ਹਰਜਿੰਦਰ ਗੁਲਪੁਰ
ਇੱਥੇ ਪੱਥਰ ਦੁੱਧ ਨਾਲ ਧੋਂਦੇ ਨੇ
ਕਿ ਖੂਨੀ ਕਾਰੇ ਛੁਪ ਜਾਵਣ।
ਸੂਰਜ ਨੂੰ ਦੀਪ ਦਿਖਾਉਂਦੇ ਨੇ,
ਬੱਦਲਾਂ ਵਿੱਚ ਤਾਰੇ ਛੁਪ ਜਾਵਣ।
ਕੁਫਰਾਂ ਦੀ ਨੇਹਰੀ ਕਹਿੰਦੀ ਹੈ,
ਸਭ ਮਿੱਤਰ ਪਿਆਰੇ ਛੁਪ ਜਾਵਣ।
ਜੋ ਚੋਣਾਂ ਦੇ ਵਿੱਚ ਲਾਏ ਸੀ,
ਸਭ ਝੂਠੇ ਲਾਰੇ ਛੁਪ ਜਾਵਣ।
ਸਿਰ ਝੁਕਣੇ ਵਾਲੇ ਰਹਿ ਜਾਵਣ,
ਸਿਰ ਕੌਮ ਤੋਂ ਵਾਰੇ ਛੁਪ ਜਾਵਣ।
ਹੋਏ ਚਾਂਦੀ ਚੋਣਾਂ ਜਿੱਤਿਆਂ ਦੀ,
ਜੋ ਸਿਦਕ ਨੀ ਹਾਰੇ ਛੁਪ ਜਾਵਣ।
ਜਿਹੜੇ ਚਮਕਣ ਦੇਸ਼ ਦੇ ਮੱਥੇ ਤੇ,
ਸਿਲਮ ਸਤਾਰੇ ਛੁਪ ਜਾਵਣ।
ਫੁੱਲਾਂ ਤੋਂ ਹਲਕੇ ਲੋਕਾਂ ਲਈ,
ਪਰਬਤ ਤੋਂ ਭਾਰੇ ਛੁਪ ਜਾਵਣ।
ਇੱਥੇ ਇੱਕੋ ਰੰਗ ਦਾ ਰੰਗ ਹੋਵੇ,
ਸਭ ਰੰਗ ਨਿਆਰੇ ਛੁਪ ਜਾਵਣ।
ਸਾਨੂੰ ਸ਼ੀਸ਼ਾ ਕੋਈ ਦਿਖਾਵੇ ਨਾ,
ਹੱਥਾਂ ਤੇ ਚਾਰੇ ਛੁਪ ਜਾਵਣ।
ਹੋਏ ਗੱਲ ਦਰਬਾਰੀ ਭਾਸ਼ਾ ਦੀ,
ਤੇ ਬੋਲ ਕਰਾਰੇ ਛੁਪ ਜਾਵਣ।