12 C
United Kingdom
Thursday, March 5, 2026

More

    ਆਓ ਮਿਲਾਈਏ ਸ਼ਿੰਦਾ ਸੁਰੀਲਾ ਨਾਲ

    -ਤੇਜਿੰਦਰ ਮਨਚੰਦਾ ਪੈਰਿਸ
    ​ ​email- manchanda-arts@live.fr
    ?ਸ਼ਿੰਦਾ ਜੀ, ਸਭ ਤੋਂ ਪਹਿਲਾ ਪਿੰਡ ਸੰਗਤ ਪੁਰ ਤੋਂ ਇੰਗਲੈਂਡ ਤਕ ਦੇ ਸਫ਼ਰ ਬਾਰੇ ਚਾਨਣਾ ਪਾਓ ?
    -ਮੈਂ ਆਪਣੇ ਪਿੰਡ ਸੰਗਤ ਪੁਰ ਤੋਂ 3 ਅਗਸਤ 1988 ਦਿਨ ਮੰਗਲਵਾਰ ਨੂੰ ਜਰਮਨ ਲਈ ਰਵਾਨਾ ਹੋਇਆ ਸੀ,ਚਾਰ ਸਾਲ ਜਰਮਨ ਰਹਿਣ ਤੋਂ ਬਾਅਦ 1992 ਵਿਚ ਮੈਂ ਇੰਗਲੈਂਡ ਜਾ ਕੇ ਪੱਕਾ ਡੇਰਾ ਲਾ ਲਿਆ।


    ?ਗਾਇਕੀ ਵੱਲ ਕਿਵੇਂ ਆਏ ?
    -ਬਚਪਨ ਵਿਚ ਹੀ ਸ਼ੋਂਕ ਸੀ ,ਪਰ ਇਸ ਕੰਮ ਦਾ ਮੇਰੇ ਘਰਦਿਆ ਨੇ ਵਿਰੋਧ ਕੀਤਾ,ਤੇ ਮੈਂ ਵੀ ਘਰ ਦਿਆ ਦੀ ਇਜਾਜ਼ਤ ਤੋਂ ਬਿਨਾ ਕੁਝ ਨਹੀਂ ਕਰਨਾ ਚਾਹੁੰਦਾ ਸੀ,ਇਸ ਕਰਕੇ ਮੈਂ ਇਸ ਖੇਤਰ ਤੋਂ ਹਟ ਗਿਆ।ਇੰਗਲੈਂਡ ਜਾ ਕੇ ਮੇਰੀ ਦੋਸਤੀ ਬਲਵਿੰਦਰ ਸਫਰੀ ਜੀ ਨਾਲ ਹੋ ਗਈ,ਮੈਂ ਉਹਨਾਂ ਨਾਲ ਸਟੇਜਾ ਤੇ ਜਾਣਾ ਸ਼ੁਰੂ ਕਰ ਦਿੱਤਾ।ਫਿਰ ਸਫਰੀ ਸਾਹਿਬ ਨੇ ਮੈਨੂੰ ਉਸਤਾਦ ਬਲਦੇਵ ਮਸਤਾਨਾ ਜੀ ਨਾਲ ਮੁਲਾਕਾਤ ਕਰਵਾ ਦਿੱਤੀ,ਮਸਤਾਨਾ ਜੀ ਨੂੰ ਮੈਂ ਉਸਤਾਦ ਧਾਰ ਲਿਆ।ਸਫਰੀ ਜੀ ਤੇ ਮਸਤਾਨਾ ਜੀ ਨੇ ਮੇਰੇ ਬਾਪੂ ਜੀ ਨਾਲ ਗਲ ਕਰਕੇ ਉਹਨਾਂ ਨੂੰ ਮੈਨੂੰ ਗਾਇਕੀ ਦੇ ਖੇਤਰ ਵਿਚ ਆਉਣ ਲਈ ਮਨਾ ਲਿਆ।ਪਰ ਮੈਂ ਗਾਇਕੀ ਨੂੰ ਆਪਣੇ ਸ਼ੋਂਕ ਤਕ ਹੀ ਰੱਖਣਾ ਚਾਹੁੰਦਾ ਸੀ,ਪਰ ਸਮੇਂ ਦੇ ਨਾਲ ਨਾਲ ਮੇਰਾ ਇਹ ਸ਼ੋਂਕ ਕਿੱਤਾ ਬਣ ਗਿਆ।
    ?ਹੁਣ ਤਕ ਤੁਸੀਂ ਕਿੰਨੀਆ ਐਲਬਮ ਕਰ ਚੁੱਕੇ ਹੋ?ਮੈਂ ਆਪਣੀਆਂ 3 ਐਲਬਮ ਕੀਤੀਆ,ਪਰ ਸਾਂਝੀਆ ਐਲਬਮ ਵਿਚ ਮੈਂ ਇਕ-ਇਕ ਗੀਤ ਕਰਦਾ ਰਹਿੰਦਾ ਹਾਂ,ਤੇ ਮੇਰੇ ਹਿੱਟ ਗੀਤ ‘ਦੁਨੀਆਂ ਕਹਿੰਦੀ ਹੋਰ ਤੇ ਕਰਦੀ ਹੋਰ’ ,’ਚੜਿਆ ਸੁਹਾਗੇ ਉੱਤੇ ਘੱਟ ਨਹੀਂ ਕਹਾਉਂਦਾ ਜੱਟ ਥਾਣੇਦਾਰ ਤੋਂ, ‘ਸ਼ਹੀਦ ਉਧਮ ਸਿੰਘ ਜੀ ਨੂੰ ਸਮਰਪਿਤ ਗੀਤ – ਸੁਣਿੳ ਵੇ ਖ਼ਬਰਾਂ ਆਉਣਗੀਆ’, ‘ ਪੈਂਦੀ ਤਾਂ ਡੰਡ ਪੈ ਲੈਣ ਦੇ, ਮਿਸ ਪੂਜਾ ਨਾਲ ਡਿਊਟ ਗੀਤ-‘ਤੇਰੇ ਯਾਰ ਦਾ ਤੇ ਮੇਰੀ ਹੈ ਸਹੇਲੀ ਦਾ ਵਿਆਹ’, ਤੇ ਇਕ ਗੀਤ ਧੀਆਂ ਦੇ ਜਨਮ ਦਿਨ ਤੇ ਗਾਇਆ ‘ਜਨਮ ਦਿਨ ਤੇਰਾ ਧੀਏ ਲਾਡਲੀਏ’ ਇਸ ਗੀਤ ਤੋਂ ਪਹਿਲਾ ਕਦੀ ਵੀ ਕਿਸੇ ਨੇ ਧੀ ਦੇ ਜਨਮ ਦਿਨ ਤੇ ਗੀਤ ਨਹੀਂ ਸੀ ਗਾਇਆ। ਹੁਣ ਲੰਘੇ 550 ‘ਵੇ ਗੁਰਪੁਰਬ ‘ਤੇ ਇੱਕ ਗੀਤ ‘ਨਾਨਕ ਦੇ ਘਰ’ ਕੀਤਾ। ਮੈਂ ਇਹੋ ਜਿਹੇ ਗੀਤ ਗਾਉਣਾ ਚਾਹੁੰਦਾ ਹਾਂ, ਜਿਹਨਾਂ ਨੂੰ ਲੋਕ ਲੰਮਾਂ ਸਮਾਂ ਯਾਦ ਰੱਖਣ। ਮੈਂ ਖੁਸ਼ ਹਾਂ ਆਪਣੇ ਹੁਣ ਤਕ ਦੇ ਕੰਮ ਤੋਂ ਜਿਨਾਂ ਕੁ ਮੈਂ ਗੁੜ ਪਾਇਆ ,ਉਹਨਾਂ ਕੁ ਮਿੱਠਾ ਮੈਨੂੰ ਮਿਲ ਰਿਹਾ।
    ?ਕਿਸੇ ਫ਼ਿਲਮ ਵਿਚ ਵੀ ਕੰਮ ਕੀਤਾ?
    -ਹਾਂਜੀ,ਪੰਜਾਬੀ ਫ਼ਿਲਮ ‘ਪ੍ਰਦੇਸਾ ਵਿਚ ਪੰਜਾਬੀ’ ਤੇ ਸਨਰਾਇਜ਼ ਚੈਨਲ ਤੋਂ ਲੜੀਵਾਰ ਸੀਰੀਅਲ ‘ਸਮੁੰਦਰੋਂ ਪਾਰ’ ਵਿਚ ਕੰਮ ਕੀਤਾ।
    ?ਕਿਸ ਗਾਇਕ ਦੀ ਗਾਇਕੀ ਬਹੁਤ ਵਧੀਆ ਲਗਦੀ ਹੈ?
    -ਇਹ ਬਹੁਤ ਔਖਾ ਸਵਾਲ ਹੈ,ਸਭ ਤੋਂ ਪਹਿਲਾਂ ਤਾਂ ਮੈਂ ਕੁਲਦੀਪ ਮਾਣਕ ਸਾਹਿਬ ਦਾ ਬਹੁਤ ਫੈਨ ਹਾਂ,ਉਹਨਾਂ ਦੇ ਪੁਰਾਣੇ ਗੀਤ ਸੁਣ ਕੇ ਬਹੁਤ ਅੱਛਾ ਲਗਦਾ ਹੈ,ਬਾਕੀ ਸਮੇਂ ਸਮੇਂ ਦੇ ਨਾਲ ਨਾਲ ਦੁਰਗਾ ਰੰਗੀਲਾ,ਨਛੱਤਰ ਗਿੱਲ,ਸਤਵਿੰਦਰ ਬੁੱਗਾ,ਬਲਵਿੰਦਰ ਸਫਰੀ ਮੈਨੂੰ ਅੱਛੇ ਲਗਦੇ ਹਨ।
    ?ਆਪ ਖੁਦ ਲਿਖਦੇ ਵੀ ਹੋ?
    -ਹਾਂਜੀ,ਕੋਸ਼ਿਸ਼ ਕਰਦਾ ਹਾਂ,ਮੈਂ ਕਾਫੀ ਕੁਝ ਲਿਖਿਆ,ਆਪਣੇ ਲਿਖੇ ਗੀਤ ਖੁਦ ਵੀ ਗਾਏ,ਬਲਵਿੰਦਰ ਸਫਰੀ ਜੀ ਨੇ ਵੀ ਗਾਏ। ਗੀਤਾਂ ਤੋਂ ਇਲਾਵਾ ਮੈਂ ਇਕ ਕਿਤਾਬ ਸੰਪਾਦਿਤ ਕੀਤੀ ਹੈ ‘ਸੰਗਤ ਪੁਰ ਦਾ ਮੋਹ’ ਜੋ ਕਿ ਮੇਰੇ ਪਿੰਡ ਨਾਲ ਸਬੰਧਿਤ ਹੈ,4-5 ਸਾਲ ਦੀ ਮਿਹਨਤ ਤੋਂ ਬਾਅਦ ਇਹ ਕਿਤਾਬ ਛਪੀ।ਇਸ ਵਿਚ ਮੇਰੇ ਪਿੰਡ ਦੇ ਬਣਨ ਤੋਂ ਪਹਿਲਾ ਇਸ ਜ਼ਮੀਨ ਤੇ ਕੀ ਸੀ? ਇਹ ਪਿੰਡ ਕਿਵੇਂ ਬਣਿਆ? ਪਿੰਡ ਦਾ ਪਹਿਲਾ ਨਾਮ ਖੁਸਰਾ ਪੁਰ ਸੀ, ਇਹ ਖੁਸਰਾ ਪੁਰ ਤੋਂ ਸੰਗਤ ਪੁਰ ਕਿਵੇਂ ਹੋਇਆ? ਪਿੰਡ ਦੇ ਪਹਿਲੇ ਸਰਪੰਚ ‘ਤੋਂ ਲੈ ਕੇ ਹੁਣ ਤੱਕ ਦੇ ਸਾਰੇ ਸਰਪਚਾਂ ਬਾਰੇ ਜਾਣਕਾਰੀ।ਇਸ ਤਰ੍ਹਾਂ ਦੀ ਜਾਣਕਾਰੀ ਓਦੋਂ ਤੋਂ ਲੈ ਕੇ ਹੁਣ ਤਕ ਦਾ ਪਿੰਡ ਦਾ ਸਾਰਾ ਇਤਹਾਸ ਇਕੱਠਾ ਕਰਨ ਦੀ ਕੋਸ਼ੀਸ਼ ਕੀਤੀ ਹੈ।

    ?ਅੱਜ ਕੱਲ੍ਹ ਕੀ ਕਰ ਰਹੇ ਹੋ?
    -ਪਿਛਲੇ ਤਿੰਨ ਸਾਲਾਂ ‘ਤੋਂ ਇੰਗਲੈਂਡ ਦੇ ਮੈਂ ਆਪਣੇ ਕਵੈਂਟਰੀ ਸ਼ਹਿਰ ‘ਤੋਂ ਇਕ ਰੇਡੀਓ ਚਲਾ ਰਿਹਾ ਹਾਂ, ਜਿਸ ਦਾ ਨਾਮ ਹੈ “ਰੇਡੀਓ ਪੰਜ” ਜੋ 1521 ਏ.ਐਮ ‘ਤੇ ਚਲ ਰਿਹਾ ਹੈ,ਇਹ ਰੇਡੀਓ ਸਭ ਦਾ ਸਾਂਝਾ ਰੇਡੀਓ ਹੈ,ਸਰੋਤਿਆਂ ਦਾ ਬਹੁਤ ਪਿਆਰ ਮਿਲ ਰਿਹਾ ਹੈ।ਸਮੇਂ-ਸਮੇਂ ‘ਤੇ ਰੇਡੀਓ ਪੰਜ ਦੀ ਟੀਮ ਜਿਸ ਵਿਚ ਮੇਰੇ ਨਾਲ ਜਰਨੈਲ ਪਾਸਲਾ,ਦਵਿੰਦਰ ਸਿੰਘ ਸੋਮਲ,ਰਾਜਿੰਦਰ ਸਿੰਘ ਮਾਨ,ਉੱਘੇ ਸੰਗੀਤਕਾਰ ਬਲਦੇਵ ਮਸਤਾਨਾ,ਅਮਨਦੀਪ ਸ਼ੋਕਰ,ਰਾਜਦੀਪ ਸ਼ੋਕਰ ‘ਤੇ ਹੋਰ ਦੋਸਤ ਰਲ ਕੇ ਸੱਭਿਆਚਾਰਕ ਸਮਾਗਮ ਕਰਵਾਉਂਦੇ ਰਹਿੰਦੇ ਹਾਂ।“ਰੇਡੀਓ ਪੰਜ” ਵੱਲੋਂ ਚੈਰਟੀ ਲਈ ਵੀ ਵੱਧ ਚੜ੍ਹ ਕੇ ਉਪਰਾਲੇ ਕੀਤੇ ਜਾਂਦੇ ਹਨ।
    ?ਗਾਇਕੀ ਦੇ ਨਾਲ-ਨਾਲ ਤੁਹਾਡਾ ਨਾਮ ਸਮਾਜ ਸੇਵਕ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ,ਇਹ ਪ੍ਰੇਰਨਾ ਕਿੱਥੋ ਮਿਲੀ?
    -ਪਿਤਾ ਜੀ ਤੋਂ,ਕਿਉਂਕਿ ਮੇਰੇ ਪਿਤਾ ਜੀ ਨੇ ਆਪਣੀ ਸਾਰੀ ਜ਼ਿੰਦਗੀ ਦੂਸਰਿਆ ਦੀ ਭਲਾਈ ਵਾਸਤੇ ਲਾ ਦਿੱਤੀ,ਉਹ ਪਿੰਡ ਵਿਚ 15 ਸਾਲ ਸਰਪੰਚ ਰਹੇ,15 ਸਾਲਾਂ ਵਿਚ ਸਾਡੇ ਪਿੰਡ ਪੁਲਿਸ ਨਹੀਂ ਆਈ,ਕੋਈ ਕੇਸ ਥਾਣੇ ਨਹੀਂ ਗਿਆ ਲੋਕ ਕਚਹਿਰੀਆਂ ​ ਵਿਚ ਨਹੀਂ ਰੁਲੇ।ਪਿਤਾ ਜੀ ਨੂੰ ਇਲਾਕੇ ਵਿਚ ਵਿਚੋਲੇ ਦੇ ਤੌਰ ਤੇ ਵੀ ਜਾਣਿਆ ਜਾਦਾਂ ਸੀ,ਉਹਨਾਂ ਦਾ ਕਹਿਣਾ ਸੀ ,ਕਿ ਰਿਸ਼ਤਾ ਕਰਵਾਉਣਾ ਦੋ ਧਿਰਾਂ ਨੂੰ ਆਪਸ ਵਿਚ ਮਿਲਾਉਣਾ ਇਕ ਪਿੰਡ ਵਸਾਉਣ ਜਿਨ੍ਹਾਂ ਪੁੰਨ ਲਗਦਾ ਹੈ ।
    ?ਪਰਿਵਾਰ ਵਿਚ ਕੌਣ ਕੌਣ ਹੈ?
    -ਮੇਰੇ ਮਾਤਾ ਜੀ,ਮੇਰੀ ਪਤਨੀ,ਇਕ ਬੇਟਾ ਇਕ ਬੇਟੀ, ਮੇਰੀ ਪੋਤੀ ‘ਤੇ ਮੇਰੀ ਭੈਣ ਵੀ ਇੰਗਲੈਂਡ ਹੀ ਰਹਿੰਦੀ ਹੈ ,ਤੇ ਮੇਰਾ ਛੋਟਾ ਭਰਾ ਪਿੰਡ ਰਹਿੰਦਾ ਹੈ।
    ?ਮੁੰਡੇ ਆਪਣੇ ਡੋਲਿਆ ਤੇ ਸ਼ੇਰ, ਖੰਡਾ ਆਦਿ ਖੁਣਵਾਉਂਦੇ ਹਨ,ਪਰ ਅੱਜ-ਕੱਲ੍ਹ ਤਸਵੀਰ ਵੀ ਬਣਵਾਉਣ ਲੱਗ ਗਏ ਹਨ। ਪਰ ਤੁਸੀਂ ਬਹੁਤ ਸਾਲ ਪਹਿਲਾਂ ਆਪਣੇ ਪਿਤਾ ਜੀ ਦੀ ਤਸਵੀਰ ਆਪਣੇ ਡੋਲੇ ‘ਤੇ ਬਣਵਾ ਲਈ।ਜਦੋਂ ਤੁਸੀਂ ਇਹ ਤਸਵੀਰ ਬਣਵਾ ਕੇ ਆਪਣੇ ਪਿਤਾ ਜੀ ਨੂੰ ਦਿਖਾਈ ਤਾਂ ਉਹਨਾਂ ਦੇ ਹਾਵ ਭਾਵ ਕੀ ਸਨ?


    -ਤਸਵੀਰ ਬਣਾਉਣ ਵਾਲਿਆ ਨੇ ਤਸਵੀਰ ਬਣਾ ਕੇ ਤਿੰਨ ਦਿਨ ਲਈ ਮੇਰੀ ਬਾਹ ਤੇ ਪੱਟੀ ਕਰ ਦਿੱਤੀ ,ਘਰਦਿਆ ਨੇ ਮੈਨੂੰ ਪੁੱਛਿਆ ਇਹ ਕੀ ਹੋਇਆ!ਤੇ ਮੈਂ ਕਹਿ ਦਿੱਤਾ ਕਿ ਕੰਮ ਕਰਦੇ ਦੇ ਥੋੜ੍ਹੀ ਜਿਹੀ ਸੱਟ ਲਗ ਗਈ ਹੈ।ਤਿੰਨ ਦਿਨ ਬਾਅਦ ਮੈਂ ਆਪਣੀ ਬਾਹ ਪਿਤਾ ਜੀ ਨੂੰ ਦਿਖਾਈ, ਤਾਂ ਉਹ ਦੇਖ ਕੇ ਹੈਰਾਨ ਹੋ ਗਏ,ਉਹਨਾਂ ਸੋਚਿਆ ਸ਼ਾਇਦ ਇਹ ਤਸਵੀਰ ਬਾਹ ਦੇ ਉੱਤੇ ਵੈਸੇ ਹੀ ਲਗਾਈ ਹੈ,ਜਦ ਉਹਨਾਂ ਨੇ ਬਾਹ ਤੇ ਹੱਥ ਲਾ ਕੇ ਦੇਖਿਆ ਤਾਂ ਉਹਨਾਂ ਦੇ ਬੁੱਲਾਂ ਤੇ ਖੁਸ਼ੀ ਵੀ ਸੀ ਤੇ ਅੱਖਾਂ ਵਿਚ ਹੰਝੂ ਆ ਗਏ,ਕਹਿੰਦੇ ਤੈਨੂੰ ਤਾਂ ਇਹ ਖੁਣਵਾਉਂਦੇ ਬਹੁਤ ਦਰਦ ਹੋਇਆ ਹੋਣਾ,ਤੂੰ ਇਸ ਤਰ੍ਹਾਂ ਕਿੳਂੁ ਕੀਤਾ! ਮੈਂ ਕਿਹਾ ਬਾਪੂ ਜੀ ਮੈਂ ਹਮੇਸ਼ਾ ਤੁਹਾਨੂੰ ਆਪਣੇ ਨਾਲ ਰੱਖਣਾ ਚਾਹੁੰਦਾ ਹਾਂ। ਵੈਸੇ ਤਾਂ ਉਹ ਮੇਰੇ ਦਿਲ ਵਿਚ ਵਸਦੇ ਹਨ,ਬਸ ਇਹ ਇਕ ਸ਼ੋਂਕ ਸੀ। ਬਾਕੀ ਦੁਸਰੀ ਗੱਲ ਮੁੰਡਿਆ ਦਾ ਡੋਲਿਆ ਉੱਤੇ ਸ਼ੇਰ,ਖੰਡਾ ਬਣਵਾਉਣਾ ਇਹ ਆਪੋ ਆਪਣੇ ਸ਼ੋਂਕ ਦੀ ਗੱਲ ਹੈ, ਹੁਣ ਤਸਵੀਰਾਂ ਵੀ ਬਣਵਾਉਣ ਲੱਗ ਗਏ ਹਨ,ਇਹ ਰਿਵਾਜ਼ ਪਿਛਲੇ ਕੁਝ ਸਾਲਾਂ ‘ਤੋਂ ਪਿਆ ਹੈ, ਪਰ ਮੈਂ ਇਹ ਤਸਵੀਰ 22 ਕੁ ਸਾਲ ਪਹਿਲਾ ਬਣਵਾਈ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!