ਮਨਦੀਪ ਕੌਰ ਭੰਮਰਾ
ਹਰ ਹੰਝੂ ਤੇਰਾ ਫੁੱਲ ਬਣੇਗਾ ਜਾਂ ਬਣੇਗਾ ਤਾਰਾ,
ਪਰ ਜਾਣ ਲਵੀਂ ਦੁੱਖ ਵਿੱਚ ਬੀਤੇ ਜੀਵਨ ਸਾਰਾ।
ਕਰ ਜੁੜ ਜਾਵਣ ਦੋਵੇਂ ਤੇਰੇ ਬੇਸ਼ੱਕ ਉਹਦੇ ਅੱਗੇ,
ਬਣ ਨਹੀਂ ਸਕਦਾ ਸਾਰਾ ਆਲਮ ਤੇਰਾ ਸਹਾਰਾ।
ਤਰ ਜਾਵੇਂ ਉੱਦਮ ਸਦਕੇ ਜੇਕਰ ਲੰਮਾ ਜੇਰਾ ਰੱਖੇਂ,
ਖਰ ਨਾ ਜਾਵੀਂ ਲੂਣ ਵਾਂਗਰਾਂ ਦਿਸੇ ਨਾ ਕਿਨਾਰਾ।
ਹਰ ਕੇ ਜਿੱਤੀ ਬਾਜ਼ੀ ਜੀਵਨ ਵਾਲ਼ੀ ਨਾ ਤੂੰ ਹਾਰੀਂ,
ਹੋ ਜਾਵੇਗਾ ਇੱਕਦਿਨ ਦੇਖੀਂ ਤੇਰਾ ਪਾਰਉਤਾਰਾ।
ਡਰ ਜਾਵੀਂ ਨਾ ਉਹਨਾਂ ਕੋਲ਼ੋਂ ਜਿਹੜੇ ਡਾਹਢੇ ਹੁੰਦੇ,
ਡਰ ਜਾਵਣਗੇ ਇੱਕਦਿਨ ਉਹ ਹੀ ਦੇਖ ਨਜ਼ਾਰਾ।
ਸਰ ਹੁੰਦੇ ਸਾਰੇ ਪੈਂਡੇ ਮੰਜ਼ਿਲ ਮਿਲ਼ਦੀ ਉਹਨਾਂ ਨੂੰ,
ਹਸ ਕੇ ਸਹਿ ਜਾਵਣ ਆਵੇ ਪੈਰਾਂ ਹੇਠ ਅੰਗਾਰਾ।
ਲਗ ਜਾਂਦੇ ਨੇ ਫੁੱਲ ਫਲ਼ ਦੋਵੇਂ ਮੀਹਾਂ ਧੁੱਪਾਂ ਸਹਿਕੇ,
ਠਰ ਜਾਂਦਾ ਹੈ ਬਿ੍ਰਖ ਦਾ ਸੀਨਾ ਫਿਰ ਦੁਖਿਆਰਾ।