
ਨਵੀਂ ਦਿੱਲੀ (ਪੰਜ ਦਰਿਆ ਬਿਊਰੋ) ਕਾਬੁਲ ਦੇ ਗੁਰਦਵਾਰੇ ‘ਤੇ ਬੁੱਧਵਾਰ ਹਮਲਾ ਕਰਕੇ 25 ਸ਼ਰਧਾਲੂਆਂ ਨੂੰ ਮਾਰਨ ਵਾਲੇ ਇਸਲਾਮਿਕ ਸਟੇਟ ਦੇ ਤਿੰਨ ਆਤਮਘਾਤੀ ਹਮਲਾਵਰਾਂ ਵਿਚ ਇਕ ਕੇਰਲਾ ਦਾ ਸੀ। ਕੇਂਦਰੀ ਇੰਟੈਲੀਜੈਂਸ ਏਜੰਸੀਆਂ ਨੇ ਉਸ ਦੀ ਪਛਾਣ ਮੁਹੰਮਦ ਮੋਹਸਿਨ ਵਜੋਂ ਕੀਤੀ ਹੈ। ਕਨੂੰਰ ਵਿਚ ਰਹਿੰਦੇ ਉਸ ਦੇ ਪਰਵਾਰ ਵੱਲੋਂ ਦਿੱਤੀ ਸੂਚਨਾ ਦੇ ਆਧਾਰ ‘ਤੇ ਉਸ ਦੀ ਪਛਾਣ ਕੀਤੀ ਗਈ ਹੈ। ਇਸਲਾਮਿਕ ਸਟੇਟ (ਆਈ ਐੱਸ) ਦੇ ਮੈਗਜ਼ੀਨ ਅਲ ਨਬਾ ਨੇ ਸ਼ੁੱਕਰਵਾਰ ਹਮਲਾਵਰਾਂ ਦੀਆਂ ਤਸਵੀਰਾਂ ਛਾਪੀਆਂ। ਇਨ੍ਹਾਂ ਵਿਚੋਂ ਇਕ ਤਸਵੀਰ ਅਬੂ ਖਾਲਿਦ ਅਲ-ਹਿੰਦੀ ਦੀ ਦੱਸੀ ਗਈ ਹੈ। ਪਰਵਾਰ ਨੇ ਤਸਵੀਰ ਦੇਖ ਕੇ ਦੱਸਿਆ ਕਿ ਇਹ ਉਨ੍ਹਾ ਦਾ ਬੇਟਾ ਮੋਹਸਿਨ ਹੈ। ਮੋਹਸਿਨ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਰ ਰਾਹੀਂ ਇਕ ਸੁਨੇਹਾ ਮਿਲਿਆ ਕਿ ਤੁਹਾਡੇ ਬੇਟੇ ਨੇ ਕਾਬੁਲ ਹਮਲੇ ਦੌਰਾਨ ਸ਼ਹਾਦਤ ਪਾ ਲਈ ਹੈ। ਇੰਟੈਲੀਜੈਂਸ ਸੂਤਰਾਂ ਮੁਤਾਬਕ ਕੇਰਲਾ ਦੇ ਦੋ ਮੁਹੰਮਦ ਮੋਹਸਿਨ ਇਸਲਾਮਿਕ ਸਟੇਟ ਨਾਲ ਰਲੇ ਸਨ। ਇਕ ਜੁਲਾਈ 2019 ਨੂੰ ਅਮਰੀਕੀ ਹਵਾਈ ਹਮਲੇ ਵਿਚ ਮਾਰਿਆ ਗਿਆ ਸੀ। ਉਹ ਮੱਲਾਪੁਰਮ ਦਾ ਇੰਜੀਨੀਅਰਿੰਗ ਗ੍ਰੈਜੂਏਟ ਸੀ ਤੇ 2017 ਵਿਚ ਆਈ ਐੱਸ ਵਿਚ ਸ਼ਾਮਲ ਹੋਇਆ ਸੀ। ਗੁਰਦਵਾਰੇ ‘ਤੇ ਹਮਲਾ ਕਰਨ ਵਾਲਾ ਕਾਸਰਗੋਡ ਜ਼ਿਲ੍ਹੇ ਦੇ ਟਿੱਕਰੀਪੁਰ ਦਾ ਸੀ ਤੇ 2018 ਵਿਚ ਦੁਬਈ ਰਾਹੀਂ ਅਫਗਾਨਿਸਤਾਨ ਗਿਆ ਸੀ। ਉਸ ਨੇ ਪੜ੍ਹਾਈ ਵਿੱਚੇ ਛੱਡ ਦਿੱਤੀ ਸੀ।