰਨਕੇ ਲੋਕਾਂ ਨੂੰ ਸਿੱਖੀ ਨਾਲ ਜੁੜਣ ਦੇ ਉਪਦੇਸ਼ ਦਿੰਦੀ ਸੀ, ਤੇ ਇੱਕ ਬਹੁਤ ਵੱਡਾ ਪੰਜਾਬੀ ਗਾਇਕ ਇਹ ਦਾਅਵਾ ਕਰਦਾ ਬਈ ਜਦੋਂ ਉਹ ਕੀਰਤਨ ਕਰਦਾ ਸੀ ਤਾਂ ਲੋਕ ਉਸਨੂੰ ਮਸਾ ਢਾਈ ਸੌ ਰੁਪਇਆ ਦਿੰਦੇ ਸੀ ਤੇ ਜਦੋ ਉਹ ਪੌਪ ਵੱਲ ਆਇਆ ਤਾਂ ਲੱਖਾਂ ਮਿਲਣ ਲੱਗੇ, ਨੁਕਸ ਸਾਡੇ ਵਿੱਚ ਵੀ ਹੈ।
ਸਾਡਾ ਕੰਮ ਹੈ ਦਮਗਜੇ ਵੱਡੇ ਵੱਡੇ ਮਾਰਨੇ ਤੇ ਕਰਨਾ ਕੱਖ ਨੀ, ਗੱਲੀਬਾਤੀ ਆਪਣੇ ਗੌਰਵਮਈ ਵਿਰਸੇ ਦੀ, ਆਪਣੇ ਪਿਛੋਕੜ ਦੀ ਜੈ ਜੈ ਕਾਰ ਕਰੀ ਜਾਣੀ ਆ, ਆਖਰ ਸਾਡਾ ਪਿਛੋਕੜ ਹੈ ਕੀ ਆ, ਇੱਕ ਪਾਸੇ ਤਾਂ ਸਾਡੇ ਕੋਲ ਗੁਰੂਆ ਦੀ ਬਹਾਦਰੀ ਤੇ ਕੁਰਬਾਨੀ ਹੈ, ਬਾਬੇ ਨਾਨਕ ਤੇ ਫਰੀਦ ਦੀ ਬਾਣੀ ਹੈ, ਊਧਮ ਤੇ ਸਰਾਭੇ ਦੀ ਸੂਰਮਗਤੀ ਹੈ, ਰਣਜੀਤ ਸਿੰਘ ਦੀ ਸਾਝਾ ਵਾਲੀ ਰਾਜਨੀਤੀ, ਸਭ ਲਈ ਬਰਾਬਰਤਾ ਹੈ ਤੇ ਦੂਜੇ ਪਾਸੇ ਗਦਾਰੀ ਹੈ, ਦਿਉਰ ਭਾਬੀ, ਨੂੰਹ ਸਹੁਰੇ ਦੇ ਅਨੈਤਿਕ ਰਿਸ਼ਤੇ ਨੇ, ਇੱਕ ਇੱਕ ਤੀਵੀ ਵੱਲੋ ਪੰਜ ਪੰਜ ਭਾਈਆ ਦੇ ਵੱਸਣਾ ਤਾਂ ਕਿ ਜਮੀਨ ਨਾ ਵੰਡੀ ਜਾਵੇ ਤੇ ਅਜੇ ਪੰਜਾਹ ਸਾਲ ਪਹਿਲਾ ਤੱਕ ਆਪਣੀਆ ਧੀਆ ਭੈਣਾ ਦੇ ਪੈਸੇ ਵੱਟਕੇ ਸਾਕ ਕਰਦੇ ਰਹੇ, ਫੇਰ ਮੁੰਡਿਆ ਲਈ ਮੂੰਹ ਮੰਗਿਆ ਦਾਜ ਲੈਂਦੇ ਰਹੇ ਤੇ ਹੁਣ ਫੇਰ ਆਇਲੈੱਟ ਵਾਲੀਆ ਕੁੜੀਆ ਦੇ ਮੁੱਲ ਪੈਣ ਲੱਗੇ ਨੇ। ਇਹ ਸਭ ਗੱਲਾਂ ਵੀ ਸਾਨੂੰ ਮੰਨ ਲੈਣੀਆ ਚਾਹੀਦੀਆ ਕਿਉਂਕਿ ਸੋਲਾਂ ਕਲਾਂ ਸੰਪੂਰਨ ਕੋਈ ਨਹੀ ਹੁੰਦਾ, ਸਾਡੀ ਕੌਮ ਵਿੱਚ ਵੀ ਕਮੀਆ ਹਨ।
ਛਪਾਰ ਦੇ ਮੇਲੇ ਤੇ ਰਾਤ ਨੂੰ ਜਿਹੜਾ ਬਾਬਿਆ ਦਾ ਗਿੱਧਾ ਪੈਂਦਾ ਸੀ ਤੇ ਹੈ ਉੱਥੇ ਮੁਢ ਕਦੀਮ ਤੋਂ ਅਖੌਤੀ ਗੰਦੀਆਂ ਬੋਲੀਆ ਪੈਂਦੀਆ ਆਈਆ, ਅਸੀ ਮੋਟਰਾ ਤੇ ਘਰ ਦੀ ਕੱਢੀ ਦੇ ਹਾੜੇ ਲਾਕੇ ਦੂਹਰੇ ਅਰਥਾਂ ਦੇ ਗੀਤਾਂ ਵਾਲੀਆਂ ਟੇਪਾ ਸੁਣਦੇ ਆਏ ਹਾਂ ਤੇ ਸਾਡੀਆਂ ਮਾਵਾ,ਭੈਣਾ,ਚਾਚੀਆ, ਤਾਈਆ ਵੀ ਜਦੋ ਵਿਆਹ ਤੇ ਲੇਡੀਜ ਅੋਨਲੀ ਗਾਉਣ ਪਾਣੀ ਦੇ ਪ੍ਰੋਗਾਰਮ ਹੁੰਦੇ ਸੀ ਤਾਂ ਅਜਿਹਾ ਹਾਸਾ ਠੱਠਾ ਕਰਦੀਆ ਆਈਆ। ਪਰ ਹੁਣ ਯੂਟਿਊਬ ਅਤੇ ਫੇਸਬੁੱਕ ਆ ਜਾਣ ਕਰਕੇ ਇਹ ਸਭ ਕੁਝ ਸਾਹਮਣੇ ਆਉਣ ਲੱਗ ਗਿਆ ਹੈ, ਪਰ ਸਾਨੂੰ ਤਾਂ ਹਰ ਚੀਜ ਤੇ ਪਰਦਾ ਪਾਇਆ ਹੀ ਚੰਗਾ ਲੱਗਦਾ।
ਪੰਜਾਬੀ ਦਾ ਇੱਕ ਅਖਾਣ ਹੈ ਕਿ ਸ਼ੇਰਾ ਤੂੰ ਖਾ ਨਾ, ਤੇਰਾ ਮੂੰਹ ਲਹੂ ਲਿਬੜਿਆ, ਭਾਵ ਬਦਨਾਮ ਹੋਏ ਬੰਦੇ ਨੂੰ ਕਿਸੇ ਬੁਰਾਈ ਵਿੱਚ ਭਿਆਲ ਨਾ ਹੁੰਦਿਆ ਵੀ ਦੋਸ਼ੀ ਮਿੱਥ ਲਿਆ ਜਾਂਦਾ। ਸਥਾਪਿਤ ਨਿਜ਼ਾਮ ਵੱਲੋ ਲੋਕਾਂ ਦਾ ਧਿਆਨ ਅਸਲ ਸਮੱਸਿਆਵਾ ਵੱਲੋ ਹਟਾਉਣ ਲਈ ਸਾਰਾ ਤੋੜਾ ਗਾਉਣ ਵਾਲਿਆ ਤੇ ਝਾੜ ਦਿੱਤਾ ਜਾਂਦਾ।
ਬਾਕੀ ਜਿਹੜੇ ਗੀਤ ਅਤੇ ਫਿਲਮਾ ਹੁੰਦੀਆ ਉਹ ਅਸਲੀਅਤ ਨਹੀਂ ਹੁੰਦੀਆ, ਉਹ ਸਾਡੇ ਮਨ ਵਿਚਲੇ ਸੁਪਨੇ ਹੁੰਦੇ ਨੇ, ਕਈ ਵਾਰ ਅਸੀਂ ਆਪਣੇ ਮਨ ਵਿੱਚਲੀਆ ਖਾਹਿਸ਼ਾ ਨੂੰ ਗੀਤਾਂ ਰਾਹੀ ਪੂਰੀਆ ਕਰ ਲੈਂਦੇ ਆ, ਸੋ ਬਹੁਤਾ ਗੰਭੀਰ ਹੋਣ ਦੀ ਜਰੂਰਤ ਨਹੀਂ, ਕਦੇ ਵਾਜਾਂ, ਕਦੇ ਦੋਗਾਣੇ, ਕਦੇ ਕਲੀਆਂ, ਕਦੇ ਸੋਲੋ, ਕਦੇ ਤੂੰਬੀ, ਕਦੇ ਮਿਕਸ ਕਦੇ ਰੈਪ ਇਹ ਸਮੇਂ ਸਮੇਂ ਦੇ ਰਾਗ ਨੇ, ਬਹੁਤਾ ਫਿਕਰ ਕਰਨ ਦੀ ਲੋੜ ਨਹੀ, ਜਿੰਨੀ ਦੇਰ ਸਾਡੇ ਕੋਲ ਗੁਰੂ ਗਰੰਥ ਸਾਹਿਬ ਦੀ ਬਾਣੀ ਆ ਤੇ ਅਸੀਂ ਇਸਦੇ ਨਾਲ ਜੁੜੇ ਹੋਏ ਆ ਸਾਡਾ ਕੱਖ ਨੀ ਵਿਗੜਦਾ। ਜੇ ਤੁਹਾਨੂੰ ਲੱਗਦਾ ਬਈ ਕੋਈ ਬੰਦਾ ਮਾੜਾ ਗਾਉਂਦਾ ਤਾਂ ਉਸਨੂੰ ਸੁਣਨਾ ਬੰਦ ਕਰ ਦਿਉ। ਤੇ ਜੇ ਤੁਸੀਂ ਸੋਚਦੇ ਹੋ ਤੇ ਫਲਾਨਾ ਗਾਇਕ ਬਹੁਤ ਘਾਤਕ ਗਾ ਰਿਹਾ ਤੇ ਲੋਕ ਉਸਦੇ ਗਾਣਿਆ ਤੇ ਵਾਰੇ ਵਾਰੇ ਜਾ ਰਹੇ ਤਾਂ ਇਹ ਮੰਨ ਲਵੋ ਕਿ ਭਾਵੇ ਤੁਹਾਡੀ ਸੋਚ ਉਸਦੇ ਨਾਲ ਨਹੀ ਮਿਲਦੀ ਪਰ ਉਸਦੇ ਵਿੱਚ ਜਰੂਰ ਕੋਈ ਕਲਾ ਹੈ ਜਿਹੜੀ ਤੁਹਾਨੂੰ ਨਜਰ ਨਹੀ ਆਉਂਦੀ।
ਜਿੰਨਾ ਤੁਸੀ ਸਮਾਜ ਨੂੰ ਬੰਨ ਬੰਨ ਰੱਖੋਗੇ, ਉਨਾ ਹੀ ਖਿਲਾਰਾ ਵੱਧ ਪਵੇਗਾ, ਲਾ ਲੈਣ ਦਿਉ ਇੰਨਾ ਨੂੰ ਵੀ ਜੋਰ, ਅੰਤ ਨੂੰ ਉਹੀ ਚੱਲੇਗਾ, ਜਿਹਦੀ ਕਲਾ ਵਿੱਚ ਦਮ ਹੋਵੇਗਾ, ਇਹੋ ਜਿਹੇ ਗੀਤਾਂ ਦੀ ਉਮਰ ਬਹੁਤੀ ਲੰਮੀ ਨਹੀ ਹੁੰਦੀ, ਪਿੱਤਲ ਨੂੰ ਜਿੰਨੀ ਮਰਜੀ ਝਾਲ ਫੇਰ ਲਵੋ, ਅਖੀਰ ਨੂੰ ਖੋਟਾ ਸਿੱਕਾ ਪਛਾਣਿਆ ਜਾਵੇਗਾ, ਜੇ ਮਾੜਿਆਂ ਦੀ ਨਿੰਦਾ ਕਰਨ ਦੀ ਬਜਾਏ ਚੰਗੇ ਗੀਤਾਂ ਦੀ ਪ੍ਰਸ਼ੰਸ਼ਾ ਕਰਨ ਲੱਗ ਜਾਈਏ, ਵਧੀਆ ਤੇ ਉਸਾਰੂ ਸੋਚ ਵਾਲੇ ਗਾਇਕਾ ਨੂੰ ਉਨਾ ਦਾ ਬਣਦਾ ਮਾਣ ਸਤਿਕਾਰ ਦੇਣ ਲੱਗ ਜਾਈਏ ਤਾਂ ਅਜਿਹੇ ਵਰਤਾਰੇ ਨੂੰ ਜਲਦੀ ਠੱਲ ਪੈ ਸਕਦੀ ਆ। ਕਣਕ ਵਿੱਚ ਕਾਂਗਿਆਰੀ ਹਮੇਸ਼ਾ ਹੁੰਦੀ ਪਰ ਤੁਸੀਂ ਕਣਕ ਦੇ ਸੁਨਹਿਰੀ ਰੰਗ ਵੱਲ ਧਿਆਨ ਦਿਉ, ਕਾਂਗਿਆਰੀ ਬਾਰੇ ਬਹੁਤਾ ਨਾ ਸੋਚੋ, ਇਹਦੇ ਕਰਕੇ ਕਦੇ ਕਣਕ ਦੇ ਝਾੜ ਤੇ ਬਹੁਤਾ ਅਸਰ ਨਹੀਂ ਪਵੇਗਾ।
ਬਿੱਟੂ ਖੰਗੂੜਾ +447877792555