
ਸ੍ਰੀ ਗੋਇੰਦਵਾਲ ਸਾਹਿਬ (ਪੰਜ ਦਰਿਆ ਬਿਊਰੋ): ਥਾਣਾ ਗੋਇੰਦਵਾਲ ਸਾਹਿਬ ਅਧੀਨ ਪਿੰਡ ਲੋਹਾਰ ਵਿਚ ਦਲਿਤ ਬਸਤੀ ਵਿਚ ਲੰਗਰ ਵੰਡ ਰਹੇ ਸਮਾਜ ਸੇਵਕਾਂ ‘ਤੇ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਪੁਲੀਸ ਚੌਕੀ ਡੇਹਰਾ ਸਾਹਿਬ ਦੇ ਇੰਚਾਰਜ ਇੰਸਪੈਕਟਰ ਸੋਨੇ ਨੇ ਦੱਸਿਆ ਕਿ ਮਹਿਤਾ ਕਾਲੂ ਸੇਵਾ ਸੁਸਾਇਟੀ ਦੀ ਟੀਮ ਜਦੋਂ ਪਿੰਡਾਂ ਵਿਚ ਲੰਗਰ ਵੰਡਣ ਗਈ ਤਾਂ ਪਿੰਡ ਲੋਹਾਰ ‘ਚ ਕੁਝ ਵਿਅਕਤੀਆਂ ਨੇ ਹੁੱਲੜਬਾਜ਼ੀ ਕਰਦਿਆਂ ਸੇਵਾਦਾਰਾਂ ‘ਤੇ ਥੋੜ੍ਹਾ ਲੰਗਰ ਦੇਣ ਦੇ ਦੋਸ਼ ਲਾਏ। ਉਨ੍ਹਾਂ ਲੰਗਰ ਵਾਲੀ ਗੱਡੀ ਉੱਪਰ ਇਟਾਂ ਰੋੜ੍ਹਿਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਗੱਡੀ ਦੇ ਸ਼ੀਸ਼ੇ ਟੁੱਟ ਗਏ ਅਤੇ ਇਕ ਸੇਵਾਦਾਰ ਜ਼ਖ਼ਮੀ ਹੋ ਗਿਆ। ਮੌਕੇ ‘ਤੇ ਮੌਜੂਦ ਪੁਲੀਸ ਪਾਰਟੀ ਨੇ ਸਥਿਤੀ ‘ਤੇ ਕਾਬੂ ਪਾਇਆ। ਡੀਐੱਸਪੀ ਗੋਇੰਦਵਾਲ ਸਾਹਿਬ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਜਾਂਚ ਮਗਰੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।