
ਪਟਨਾ (ਪੰਜ ਦਰਿਆ ਬਿਊਰੋ) ਪੂਰੀ ਦੁਨੀਆ ਦੇ ਨਾਲ ਕੋਰੋਨਾ ਵਾਇਰਸ ਨਾਲ ਜੂਝ ਰਹੇ ਬਿਹਾਰ ਨੂੰ ਤੀਹਰੀ ਮਾਰ ਪਈ ਹੈ। ਉਥੇ ਕੋਰੋਨਾ ਦੇ ਨਾਲ-ਨਾਲ ਬਰਡ ਫਲੂ ਨਾਲ ਸਨਸਨੀ ਫੈਲ ਗਈ ਹੈ। ਸਵਾਈਨ ਫਲੂ ਦੀ ਆਹਟ ਵੀ ਮਹਿਸੂਸ ਕੀਤੀ ਜਾ ਰਹੀ ਹੈ। ਇਹੀ ਨਹੀਂ ਚਮਕੀ ਬੁਖਾਰ ਦਾ ਵੀ ਕੇਸ ਸਾਹਮਣੇ ਆਇਆ ਹੈ। ਬੀਤੇ ਸਾਲ ਚਮਕੀ ਬੁਖਾਰ ਨਾਲ 431 ਬੱਚੇ ਬਿਮਾਰ ਹੋਏ ਸਨ ਤੇ 111 ਬੱਚਿਆਂ ਦੀ ਮੌਤ ਹੋ ਗਈ ਸੀ।
ਪਟਨਾ, ਨਾਲੰਦਾ ਤੇ ਨਵਾਦਾ ਜ਼ਿਲ੍ਹਿਆਂ ਵਿਚ ਸੈਂਕੜੇ ਪੰਛੀਆਂ ਦੇ ਮਰਨ ਦੀਆਂ ਰਿਪੋਰਟਾਂ ਹਨ। ਭਾਗਲਪੁਰ ਤੇ ਰੋਹਤਾਸ ਜ਼ਿਲ੍ਹਿਆਂ ਵਿਚ 50 ਸੂਰਾਂ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਸਮਝਿਆ ਜਾ ਰਿਹਾ ਹੈ ਕਿ ਪੰਛੀ ਬਰਡ ਫਲੂ ਤੇ ਸੂਰ ਸਵਾਈਨ ਫਲੂ ਨਾਲ ਮਰੇ ਹਨ। ਪਸ਼ੂ ਪਾਲਣ ਵਿਭਾਗ ਨੇ ਸ਼ੁੱਕਰਵਾਰ ਵੱਡੀ ਗਿਣਤੀ ਵਿਚ ਮੁਰਗੀਆਂ ਨੂੰ ਮਾਰ ਕੇ ਦਫਨਾਇਆ। ਬਰਡ ਫਲੂ ਆਮ ਤੌਰ ‘ਤੇ ਪੰਛੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ, ਪਰ ਕੁਝ ਮਾਮਲਿਆਂ ਵਿਚ ਇਸ ਦੇ ਇਨਸਾਨਾਂ ਨੂੰ ਲਪੇਟ ਵਿਚ ਲੈਣ ਦੀ ਵੀ ਪੁਸ਼ਟੀ ਹੋਈ ਹੈ।