ਮਨਦੀਪ ਕੌਰ ਭੰਮਰਾ
ਮੇਰੇ ਕੰਨੀਂ ਪਿੱਪਲ਼ ਪੱਤੀਆਂ ਸਨ
ਜਦੋਂ ਮੈਂ ਤੇਰੇ ਪੈੜ ਚਿੰਨ੍ਹਾਂ ‘ਤੇ ਤੁਰਦੀ
ਤੁਰਦੀ ਨੇ ਇੱਕ ਦਿਨ ਹਿੰਮਤ ਕਰਕੇ
ਆਪਣੇ ਨਵੇਂ ਰਾਹ ਤਲਾਸ਼ ਲੈਣ ਦੀ
ਜੁਰੱਅਤ ਕਰ ਹੀ ਲਈ ਸੀ ਅਤੇ
ਜਾ ਨੱਪੇ ਸਨ ਨਵੇਂ ਸੂਰਜਾਂ ਦੇ ਸਿਰਨਾਵੇਂ
ਗੁਆਚੀ ਜ਼ਿੰਦਗੀ ਦੇ ਨਵੇਂ ਅਰਥ
ਲੱਭਦੀ ਅੱਜ ਇੱਥੋਂ ਤੀਕ ਆਣ ਪੁੱਜੀ ਹਾਂ
ਤੇਰੇ ਸੁਨਹਿਰੀ ਨਕਸ਼ਾਂ ‘ਚ ਜ਼ਿੰਦਗੀ ਦੇ
ਅਰਥ ਭਾਲ਼ਦੀ ਜਦੋਂ ਮੈਂ ਥੱਕ ਹਾਰ ਜਾਂਦੀ
ਅਕਸਰ ਸੋਚਿਆ ਕਰਦੀ ਕਿ
-ਕੀ ਜ਼ਿੰਦਗੀ ਇਹੋ ਹੁੰਦੀ ਹੈ!
ਸੁਨਹਿਰੀ ਸੁਪਨਿਆਂ ਦੇ ਭਰਮ ਵਿੱਚ ਜਿਉਣਾ
ਤਿਲ-ਤਿਲ ਮਰਨਾ ਤੇ ਦਰਦ ਸਹਿਣਾ,ਜ਼ਿਬਾਹ ਹੋਣਾ
ਘੋਰ ਮਾਨਸਿਕ ਪੀੜਾਂ ਵਿੱਚੋਂ ਗੁਜ਼ਰਨਾ
ਫਿਰ ਵੀ ਬੱਚਿਆਂ ਦੀ ਮੁਸਕਰਾਹਟ
ਖਾਤਰ ਖੁਸ਼ ਰਹਿਣਾ,ਹੱਸਦੇ ਰਹਿਣਾ
ਆਪਣੀ ਹੋਂਦ ਦੇ ਅਹਿਸਾਸ ਨੂੰ ਭੁੱਲ ਬਹਿਣਾ
ਸਮਾਜੀ ਕਦਰਾਂ ਕੀਮਤਾਂ ਦਾ ਭਾਰ ਚੁੱਕੀ ਰੱਖਣਾ
ਸਭਨਾਂ ਨੂੰ ਖੁਸ਼ ਕਰਨਾ ਪਰ ਅੰਦਰੋਂ ਉਦਾਸ ਹੋਣਾ
ਤਲਖ਼ ਤਜਰਬਿਆਂ ਨੂੰ ਹੰਢਾਉਣਾ
ਅਤੇ ਚੁੱਪ ਰਹਿਣਾ,ਕੂਣਾ ਨਾਂਹ
ਉਫ਼ ਨਾਂਹ ਕੱਢਣੀ ਅਤੇ ਸਹਿ ਜਾਣਾ ਪਰ ਸੋਚਦੀ
-ਕੀ ਜ਼ਿੰਦਗੀ ਇਹੋ ਹੁੰਦੀ ਹੈ?
ਮੈਂ ਤੁਰਦੀ ਰਹੀ ਤੁਰਦੀ ਗਈ
ਨਵੇਂ ਅਰਥਾਂ ਦੀ ਭਾਲ਼ ਵਿੱਚ ਮੈਂ ਟੱਪ ਆਈ
ਉਹ ਸਰਦਲ ਜਿਹੜੀ ਸਿਰ ‘ਤੇ ਛੱਤ ਹੋਣ
ਦਾ ਭਰਮ ਦਿੰਦੀ ਸੀ ਪਰ ਸੀ ਨਹੀਂ
ਸੁਹਣੇ ਸੱਜਣਾਂ ਸ਼ੁਕਰ ਏਨਾ ਕਿ ਤੇਰੀ
ਖੁਸ਼ਬੋਈ ਮੇਰੇ ਅੰਗ ਸੰਗ ਰਹੀ
ਅਤੇ ਮੈਂ ਤੇਰੇ ਹਰ ਸਾਹ ਦਾ ਸੰਗ ਮਾਣਦੀ
ਔਝੜੇ ਰਾਹਾਂ ‘ਤੇ ਬੇਖੌਫ਼ ਤੇ ਨਿੱਡਰ ਵਿੱਚਰਦੀ ਰਹੀ
ਜ਼ਿੰਦਗੀ ਦੇ ਹਰ ਔਖੇ ਰਾਹ ਨੂੰ ਪਾਰ ਕਰਦੀ ਰਹੀ
ਬੱਚਿਆਂ ਦੇ ਸੁਪਨਿਆਂ ਵਿੱਚ ਨਵੇਂ ਅਰਥ ਭਰਨ
ਦੀ ਕੋਸ਼ਿਸ਼ ਕਰਦੀ ਰਹਿੰਦੀ ਸੋਚਦੀ ਰਹਿੰਦੀ
-ਕਿ ਸ਼ਾਇਦ ਇਹੋ ਜ਼ਿੰਦਗੀ ਹੁੰਦੀ ਹੈ।
ਸੋਚਦੀ ਉਹਨਾਂ ਸੋਨਚਿੜੀਆਂ ਬਾਰੇ
ਜਿੰਨਾਂ ਨੂੰ ਹਾਣੀ ਮਰਦਾਂ ਦਾ ਵੀ ਸਾਥ
ਨਹੀਂ ਮਿਲ਼ਦਾ ਅਤੇ ਸੁਪਨਿਆਂ ਦੀ
ਪੂਰਤੀ ਕਰਨ ਵਾਲ਼ਾ ਪਰਿਵਾਰ ਵੀ
ਆਪਣਾ ਨਹੀਂ ਬਣਿਆ ਹੋਵੇਗਾ ਕਦੀ
ਕਿੰਨ੍ਹੀ ਵਿਸ਼ਾਦਗ੍ਰਸਤ ਜ਼ਿੰਦਗੀ ਭੋਗਦੀਆਂ
ਰਹੀਆਂ ਹੋਣਗੀਆਂ ਅਤੇ ਹਨ ਸਾਡੀਆਂ ਮਾਵਾਂ,ਭੈਣਾਂ ਅਤੇ ਬੱਚੀਆਂ
ਕਿਹੋ ਜਿਹੀ ਹੋਵੇਗੀ ਜ਼ਿੰਦਗੀ
ਮਾਪਿਆਂ ਦੀਆਂ ਲਾਡਲੀਆਂ ਧੀਆਂ ਦੀ
ਮਾਸੂਮ, ਸੁਹਣੀਆਂ,ਕੋਮਲ ਜਿੰਦੜੀਆਂ ਦੀ
-ਕੀ ਇਹੋ ਜ਼ਿੰਦਗੀ ਹੁੰਦੀ ਹੈ?
ਉਮ੍ਹੜ ਆਉਂਦੇ ਹਨ ਮਨ ਵਿੱਚ
ਅਨੇਕਾਂ ਖ਼ਿਆਲ ਅਤੇ ਵਿਚਾਰ
ਜਿਹੜੇ ਲੋਕ ਮਰੇ ਹੋਏ ਸੁਪਨਿਆਂ ਸੰਗ
ਜਿਉਂਦੇ ਹਨ ਅਤੇ ਪੀੜਾਂ ਨਾਲ਼ ਭਰੇ ਰਹਿੰਦੇ ਹਨ
ਮਰਦ ਹੋਵੇ ਚਾਹੇ ਔਰਤ ਕੋਈ ਵੀ ਪਿਸ ਸਕਦਾ ਹੈ
ਜੀਵਨ ਦੇ ਇਸ ਘੋਲ਼ ਵਿੱਚ
ਬੱਸ ਨਿੱਤਰਨਾ ਪੈਂਦਾ ਹੈ ਅਤੇ ਘੁਲਣਾ ਪੈਂਦਾ ਹੈ
ਕਦੇ ਆਪਣੇ ਸੁਪਨਿਆਂ ਸੰਗ ਅਤੇ ਕਦੇ
ਇਰਦ ਗਿਰਦ ਲਿਪਟੀਆਂ ਜੰਜ਼ੀਰਾਂ ਸੰਗ
ਅਤੇ ਅਗਲੇ ਹੀ ਪਲ ਫਿਰ ਜੁੱਟ ਜਾਣਾ ਹੁੰਦੈ
ਨਵੇਂ ਸੂਰਜਾਂ ਦੀ ਤਲਾਸ਼ ਵਿੱਚ ਫਿਰ
-ਅਤੇ ਇਹੋ ਜ਼ਿੰਦਗੀ ਹੈ!
ਜ਼ਿੰਦਗੀ ਦੇ ਇਸ ਸਫ਼ਰ ਵਿੱਚ ਟੁੱਟਣਾ,
ਤਿੜਕਣਾ,ਮਨ ਦਾ ਬੁਝਣਾ,ਰੂਹ ਦਾ ਖੰਡਿਤ ਹੋਣਾ
ਅਤੇ ਆਤਮਾ ਦਾ ਭਟਕਣਾ ਹੁੰਦੈ
ਫਿਰ ਵੀ ਕਰਮ ਕਰਦਿਆਂ ਤੇ ਨਿੱਜ ਲਈ
ਜਿਉੰਦਿਆਂ ਵੀ ਪਰਿਵਾਰ ਅਤੇ ਸਮਾਜ
ਲਈ ਜਿਉਣਾ ਹੁੰਦੈ
ਭਿੜਨਾ,ਖਹਿਣਾ,ਜੂਝਣਾ ਅਤੇ ਕਦੇ ਕਦੇ
ਲਿਫਣਾ ਵੀ ਪੈਂਦੈ ਤੇ ਸਮਝਣਾ ਵੀ ਪੈਂਦੈ
ਰੂਹ ਦੀ ਕੋਮਲਤਾ ਨੂੰ ਵੱਜਦੀਆਂ ਸੱਟਾਂ
ਅਵਾਜ਼ਾਰ ਜ਼ਰੂਰ ਕਰਦੀਆਂ ਹਨ
ਪਰ ਫਿਰ ਵੀ ਇਹ ਅਹਿਸਾਸ ਹੁੰਦੈ
-ਕਿ ਇਹ ਵੀ ਜ਼ਿੰਦਗੀ ਹੈ।
ਜ਼ਿੰਦਗੀ ਦੇ ਅਜਬ ਪੜਾਵਾਂ ਥੀਂ ਗੁਜ਼ਰਦਿਆਂ
ਫੁੱਲਾਂ ਨੂੰ ਖਿੜਦਿਆਂ ਦੇਖਦਿਆਂ
ਵੇਲਾਂ ਨੂੰ ਵਧਦੇ ਵੇਖਦਿਆਂ
ਬਦਲਦੀਆਂ ਰੁੱਤਾਂ ਨੂੰ ਮਾਣਦਿਆਂ
ਸਭ ਅਨੁਭਵਾਂ ਵਿੱਚੋਂ ਨਿਕਲ਼ਦਿਆਂ
ਚੀਰਵੀਆਂ ਪੀੜਾਂ ਹੰਢਾਉਂਦਿਆਂ
ਦਰਦਾਂ ਨੂੰ ਸਹਿੰਦਿਆਂ ਖੁਸ਼ੀਆਂ ਨੂੰ ਮਾਣਦਿਆਂ
ਬੱਚਿਆਂ ਨੂੰ ਪਾਲ਼ਦਿਆਂ
ਉਹਨਾਂ ਦੇ ਵੱਡੇ ਹੋਇਆਂ ‘ਤੇ ਖ਼ੁਦ ਨੂੰ ਬੱਚੇ ਬਣਦੇ
ਮਹਿਸੂਸ ਕਰ ਆਖਰੀ ਉਮਰਾ ਵੱਲ ਵਧਦਿਆਂ
ਸੋਚਣਾ ਤੇ ਮਾਣਦੇ ਰਹਿਣਾ ਕਿ ਬੱਸ
-ਇਹੋ ਤਾਂ ਸੁਹਾਵਣੀ ਜ਼ਿੰਦਗੀ ਹੈ
ਲਮਕਦੇ ਹੋਏ ਕੰਨਾਂ ਦੀਆਂ
ਵਡੇਰੀਆਂ ਮੋਰੀਆਂ ਵਿੱਚ
ਜਦ ਤੱਕ ਲਮਕਦੀਆਂ ਹੋਈਆਂ ਪਿੱਪਲ ਪੱਤੀਆਂ
ਕਾਇਮ ਹਨ, ਸੋਚਦੀ ਹਾਂ ਕਿ
ਭਰਪੂਰ ਜਿਉਣਾ ਹੈ ਕਰਮ ਕਰਨਾ ਹੈ
ਕਲਮ ਦਾ ਸੰਘਰਸ਼ ਕਰਨਾ ਹੈ
ਜਾਂ ਕਿਸੇ ਨੇ ਕੋਈ ਵੀ ਕੰਮ ਕਰਨਾ ਹੈ
ਅਤੇ ਮੁਸਕਰਾਉਂਦੇ ਹੋਏ ਕਰਨਾ ਹੈ
ਦਰਦਾਂ ਨੂੰ ਜਜ਼ਬ ਕਰਕੇ ਜਿਉਣਾ ਹੈ
ਮਰਨੋਂ ਪਹਿਲਾਂ ਨਹੀਂ ਮਰਨਾ ਹੈ
‘ਪਿੱਪਲ਼ਪੱਤੀਆਂ’ਨੂੰ ਹਿੱਲਣ ਦੇਣਾ ਹੈ…!