7.5 C
United Kingdom
Sunday, March 8, 2026

More

    ਜੀਵਨ/ਨਜ਼ਮ

    ਮਨਦੀਪ ਕੌਰ ਭੰਮਰਾ


    ਸੁਰਤ ਵਿੱਚ ਇਲਮ ਦਾ ਦੀਵਾ ਜਗਾ ਰੱਖੀਂ
    ਜ਼ਿੰਦਗੀ ਦੇ ਔਝੜੇ ਰਾਹੀਂ ਚਾਨਣ ਕਰੇਗਾ।
    ਕਲਮ ਨੂੰ ਸੋਚ ਦਾ ਹਾਣੀਂ ਤੂੰ ਬਣਾ ਕੇ ਰੱਖੀਂ,
    ਵਕਤ ਤੇਰੇ ਹਰਫ਼ਾਂ ‘ਚ ਫਿਰ ਰੰਗਣ ਭਰੇਗਾ।

    ਕਤਲ ਜੇ ਹੋਇਆ ਤੇਰੀਆਂ ਭਾਵਨਾਵਾਂ ਦਾ,
    ਅਰਥ ਲੱਭੀਂ ਜੇ ਜ਼ਿੰਦਗੀ ਦੇ ਲੱਭਣ ਤੁਰੇਂਗਾ।
    ਸਬਕ ਸਿੱਖਣ ਦੀ ਉਮਰਾ ਸਾਰੀ ਹੀ ਹੁੰਦੀ,
    ਸਿੱਖਦਾ ਰਹੀਂ ਇੱਕ ਦਿਨ ਸਮੁੰਦਰ ਤਰੇਂਗਾ।

    ਹਰਫ਼ ਸਾਰੇ ਤੇਰੀ ਮਾਲ਼ਾ ਦੇ ਮੋਤੀ ਬਣਨਗੇ,
    ਹਰ ਮਾਲ਼ਾ ਦਾ ਤੇਰੇ ਹੱਥ ਗਹਿਣਾ ਧਰੇਗਾ।
    ਸੜਕ ਜ਼ਿੰਦਗੀ ਦੀ ਹਰੇਕ ਨਵੀਂ ਬਣਾਈਂ ਤੂੰ,
    ਮੜਕ ਸੰਗ ਤੁਰੀਂ ਦੇਖੀਂ ਤੇਰਾ ਮਨ ਠਰੇਗਾ।

    ਉੱਦਮ ਸੰਗ ਸਿਰਜੀਂ ਤੂੰ ਕੋਈ ਜਹਾਨ ਐਸਾ,
    ਸ਼ਖਸ ਹਰ ਉਸ ਵਿੱਚ ਤੇਰੀ ਕਦਰ ਕਰੇਗਾ।
    ਬਖਸ਼ ਦੇਵੀਂ ਗੁਨ੍ਹਾ ਗ਼ੈਰਾਂ ਤੇ ਆਪਣਿਆਂ ਦੇ,
    ਜਗਤ ਆਪ ਹੀ ਤੇਰੇ ਕਦਮਾਂ ‘ਚ ਗਿਰੇਗਾ।

    ਕਦਰ ਕਰਦਾ ਰਹੀਂ ਜੀਣ ਦੇ ਮਹਾਂ ਮੁੱਲਾਂ ਦੀ
    ਯਤਨ ਤੇਰਾ ਜੋ ਇੱਕ ਦਿਨ ਸਫ਼ਲ ਰਹੇਗਾ।
    ਪਰਖ ਵਿੱਚ ਪਾਉਂਦਾ ਰਹੀਂ ਅਪਣੇ ਆਪ ਨੂੰ,
    ਸਫ਼ਲ ਹੋਵੇਗਾ ‘ਜੀਵਨ’ ਤੇ ਸੁਹਣਾ ਸਰੇਗਾ।

    ਮਨਦੀਪ ਕੌਰ ਭੰਮਰਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!