ਗੁਰਸ਼ਰਨ ਕੌਰ ਮੋਗਾ
ਸਾਡੇ ਦਾਦਾ ਜੀ ਜਦੋਂ ਵੀ ਕਦੇ ਉਦਾਸ ਹੁੰਦੇ ਤਾਂ ਆਪਣੀ ਭੂਆ ਨੂੰ ਯਾਦ ਕਰਦੇ ਹੋਏ ਰੋ ਪੈਂਦੇ। ਅਸੀਂ ਹੈਰਾਨ ਹੁੰਦੇ ਕਿ ਇਸ ਉਮਰ ਵਿੱਚ ਉਹ ਭੂਆ ਨਾਲ ਕਿੰਨਾ ਮੋਹ ਰੱਖਦੇ ਹਨ।ਅਸਲ ਵਿੱਚ ਗੱਲ ਇਹ ਸੀ ਕਿ ਜਦੋਂ ਇੱਕ ਸਦੀ ਪਹਿਲਾਂ ਮਹਾਮਾਰੀ ਫੈਲੀ ਸੀ ਤਾਂ ਸਾਡੇ ਦਾਦਾ ਜੀ ਦੀ ਉਮਰ ਕੁੱਝ ਦਿਨਾਂ ਦੀ ਹੀ ਸੀ ਅਤੇ ਉਸ ਮਹਾਮਾਰੀ ਨੇ ਉਹਨਾਂ ਦੇ ਮਾਤਾ ਪਿਤਾ ਨੂੰ ਖੋਹ ਲਿਆ ਸੀ। ਉਨ੍ਹਾਂ ਦੀ ਭੂਆ ਨੇ ਆਪਣੇ ਬੱਚਿਆਂ ਸੰਗ ਭਰਾ ਦੀ ਇਸ ਇਕਲੌਤੀ ਨਿਸ਼ਾਨੀ ਨੂੰ ਵੀ ਪਾਲਿਆ ਪੋਸਿਆ ਸੀ ਅਤੇ ਵੱਡਾ ਹੋਣ ਤੇ ਸ਼ਰੀਕਾਂ ਵੱਲੋਂ ਦੱਬੀ ਜ਼ਮੀਨ ਵਾਪਸ ਕਰਵਾ ਕੇ ਹੀ ਉਹਨਾਂ ਦੇ ਪਿੰਡ ਭੇਜਿਆ ਸੀ। ਇਸ ਸਮੇਂ ਭੂਆ ਦੇ ਪੁੱਤ ਸਕੇ ਭਰਾਵਾਂ ਵਾਂਗ ਉਨ੍ਹਾਂ ਦੇ ਨਾਲ ਖੜ੍ਹੇ ਸਨ। ਸੱਚਮੁੱਚ ਭੂਆ ਦੀ ਇਹ ਬਹੁਤ ਵੱਡੀ ਮਿਹਰਬਾਨੀ ਸੀ ਅਤੇ ਦਾਦਾ ਜੀ ਦਾ ਭੂਆ ਪ੍ਰਤੀ ਭਾਵੁਕ ਹੋਣਾ ਕੁਦਰਤੀ ਸੀ। ਸਾਡੇ ਸਾਰੇ ਘਰਦਿਆਂ ਦੇ ਵੀ ਉਸ ਦਿਆਲੂ ਪਰਿਵਾਰ ਨਾਲ ਬੜੇ ਨਿੱਘੇ ਸਬੰਧ ਰਹੇ ਜਿਨ੍ਹਾਂ ਦੀ ਬਦੌਲਤ ਪਰਿਵਾਰ ਦਾ ਮੁਖੀ ਇਸ ਜਹਾਨ ਤੇ ਲੱਗਭੱਗ ਅੱਸੀ ਸਾਲ ਦੀ ਉਮਰ ਤੱਕ ਭਰੇ ਪੂਰੇ ਪਰਿਵਾਰ ਨਾਲ ਜੀਵਤ ਰਿਹਾ।
ਫਿਰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਸੰਤਾਲੀ ਵਾਲਾ ਕਹਿਰ ਵਾਪਰਿਆ ਸੀ। ਜਿਸ ਨੂੰ ਉਹ “ਹੱਲਾ ਗੁੱਲਾ” ਕਹਿੰਦੇ ਹੁੰਦੇ ਸਨ।ਇਸ ਭਰਾ ਮਾਰੂ ਜੰਗ ਨੇ ਉਨ੍ਹਾਂ ਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ ਸੀ।ਉਹ ਇਨ੍ਹਾਂ ਦੋਹਾਂ ਘਟਨਾਵਾਂ ਨੂੰ ਕਈ ਵਾਰ ਸਾਨੂੰ ਸੁਣਾਉਂਦੇ ਹੋਏ ਕਹਿੰਦੇ, ” ਪੁੱਤ ,ਉਹ ਬੜੇ ਮਾੜੇ ਸਮੇਂ ਸਨ,ਉਦੋਂ ਤਾਂ ਮਾਵਾਂ ਨੇ ਪੁੱਤ ਨਹੀਂ ਸੀ ਪਛਾਣੇ”।।ਨਿਆਣੀ ਉਮਰ ਵਿੱਚ ਅਸੀਂ ਇਹ ਗੱਲ ਸੁਣਕੇ ਡਰ ਜਾਂਦੇ। ਮਾਂ ਤੋਂ ਬਗ਼ੈਰ ਬੱਚਿਆਂ ਦੀ ਜਿੰਦਗੀ ਬਾਰੇ ਸੋਚ ਕੇ ਦਾਦਾ ਜੀ ਦੀ ਗੱਲ ਅੱਧ ਵਿਚਾਲੇ ਛੱਡ ਕੇ ਦੂਰ ਚਲੇ ਜਾਂਦੇ।ਮਾਂ ਤਾਂ ਕਿੰਨੀ ਮਜਬੂਰ ਹੋਵੇ ਬੱਚਿਆਂ ਨੂੰ ਤੱਤੀ ਵਾਅ ਨਹੀਂ ਲੱਗਣ ਦਿੰਦੀ, ਸਾਡੀਆਂ ਮਾਵਾਂ ਤਾਂ ਸਾਨੂੰ ਬੁਖਾਰ ਹੋਇਆ ਨਹੀਂ ਸਹਾਰਦੀਆਂ, ਆਦਿ ਗੱਲਾਂ ਨਾਲ ਮਨ ਨੂੰ ਧਰਵਾਸ ਦੇ ਲੈਂਦੇ ਅਤੇ ਸਮਝ ਲੈਂਦੇ ਕਿ ਦਾਦਾ ਜੀ ਨੂੰ ਭੁਲੇਖਾ ਲੱਗਿਆ ਹੋਵੇਗਾ ।
ਵੱਡੇ ਹੋ ਕੇ ਸੰਸਾਰ ਵਿੱਚ ਵਿਚਰਦਿਆਂ ਅੱਖੀਂ ਦੇਖਿਆ ਕਿ
ਮਾਵਾਂ ਤਾਂ ਬੁੱਢੀਆਂ ਹੋ ਕੇ ਵੀ ਜਵਾਨ ਪੁੱਤਾਂ ਧੀਆਂ ਦੀ ਖ਼ੈਰ ਮੰਗਦੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਦੇ ਖਾਣ ਪੀਣ ਦਾ ਫ਼ਿਕਰ ਕਰਦੀਆਂ ਰਹਿੰਦੀਆਂ ਹਨ। ਪੁੱਤ ਭਾਵੇਂ ਮੂੰਹੋਂ ਨਾ ਬੁਲਾਉਣ ਪਰ ਮਾਵਾਂ ਫਿਰ ਵੀ ਉਸ ਨੂੰ ਅਸੀਸਾਂ ਹੀ ਦਿੰਦੀਆਂ ਹਨ। ਜੇਕਰ ਕੋਈ ਮਾਂ ਨੂੰ ਉਸ ਦੇ ਪੁੱਤਰ ਦੀ ਮਾਪਿਆਂ ਬਾਰੇ ਬੇਰੁਖੀ ਯਾਦ ਕਰਾਉਂਦਾ ਹੈ ਤਾਂ ਝੱਟ ਕਹਿਣਗੀਆਂ,”ਪੁੱਤ ਕਪੁੱਤ ਹੋ ਜਾਂਦੇ ਐ, ਭਾਈ, ਮਾਪੇ ਕੁਮਾਪੇ ਨਹੀਂ ਹੁੰਦੇ। ਕੋਈ ਨਾ ਆਪੇ ਸਮਝ ਜਾਊ ,ਅਜੇ ਨਿਆਣਾ ਐ”। ਮਾਵਾਂ ਲਈ ਪੁੱਤ ਹਮੇਸ਼ਾਂ ਨਿਆਣੇ ਹੀ ਰਹਿੰਦੇ ਹਨ ਅਤੇ ਉਹ ਸਾਰੀ ਉਮਰ ਉਨ੍ਹਾਂ ਨੂੰ ਨਸੀਹਤਾਂ ਦਿੰਦੀਆਂ ਹੀ ਰਹਿੰਦੀਆਂ ਹਨ।
ਆਹ ਚੰਦਰੇ ਕਰੋਨਾ ਵਾਇਰਸ ਨੇ ਸੱਚੀਂਮੁੱਚੀ ਪੁੱਤ ਕਪੁੱਤ ਬਣਾ ਦਿੱਤੇ।ਇੱਕ ਪੂਰੀ ਸਦੀ ਪਿੱਛੋਂ ਪਨਪੀ ਇਸ ਮਹਾਮਾਰੀ ਨੇ ਫਿਰ ਸਾਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।ਸਰਕਾਰਾਂ ਦੇ ਸਿਰਤੋੜ ਯਤਨਾਂ ਦੇ ਬਾਵਜੂਦ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ।ਇਸ ਖ਼ਤਰਨਾਕ ਵਾਇਰਸ ਨਾਲ ਸਿੱਝਣ ਲਈ ਕੇਂਦਰ ਦੀ ਸਰਕਾਰ ਨੇ ਤਾਲਾਬੰਦੀ ਕੀਤੀ ਹੈ ਅਤੇ ਪੰਜਾਬ ਸਰਕਾਰ ਨੇ ਕਰਫਿਊ ਲਗਾ ਦਿੱਤਾ ਹੈ। ਵੱਡੀ ਪੱਧਰ ਤੇ ਲੋਕ ਇਸ ਬਿਮਾਰੀ ਤੋਂ ਪੀੜਤ ਹਨ। ਡਾਕਟਰਾਂ ਦੀ ਕੋਸ਼ਿਸ਼ ਨਾਲ ਕੁੱਝ ਕਰਮਾਂ ਵਾਲੇ ਠੀਕ ਹੋ ਜਾਂਦੇ ਹਨ ਅਤੇ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ।ਇਨ੍ਹਾਂ ਨਿਮਾਣਿਆਂ ਦਾ ਸਸਕਾਰ ਕਰਨ ਲਈ ਕਈਆਂ ਦੇ ਘਰਦੇ ਮੈਂਬਰ ਤਿਆਰ ਹੀ ਨਹੀਂ ਹੁੰਦੇ।ਪਤਾ ਨਹੀਂ ਬਿਮਾਰੀ ਦਾ ਖੌਫ਼ ਇੰਨਾ ਹੈ ਜਾਂ ਫਿਰ ਪੰਜਾਬ ਦੇ ਲੋਕਾਂ ਦਾ ਖੂਨ ਸਫੈਦ ਹੋ ਗਿਆ ਹੈ। ਪਿਛਲੇ ਦਿਨੀਂ ਅਖਬਾਰ ਦੀ ਖਬਰ ਪੜ੍ਹ ਕੇ ਦਿਲ ਦਹਿਲ ਗਿਆ ਕਿ ਇੱਕ ਬਜ਼ੁਰਗ ਔਰਤ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਦੇ ਬੁਲਾਉਣ ਦੇ ਬਾਵਜੂਦ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਮ੍ਰਿਤਕ ਦੇਹ ਨੂੰ ਅਗਨੀ ਦੇਣ ਲਈ ਵੀ ਤਿਆਰ ਨਹੀਂ ਹੋਏ। ਇੱਕ ਅੱਜ ਦੀ ਖਬਰ ਪੜ੍ਹੀ ਕਿ ਇੱਕ ਸੀਨੀਅਰ ਰੁਤਬੇ ਦੇ ਆਦਮੀ ਦੀ ਮ੍ਰਿਤਕ ਦੇਹ ਦਾ ਸਸਕਾਰ ਵੀ ਪ੍ਰਸ਼ਾਸਨ ਨੂੰ ਕਰਨਾ ਪਿਆ ਕਿਉਂਕਿ ਉਸ ਦੇ ਪਰਿਵਾਰ ਵਾਲਿਆਂ ਨੇ ਇਹ ਫ਼ਰਜ਼ ਨਿਭਾਉਣ ਤੋਂ ਇਨਕਾਰ ਕਰ ਦਿੱਤਾ ਸੀ। ਥੋੜ੍ਹੇ ਦਿਨ ਪਹਿਲਾਂ ਇੱਕ ਅਹਿਮ ਧਾਰਮਿਕ ਸ਼ਖਸੀਅਤ ਦਾ ਸਸਕਾਰ ਕਰਨ ਤੋਂ ਪਹਿਲਾਂ ਉਸ ਦੇ ਆਪਣੇ ਪਿੰਡ ਵਾਲਿਆਂ ਨੇ ਸਿਵਿਆਂ ਦੇ ਗੇਟ ਨੂੰ ਤਾਲਾ ਲਾ ਦਿੱਤਾ। ਇੱਕ ਹੋਰ ਬਜ਼ੁਰਗ ਦੀ ਅਰਥੀ ਨੂੰ ਚਾਰ ਕਾਨੀ ਵੀ ਨਹੀਂ ਨਸੀਬ ਹੋਏ।ਇਹੋ ਜਿਹੇ ਭੈਭੀਤ ਕਰਨ ਵਾਲੇ ਵਰਤਾਰਿਆਂ ਨੂੰ ਪੜ੍ਹ ਕੇ ਪਹਿਲਾਂ ਦੱਸੀ ਸਾਡੇ ਦਾਦਾ ਜੀ ਦੀ ਗੱਲ ਦੀ ਪੁਸ਼ਟੀ ਹੋ ਜਾਂਦੀ ਹੈ। ” ਪੁੱਤ ਉਦੋਂ ਮਾਂਵਾਂ ਨੇ ਪੁੱਤ ਨਹੀਂ ਸੀ ਪਛਾਣੇ।ਲੋਕਾਂ ਦਾ ਲਹੂ ਸਪੈਦ (ਸਫ਼ੈਦ) ਹੋ ਗਿਆ ਸੀ ਭਾਈ।ਆਪਣੇ ਬਿਗਾਨੇ ਹੋ ਜਾਂਦੇ ਐ, ਇਹੋ ਜਿਹੇ ਵੇਲੇ”। ਨਿੱਕੀ ਉਮਰੇ ਸੁਣੀ ਅਤੇ ਭੁੱਲੀ ਵਿਸਰੀ ਇਹ ਕਹਾਣੀ ਵਰਗੀ ਗੱਲ ਅੱਜ ਫਿਰ ਪਤਾ ਨਹੀਂ ਦਿਲ ਦੇ ਕਿਹੜੇ ਕੋਨੇ ਤੋਂ ਨਿਕਲ ਆਈ। ਕਿਉਂ ਪੰਜਾਬ ਅਤੇ ਪੰਜਾਬੀਅਤ ਦਾ ਮਾਣ ,ਅਪਣੱਤ,ਮੋਹ, ਹਮਦਰਦੀ, ਸਤਿਕਾਰ ਅਤੇ ਸੰਸਕਾਰ ਪਲਾਂ ਛਿਨਾਂ ਵਿੱਚ ਕਾਫ਼ੂਰ ਹੋ ਗਏ? ਪੰਜਾਬ ਦੇ ਲੋਕ ਇੰਨੇ ਨਿਰਮੋਹੇ ਕਿਉਂ ਹੋ ਗਏ? ਪਿਤਰੀ ਮੋਹ ਦੀਆਂ ਤੰਦਾਂ ਇੰਨੀਆਂ ਕਮਜ਼ੋਰ ਕਿਵੇਂ ਹੋ ਗਈਆਂ? ਕੀ ਰਿਸ਼ਤੇ ਦਿਖਾਵੇ ਲਈ ਹੀ ਹੁੰਦੇ ਹਨ? ਕੀ ਦਾਦਾ ਜੀ ਦੀ ਭੂਆ ਜਾਂ ਉਸ ਦੇ ਪਰਿਵਾਰ ਨੂੰ ਉਦੋਂ ਫ਼ੈਲੀ ਨਾਮੁਰਾਦ ਬਿਮਾਰੀ ਦਾ ਡਰ ਨਹੀਂ ਸੀ ? ਜਾਂ ਫਿਰ ਬਿਮਾਰੀ ਤੇ ਮੋਹ ਹਾਵੀ ਹੋ ਗਿਆ ਸੀ ਅਤੇ ਭੂਆ ਭੈਣ ਭਰਾ ਦੇ ਰਿਸ਼ਤੇ ਦੀ ਮਜ਼ਬੂਤੀ ਦੀ ਉਦਾਹਰਣ ਵਜੋਂ ਉੱਭਰੀ। ਨਿਰੇ ਹੀ ਸਵਾਲ ਜ਼ਿਹਨ ਵਿੱਚ ਖੌਰੂ ਪਾ ਰਹੇ ਹਨ।ਪੰਜਾਬ ਵਿੱਚ ਤਾਂ ਹਮਸਾਏ ਵੀ ਮਾਂ ਪਿਉ ਜਾਏ ਹੁੰਦੇ ਸਨ ਪਰ ਬਿਪਤਾ ਦੀ ਇਸ ਘੜੀ ਵਿੱਚ ਪੰਜਾਬੀ ਆਪਣਿਆਂ ਤੋਂ ਹੀ ਮੁੱਖ ਮੋੜ ਗਏ, ਕੇਹੀ ਵਿਡੰਬਨਾ ਹੈ ਇਹ!
ਪਰ ਜਿਵੇਂ ਹਰ ਕਾਲੇ ਬੱਦਲ ਦੀ ਚਿੱਟੀ ਕੰਨੀ ਜ਼ਰੂਰ ਹੁੰਦੀ ਹੈ, ਉਸ ਤਰ੍ਹਾਂ ਕੁੱਝ ਸੂਝਵਾਨ ਲੋਕਾਂ ਨੇ ਪੰਜਾਬੀਅਤ ਦੀ ਲਾਜ ਵੀ ਰੱਖੀ ਹੈ।ਉਹ ਜਿੱਥੇ ਭੁੱਖਿਆਂ ਲਈ ਲੰਗਰ ਲਾ ਰਹੇ ਹਨ ਉੱਥੇ ਆਪਣਿਆਂ ਵੱਲੋਂ ਵਿਸਾਰੀਆਂ ਮ੍ਰਿਤਕ ਦੇਹਾਂ ਦੇ ਸਸਕਾਰ ਅਤੇ ਉਨ੍ਹਾਂ ਭੋਗ ਦੀਆਂ ਰਸਮਾਂ ਵੀ ਨਿਭਾ ਰਹੇ ਹਨ।ਇਹੋ ਜਿਹੇ ਲੋਕ ਹੀ ਅਸਲੀ ਲੋਕ ਨਾਇਕ ਹੁੰਦੇ ਹਨ ਅਤੇ ਸਨਮਾਨ ਦੇ ਯੋਗ ਹੁੰਦੇ ਹਨ।
ਗੁਰਸ਼ਰਨ ਕੌਰ ਮੋਗਾ
ਸੰਪਰਕ 9876635262