8.9 C
United Kingdom
Friday, May 2, 2025

More

    ਕਿਰਤ ਦਿਨ- ਵਧਾ ਕੇ 12 ਘੰਟੇ ਦਾ ਹੋਵੇ? ਜਾਂ ਘਟਾ ਕੇ 6 ਘੰਟੇ ਦਾ??

    ਜਗਰੂਪ

    ਕੀ 8 ਘੰਟੇ ਤੋਂ ਵਧਾ ਕੇ 12 ਘੰਟੇ ਦਾ ਹੋਵੇ ?
    ਜਾਂ
    ਕੀ 8 ਘੰਟੇ ਤੋਂ ਘਟਾ ਕੇ 6 ਘੰਟੇ ਦਾ ਹੋਵੇ ?

    “ਕਿਰਤ-ਦਿਨ” ਦੀ ਮਹੱਤਤਾ ਸਮਝ ਦਾ ਹਿੱਸਾ ਬਣੇ ਤਾਂ
    ਮਨੁੱਖ ਮਾਨ-ਮਤੇ ਉਤਸ਼ਾਹ ਨਾਲ ਭਰ ਜਾਂਦਾ ਹੈ। ਉਸ ਨੂੰ ਦੁਨੀਆਂ ਦੀ ਖੁਬਸੂਰਤੀ ਨਾਲ ਮੋਹ ਜਾਗਦਾ ਹੈ।ਉਹ ਜਿਉਂਣਾ ਚਹੁੰਦਾ ਹੈ। ਉਸ ਨੂੰ ਚਿੰਤਾਵਾਂ ਮੁਕਦੀਆਂ ਨਜ਼ਰ ਆਉਂਦੀਆਂ ਹਨ। ਜੀਵਨ ਰੰਗੀਨ ਹੁੰਦਾ, ਨੰਗੀ ਅੱਖ ਨਜਰ ਪੈਂਦੈ। ਉਹ ਵੀ ਸੁਪਨਿਆਂ ਵਿਚ ਨਹੀਂ, ਸਗੋਂ ਹਕੀਕੀ ਰੂਪ ਵਿਚ ਹੁੰਦਾ ਹੈ। ਇਸ ਦੀ ਸਮਝਦਾਰੀ ਦਾ ਅਮਲ ਖੁਸ਼ੀਆਂ, ਖੇੜਿਆਂ ਦਾ ਤਿਉਹਾਰ ਬਣ ਜਾਂਦਾ ਹੈ।

    “ਗੁਰੂ ਬਾਬਾ ਨਾਨਕ” ਨੇ ਕਿਰਤ ਦੀ ਵਡਿਆਈ ਅਤੇ
    ਪ੍ਰਮੁੱਖਤਾ ਦਾ ਉਪਦੇਸ਼ ਦਿੱਤਾ :
    ਕਿਰਤ ਕਰੋ! ਵੰਡ ਛਕੋ! ਨਾਮ ਜਪੋ!
    ਕਿਰਤ ਪੈਦਾ ਕਰਦੀ ਹੈ। ਉਸ ਪੈਦਾਵਾਰ ਦੀ ਖਪਤ ਹੁੰਦੀ ਹੈ। ਪੈਦਾ ਕੀਤੇ ਬਗੈਰ ਖਪਤ ਸੰਭਵ ਨਹੀਂ।
    ਇਸ ਸੱਚ ਨੂੰ ਪਲੇ ਬੰਨ ਲਵੋ।

    ਕਾਰਖਾਨੇਦਾਰੀ ਦੌਰ ਵਿਚ ਮਨੁੱਖ ਤੋਂ ਜਬਰੀ ਵਧੇਰੇ ਸਮਾਂ ਕੰਮ ਲਿਆ ਜਾਂਦਾ ਸੀ। ਸਮਾਂ ਪਾ ਕੇ ਮਸ਼ੀਨਾਂ ਨਾਲ ਪੈਦਾਵਾਰ ਸ਼ੁਰੂ ਹੋਈ। ਫੈਕਟਰੀਆਂ ਦੀ ਹੋਂਦ ਬਣੀ।

    ਮਸ਼ੀਨ, ਮਨੁੱਖ ਨੂੰ ਸੌਖਾ ਕਰਦੀ ਹੈ। ਮਸ਼ੀਨ ਕਿਸੇ ਵੇਹਲੇ ਬੈਠੇ ਮਨੁੱਖ ਨੇ ਨਹੀਂ ਬਣਾਈ, ਸਗੋਂ ਕੰਮ ਲੱਗਿਆਂ ਕਿਰਤੀਆਂ ਨੇ, ਆਪਣੇ ਤਜਰਬੇ ਵਿਚੋਂ ਸੰਦ ਦੀ ਵਰਤੋ ਨੂੰ ਬਿਹਤਰ ਅਤੇ ਵਿਕਸਤ ਕਰਦਿਆਂ, ਸੰਦਾਂ ਦੇ ਮੇਲ ਨਾਲ ਬਣਾਈ ਹੈ। ਮਸ਼ੀਨ ਕਿਰਤ ਦੇ ਤਜਰਬੇ ਦੀ ਉਪਜ ਹੈ।
    ਇਹ ਜਮਾਂ ਹੋਈ ਨਿਰਜਿੰਦ ਕਿਰਤ ਦਾ ਇਕੱਠ ਹੈ।ਇਹ ਕਿਰਤ ਦੀ ਉਪਜਾਇਕਤਾ ਨੂੰ ਵਧਾਉਣ ਦਾ ਗੁਣ ਰਖਦੀ ਹੈ। ਇਹ ਮਨੁੱਖ ਨੂੰ ਵਿਹਲਾ ( ਸੌਖਾ) ਕਰਦੀ ਹੈ।
    ਇਹ ਸਮਾਜਕ ਕਿਰਤ ਦੀ, ਸਮਾਜਕ ਉਪਜ ਹੈ। ਜਦੋਂ ਇਹ ਉਪਜ, ਸਮਾਜਕ ਮਾਲਕੀ ਦੀ ਸਮਾਜਕ ਵਰਤੋਂ ਦੀ ਥਾਂ, ਨਿੱਜੀ ਮਾਲਕੀ ਵਰਤਾਰੇ ਅਤੇ ਨਿੱਜੀ ਵਰਤੋਂ ਅਤੇ ਨਿੱਜੀ ਮੁਨਾਫੇ ਦਾ ਸਰੋਤ (ਨਿੱਜੀ ਜਾਇਦਾਦ) ਬਣਦੀ ਹੈ ਤਾਂ ਇਹ ਜਿੰਦਾ-ਕਿਰਤ ਦਾ ਥਾਂ ਮੱਲਦੀ ਹੈ, ਉਸ ਨੂੰ ਕੰਮ ਤੋਂ ਬਾਹਰ ਕਰਦੀ ਹੈ। ਇਹ ਕਿਰਤੀਆਂ ਦੀ ਬੇਰੁਜ਼ਗਾਰੀ ਦਾ ਕਾਰਨ ਬਣਦੀ ਹੈ। ਮਨੁੱਖੀ ਦੁੱਖਾਂ ਦਾ ਸਰੋਤ ਬਣਦੀ ਹੈ।
    ਮੁੱਢ ਵਿਚ ਕਿਰਤੀ ਮਸ਼ੀਨ ਨੂੰ ਦੁਸ਼ਮਣ ਸਮਝਦੇ ਸਨ।
    ਇੰਗਲੈਂਡ ਵਿੱਚ ਮਸ਼ੀਨਾਂ ਤੋੜੋ, ਫੈਕਟਰੀਆਂ ਸਾੜੋ, ਮੁਹਿੰਮ ਵੀ 1830 ਤੋਂ 40ਵਿਆਂ ਵਿਚਕਾਰ ਚੱਲੀ। ਇਹਨਾਂ ਭਾਵਕ ਕਿਰਤੀਆਂ ਦਾ ਆਗੂ “ਲੁੱਡਨ” ਸੀ, ਉਸ ਮੁਹਿੰਮ ਦੇ ਕਰਤੇ “ਲੁਡਾਇਟ” (Luddite) ਸੱਦੇ ਜਾਂਦੇ ਸਨ।
    ਹੁਣ ਵੀ ਵਿਕਸਤ ਮਸ਼ੀਨਾਂ (ਕੰਪਿਊਟਰ ਆਦਿ) ਦੇ ਵਿਰੋਧੀ ਲੁਡਾਇਟ(-ਵਾਦੀ) ਹਨ।

    ਆਖਰ ਮਸ਼ੀਨਾਂ ਦੇ ਵਿਰੋਧੀਆਂ ਨੂੰ ਫਲਸਫੇ (ਸੂਝ ਦੀ ਸਿਖਰ) ਨੇ ਸਮਝਾਇਆ ਕਿ ਮਸ਼ੀਨ ਅਤੇ ਵਿਕਾਸ ਤਾਂ ਕਿਰਤੀ ਦਾ ਸੁਖ-ਸਾਧਨ ਹੈ। ਇਸ ਨੂੰ ਬਹੁਤ ਮਿਹਨਤ ਨਾਲ ਹਾਸਲ ਕੀਤਾ ਹੈ। ਸੰਦਾਂ ਅਤੇ ਸੰਦਾਂ ਦੇ ਮੇਲ, ਮਸ਼ੀਨਾਂ ਨੂੰ ਨਾ ਤੋੜੋ, ਇਹਨਾਂ ਦੀ ਨਿੱਜੀ ਮਾਲਕੀ ਤੋੜ ਕੇ, ਸਮਾਜਕ-ਮਾਲਕੀ ਬਣਾਉਣ ਨਾਲ ਬੁਰਾਈ ਕੱਟੀ ਜਾਵੇਗੀ। ਬੁਰਾਈ ਮਸ਼ੀਨ ਵਿਚ ਨਹੀਂ, ਨਿੱਜੀ ਮਾਲਕੀ ਵਿਚ ਹੈ। ਜਦੋਂ ਤੱਕ ਮਾਲਕੀ ਸਮਾਜਕ ਨਹੀਂ ਹੁੰਦੀ, ਇਸ ਦੇ ਬਦਲ ਵਿਚ ਨੀਤੀ ਹੈ, ਵਧੀ ਉਤਪਾਦਕਤਾ ਅਨੁਸਾਰ ‘ਕਿਰਤ ਦਿਨ ਛੋਟਾ’ ਕਰੋ। ਇਸ ਨੂੰ “ਛੁਟੇਰੀ ਕੰਮ ਦਿਹਾੜੀ” ਦਾ ਸਿਧਾਂਤਕ, ਜੰਗਜੂ ਜਮਾਤੀ ਨਾਹਰਾ ਸੱਦਿਆ ਜਾਂਦਾ ਹੈ। ਇਸ ਦਾ ਖੋਜੀ ਸਿਧਾਂਤਕਾਰ ਕਾਰਲ ਮਾਰਕਸ ਸੀ।

    ਜਦੋਂ 1848 ਵਿਚ ਇੰਗਲੈਂਡ ਦੀ ਪਾਰਲੀਮੈਂਟ ਨੇ
    “ਕਿਰਤੀਆਂ ਤੋਂ 10 ਘੰਟੇ ਤੋਂ ਵੱਧ ਕੰਮ ਨਹੀਂ ਲਿਆ ਜਾ ਸਕਦਾ” ਦਾ ਕਾਨੂੰਨ ਪਾਸ ਕੀਤਾ ਤਾਂ ਮਾਰਕਸ -ਏਂਗਲਜ ਨੇ ਇਸ ਨੂੰ ਆਪਣੀ “ਸਿਧਾਂਤਕ ਜਿੱਤ” ਐਲਾਨਿਆ ਸੀ।
    “ਛੁਟੇਰੀ ਕੰਮ ਦਿਹਾੜੀ” ਸਿਧਾਂਤ ਹੈ। ਇਹ ਕਿਰਤ ਉਤਪਾਦਕਤਾ ਨਾਲ ਅਨੁਪਾਤੀ ਹੈ। ਜਦੋਂ ਮਸ਼ੀਨ ਬੇਹਤਰ ਹੁੰਦੀ ਹੈ ਤਾਂ ਉਤਪਾਦਕਤਾ ਵਧ ਜਾਂਦੀ ਹੈ। ਉਹ ਸਮਾਜਕ ਉਪਜ ਟੀਚਾ ਘੱਟ ਸਮੇਂ ਵਿਚ ਹਾਸਲ ਕਰਦੀ ਹੈ। ਉਤਪਾਦਨ ਟੀਚਾ ਪੂਰਾ ਕਰਨ ਲਈ ਘੱਟ ਕਿਰਤ ਸਮੇਂ ਦੀ ਲੋੜ ਪੈਂਦੀ ਹੈ। ਇਸ ਲਈ “ਛੁਟੇਰੀ ਕੰਮ ਦਿਹਾੜੀ” ਨੇਮ ਲਾਗੂ ਕਰਨਾ ਜਰੂਰੀ ਹੋ ਜਾਂਦਾ ਹੈ ਜਾਂ ਫਿਰ ਕੁਝ ਕਿਰਤੀ, “ਵਾਧੂ ਕਿਰਤੀ” ਬਣਾਉਣੇ ਹੋਣਗੇ, ਜਿਨ੍ਹਾਂ ਨੂੰ “ਬੇਰੁਜ਼ਗਾਰ” ਸੱਦਿਆ ਜਾਂਦਾ ਹੈ।
    ਇੰਗਲੈਂਡ ਵਿਚ, ਕਿਰਤ-ਦਿਨ 10 ਘੰਟੇ ਦੀ ਕਾਨੂੰਨੀ ਸੀਮਾ ਹੋਣ ਪਿਛੋਂ, 18 ਵਰਿਆਂ ਵਿਚ ਉਤਪਾਦਕਤਾ ਦੇ ਵਾਧੇ ਨੇ ਮੁੜ “ਬੇਰੁਜ਼ਗਾਰੀ” ਪੈਦਾ ਕਰ ਦਿੱਤੀ ਤਾਂ ਕਾਰਲ ਮਾਰਕਸ ਨੇ ਪਹਿਲੀ ਕੌਮਾਂਤਰੀ (1864) :
    “ਇੰਟਰਨੈਸ਼ਨਲ ਵਰਕਿੰਗਮੈਨਜ ਐਸੋਸੀਏਸ਼ਨ” (ਆਈ. ਡਬਲਯੂ. ਏ.) ਦੀ ਦੂਜੀ ਸਾਲਾਨਾ ਇਕੱਤਰਤਾ -1866 ਵਿਚ, ਛੁਟੇਰੀ ਕੰਮ ਦਿਹਾੜੀ ਲਈ ਵਿਸ਼ੇਸ਼ ਮਤਾ ਪਾਸ ਕਰਕੇ ਸੱਦਾ ਦਿੱਤਾ ਕਿ ਅੱਗੋਂ: “ਕੰਮ ਦਿਨ ਦੀ ਕਾਨੂੰਨੀ ਸਮਾਂ ਸੀਮਾਂ 8 ਘੰਟੇ” ਲਈ ਘੋਲ ਆਰੰਭਿਆ ਜਾਵੇ। ਇਹ ਪਹਿਲੀ ਕੌਮਾਂਤਰੀ ਦਾ ਵੱਡਾ ਹਾਸਲ ਸੀ।
    ਇਸ ਮਤੇ ਉੱਤੇ ਠੋਸ ਅਮਲ ਦੀ ਕਾਰਵਾਈ 1886 ਵਿਚ ਅਰੰਭ ਹੋਈ, ਭਾਵ 20 ਵਰ੍ਹੇ ਲੱਗੇ, ਜਦੋਂ ਖਿਆਲ ਅਮਲੀ, ਜਮੀਨੀ, ਹਕੀਕੀ ਰੂਪ ਧਾਰਨ ਲੱਗਾ। ਅਮਰੀਕਾ ਦੇ ਸਨਅਤੀ ਕੇਂਦਰ ਸ਼ਿਕਾਗੋ ਤੋਂ ਆਰੰਭ ਹੋਇਆ ਸੰਗਰਾਮ ਲਗਾਤਾਰ ਫੈਲਦਾ ਗਿਆ, ਯੂਰਪ ਹੀ ਨਹੀ ਇਹ ਸੰਸਾਰ ਪੱਧਰੀ ਬਣਿਆ।
    ਇਸ ਵਿਚ ਹਾਸਲ ਕੀਤੀ 8 ਘੰਟੇ ਦਾ ਕੰਮ ਦਿਨ ਦੀ ਅੰਸ਼ਕ ਪ੍ਰਾਪਤੀ ਨੂੰ ਸੰਸਾਰ ਵਿਆਪੀ ਬਣਾਉਣ ਲਈ
    “ਦੂਜੀ ਕੌਮਾਂਤਰੀ” (1889) ਦੀ ਨੀਂਹ ਰੱਖੀ ਗਈ ਸੀ।
    ਇਕ ਮਈ
    “ਕਿਰਤ-ਦਿਨ” ਇਤਿਹਾਸਕ ਤੌਰ ‘ਤੇ ਇਕ ਮਈ ਨਾਲ ਜੁੜਿਆ ਹੈ।
    ★ ਇੰਗਲੈਂਡ ਵਿਚ ‘ਕਿਰਤ ਦਿਨ 10 ਘੰਟੇ ਦੀ ਕਾਨੂੰਨੀ ਸੀਮਾ’ ਦਾ ਆਰੰਭ, ਇੱਕ ਮਈ 1848 ਨੂੰ ਹੋਇਆ ਸੀ।
    ★ ਸ਼ਿਕਾਗੋ ਤੋਂ ਆਰੰਭ ਹੋਇਆ ਘੋਲ ਦੀ ਤਰੀਕ ਵੀ ਇੱਕ ਮਈ 1886 ਹੈ।
    ★ “ਦੂਜੀ ਕੌਮਾਂਤਰੀ” (1889) ਦੇ ਸੱਦੇ ਅਨੁਸਾਰ ਘੋਲ (ਕਿਰਤ ਦਿਨ ਦੀ ਕਾਨੂੰਨੀ ਸਮਾਂ ਸੀਮਾ 8 ਘੰਟੇ ਹੋਵੇ) ਦਾ ਬਿਗਲ, ਇੱਕ ਮਈ 1890 ਦੇ ਦਿਨ ਤੋਂ ਸੀ।

    ਯੂਰਪ ਵਿਚ ਕਿਰਤੀਆਂ ਦੇ ਸੰਗਰਾਮ ਲਈ ਸਭ ਤੋਂ ਅਨੁਕੂਲ ਮੌਸਮ, ਮਈ ਵਿੱਚ ਹੁੰਦਾ ਹੈ। ਇਹੀ ਕਾਰਨ ਸੀ ਕਿ ਇਹ ਸੰਗਰਾਮ ‘ਇਕ ਮਈ’ ਦੇ ਦਿਨ ਨਾਲ ਵੀ ਇਤਿਹਾਸਕ ਤੌਰ ‘ਤੇ ਜੁੜਿਆ ਹੈ।
    ‘ਮਈ ਦਿਵਸ’ ਨਹੀਂ, ਇਹ ‘ਕਿਰਤ-ਦਿਵਸ’ ਹੈ!

    “ਛੁਟੇਰੀ ਕੰਮ ਦਿਹਾੜੀ” ਦੇ ਸਿਧਾਂਤ ਨਾਲੋਂ ਦੂਰੀ ਬਣਾਉਣ ਅਤੇ ਝਮੇਲੇ ਪੈਦਾ ਕਰਨ ਲਈ, ਜਾਣੇ -ਅਣਜਾਣੇ “ਕਿਰਤ-ਦਿਨ” ਦੀ ਥਾਂ “ਮਈ ਦਿਵਸ” ਦਾ ਨਾਮ ਵਰਤੋਂ ਕੀਤਾ ਗਿਆ ਵੀ ਮਿਲਦਾ ਹੈ। ਇਕ ਮਈ ਸਾਲਾਨਾ ਦਿਨ ( ਤਰੀਕ) ਹੈ। ਇਸ ਨੂੰ ਘੱਟ – ਵੱਧ ਕਰਨ ਬਾਰੇ ਵਿਚਾਰ ਨਹੀਂ ਸਕਦੇ।
    ਜਦੋਂ ਕਿ “ਕਿਰਤ-ਦਿਨ’, ਦੀ ਕਾਨੂੰਨੀ ਸਮਾਂ ਸੀਮਾ ਤਹਿ ਕਰਨ ਅਤੇ ਘਟਾਉਣ ਦੇ ਏਜੰਡੇ ਨਾਲ ਸਿਧਾਂਤਕ ਰੂਪ ਵਿਚ ਜੁੜਿਆ ਹੋਇਆ ਹੈ। ਇਸ ਦਾ ਨਿਰਧਾਰਨ ਕਿਰਤ ਉਤਪਾਦਕਤਾ ਨਾਲ ਅਨੁਪਾਤੀ ਹੈ। ਕਿਰਤ ਉਤਪਾਦਕਤਾ ਨੀਵੀਂ ਹੈ ਤਾਂ ਕਿਰਤ ਦਿਨ ਦੀ ਕਾਨੂੰਨੀ ਸੀਮਾ ਵਧੇਰੇ (ਲੰਬੀ) ਹੋਵੇਗੀ ਅਤੇ ਉਤਪਾਦਕਤਾ ਦੇ ਵਾਧੇ ਨਾਲ ਇਹ ਛੁਟੇਰੀ ਹੋਵੇਗੀ। ਉਤਪਾਦਕਤਾ ਵਾਧੇ ਦਾ ਰੁਝਾਨ ਰੱਖਦੀ ਹੈ, ਇਸ ਲਈ ਕਿਰਤ ਦਿਨ ਛੁਟੇਰੇ ਹੋਣ ਦਾ ਧਾਰਨੀ ਹੈ।

    ਕਿਰਤ ਦਿਨ ਦੀ ਲੱਚਕਤਾ

    ਮਾਰਕਸ ਨੇ ਕੰਮ ਦਿਨ ਦੀ ਸਮਾਂ ਸੀਮਾ ਦੀ ਲੱਚਕ ਨੂੰ ਬਿਆਨ ਕਰਦਿਆਂ ਦਰਸਾਇਆ ਹੈ ਕਿ: ਇਹ ਕਦੀ ਵੀ ਸਿਫਰ (ਜੀਰੋ) ਨਹੀਂ ਹੋ ਸਕਦਾ ਅਤੇ ਨਾ ਹੀ ਇਹ ਕੁਦਰਤੀ ਦਿਨ (24 ਘੰਟੇ) ਹੋ ਸਕਦੀ ਹੈ।
    ਇਹ “ਸਮਾਜਕ ਜਰੂਰੀ ਕਿਰਤ ਸਮਾਂ” ਦੇ ਪੱਧਰ ਤੱਕ ਘਟਾਇਆ ਜਾ ਸਕਦਾ ਹੈ। (Necessary Labour time : surplus Labour time)

    ਕੁਦਰਤ ਤੋਂ ਹਟ ਕੇ, ਕੇਵਲ ਤੇ ਕੇਵਲ ਮਨੁੱਖੀ ਕਿਰਤ ਸ਼ਕਤੀ ਉਪਜਾਊ ਹੈ। ਕਿਰਤ ਸ਼ਕਤੀ ਉਹ ਖਾਸ ਅਤੇ
    ਇਕਲੌਤੀ ਜਿਣਸ ਹੈ, ਜੋ ਖਪਤ ਦੌਰਾਨ ਵਾਧੇ ਦਾ ਗੁਣ ਰਖਦੀ ਹੈ। ਇਹ ਆਪਣੀ ਵਟਾਂਦਰਾ ਕਦਰ (ਮੁੱਲ, Value) ਤੋਂ ਵਧੇਰੇ ਕਦਰ ਦੀ ਸਿਰਜਨਾ ਕਰਦੀ ਹੈ।
    ਇਸ ਦੀ ਲੁੱਟ ਨਾਲ, ਵਾਧੂ ਮੁੱਲ ਦਾ ਭੁਗਤਾਨ ਨਾ ਕਰਕੇ ਮਾਲਕ ਦੀ ਦੌਲਤ (ਨਿੱਜੀ ਜਾਇਦਾਦ) ਜਮਾਂ ਹੁੰਦੀ ਹੈ।

    ਮਾਰਕਸ ਨੇ ਮੁੱਲ ਦਾ ਸਿਧਾਂਤ ਖੋਜਿਆ ਅਤੇ ਵਾਧੂ ਮੁੱਲ ਦੇ ਸਿਧਾਂਤ ਰਾਹੀਂ ਸਰਮਾਏ ਦੀ ਹੋਣੀ ਦਾ ਵਿਗਿਆਨਕ ਪੱਖ ਪੇਸ਼ ਕਰਦਿਆਂ, ਨਵੇਂ ਸਮਾਜਕ ਪ੍ਰਬੰਧ, ਸਮਾਜਵਾਦ ਅਤੇ ਵਿਗਿਆਨਕ ਸਾਂਝੀਵਾਲਤਾ ਦੇ ਸਮਾਜ (ਕਮਿਊਨਿਜ਼ਮ) ਦੀ ਅਟੱਲਤਾ ਸਿੱਧ ਕੀਤੀ। ਇਸ ਦਾ ਸਿਰਜਕ ਪਰੋਲਤਾਰੀਆਂ ਵੀ ਸਰਮਾਏ ਦੀ ਖਾਸ ਉਪਜ ਹੈ।
    ਸਰਮਾਏ ਦਾ ਵਾਧਾ, ਪਰੋਲਤਾਰੀਆ ਦੇ ਵਾਧੇ ਵਿਚ ਹੀ ਨਿਬੜਦਾ ਹੈ। ਛੋਟੇ-ਕਿਰਤ-ਦਿਨ ਦੀ ਲਹਿਰ ਪਰੋਲਤਾਰੀਆਂ ਦੀ ਇਨਕਲਾਬੀ ਤਬਦੀਲੀ ਲਈ ਲਹਿਰ ਹੈ। ਮਾਰਕਸ ਨੇ ‘ਸਰਮਾਏ ਦੀ ਜੁੱਟ ਬਣਤਰ’ ਰਾਹੀਂ ‘ਵਾਧੂ ਕਿਰਤੀਆਂ’ ਦੇ ਵਰਤਾਰੇ, ” ਬੇਰੁਜ਼ਗਾਰੀ” ਨੂੰ ਦਰਸਾਇਆ ਹੈ। ਸੰਸਾਰ ਅਤੇ ਦੇਸ਼ ਵਿਚ ਇਕੋ ਆਰਥਕ ਨੇਮ ਲਾਗੂ ਹੁੰਦੇ ਹਨ।
    ਚਮਤਕਾਰ ਦੇਖੋ !
    ਸਰਮਾਏਦਾਰੀ ਪ੍ਰਬੰਧ ਵਿਚ:
    ਜਿੰਨੀ ਉੱਚੀ ਜੁੱਟ ਬਣਤਰ, ਓਨੀ ਵੱਡੀ ਬੇਰੁਜ਼ਗਾਰੀ ਅਤੇ ਇਹੀ ਆਰਥਕ ਨੇਮ, ਸਮਾਜਵਾਦੀ ਪ੍ਰਬੰਧ ਵਿਚ:
    ਜਿੰਨੀ ਉੱਚੀ ਜੁੱਟ ਬਣਤਰ, ਓਨਾ ਵਧੇਰੇ ਸੁਤੰਤਰ ਸਮਾਂ,
    (ਫਰੀ ਟਾਈਮ, ਜਿਸ ਲਈ ਮਨੁੱਖ ਤਰਸਿਆ ਪਿਐ)
    ਪੈਦਾ ਹੁੰਦਾ ਹੈ।
    ਸਾਡੇ ਮਾਡਰਨ ਪਰੋਲਤਾਰੀਆਂ ਤੋਂ ਇਹ ਸੱਚ ਚੇਤਨ ਰੂਪ ਵਿਚ ਲੁਕਾਇਆ ਜਾਂਦਾ ਹੈ। ਸਰਮਾਏਦਾਰੀ ਇਸ ਨੂੰ ਛੁਪਾਉਣ ਵਿਚ ਹੀ ਆਪਣਾ ਭਲਾ ਦੇਖਦੀ ਹੈ। ਜਦੋਂ ਕਿਰਤੀ ਨੂੰ ਇਸ ਵਰਗ ਸੰਘਰਸ਼ ਦੀ ਸਮਝ ਪੈ ਜਾਂਦੀ ਹੈ ਤਾਂ ਉਹ ਸ਼ਿਕਾਗੋ ਘੋਲ ਦੇ ਸ਼ਹੀਦਾਂ ਵਾਂਗ ਬੇਖੌਫ ਹੋ ਜਾਂਦੇ ਹਨ।

    “ਕਾਨੂੰਨੀ ਮਾਰਕਸਵਾਦੀਆਂ” (ਜੋ ਯੂਨੀਵਰਸਿਟੀਆਂ
    ਵਿਚੋਂ ਪ੍ਰਵਾਨਤ ਸਿਲੇਬਸ ਪੜੇ ਅਤੇ ਪੜ੍ਹਾਉਂਦੇ ਨੇ) ਨੂੰ ਇਹ ਸੱਚ ਸਮਝ ਹੀ ਨਹੀਂ ਪੈਂਦਾ (ਜਾਂ ਉਹਨਾਂ ਦੀ ਭਰੋਸਗੀ ਸ਼ੱਕੀ ਹੈ) ਕਿਉਂਕਿ ਸਿਲੇਬਸ ਵਿਚ ਮਾਰਕਸ ਦੇ ਦਰਸਾਏ ਆਰਥਕ-ਸੂਤਰ ਵਿਗਾੜ ਕੇ ਸਰਮਾਏਦਾਰੀ ਦੇ ਅਨੁਕੂਲ ਕਰ ਦਿੱਤੇ ਗਏ ਹਨ।
    ਉਦਾਹਰਣ ਵਜੋਂ:
    ਸਰਮਾਇਆ ਪੈਦਾਵਾਰੀ ਸ਼ਕਤੀ ਹੈ। ਇਹ “ਵਰਤੋਂ ਮੁੱਲ” ਅਤੇ “ਮੁੱਲ” ਦੋਵਾਂ ਦੀ ਸਿਰਜਨਾ ਕਰਦਾ ਹੈ।
    ਇਹ ਵਰਤਾਰਾ ਸਰਮਾਏ ਦੇ ਦੋ ਭਾਗਾਂ ਨਾਲ ਬੱਝਾ ਹੈ।
    ਮਾਰਕਸ ਦੇ ਜੁੱਟ ਬਣਤਰ ਸੂਤਰ ਵਿਚ:
    “ਅਬਦਲ-ਸਰਮਾਇਆ ਅਤੇ ਬਦਲਵਾਂ ਸਰਮਾਇਆ” ਹੈ।
    ਅਬਦਲਵਾਂ ਸਰਮਾਇਆ “ਵਸਤਾਂ” ਦੀ ਪੈਦਾਵਾਰ ਕਰਦਾ ਹੈ, ਇਹ ਵਸਤਾਂ ‘ਵਰਤੋਂ ਮੁੱਲ’ ਰੱਖਦੀਆਂ ਹਨ ਅਤੇ ਬਦਲਵਾਂ ਸਰਮਾਇਆ, “ਮੁੱਲ” ਜੋੜਦਾ ਹੈ। ਮਾਰਕਸ ਦੇ ਇਸ ਆਰਥਕ ਸੂਤਰ ਨੂੰ:
    (Constant Capital : Variable Capital)
    CC:VC
    ਅਬਦਲ-ਸਰਮਾਇਆ: ਬਦਲਵਾਂ ਸਰਮਾਇਆ,
    ਰਾਹੀਂ ਪੜ੍ਹਿਆ ਅਤੇ ਸਮਝਿਆ ਜਾਂਦਾ ਹੈ।

    ਯੂਨੀਵਰਸਿਟੀਆਂ ਦੇ ਸਿਲੇਬਸਾਂ ਵਿਚ ਇਸ ਨੂੰ;
    (Fixed Capital : Circular Capital)
    FC:CC
    ਸਥਿਰ ਸਰਮਾਇਆ : ਚਾਲੂ ਸਰਮਾਇਆ, ਦੇ ਰੂਪ ਵਿਚ ਪੜਾਇਆ ਅਤੇ ਦਿਮਾਗ ਵਿਚ ਜਬਰੀ ਬਿਠਾਇਆ ਜਾਂਦਾ ਹੈ।

    ਕੀ ਫਰਕ ਪਾਇਆ ਹੈ ?

    ਮਾਰਕਸ ਦੇ ਖੋਜੇ, ਕਿਰਤ ਸਿਧਾਂਤ ਕਿ ‘ਕਿਰਤ ਮੁੱਲ ਸਿਰਜਦੀ ਹੈ’, ਦੀ ਥਾਂ ਬਦਲ ਕੇ “ਚਾਲੂ ਸਰਮਾਇਆ” ਧਾਰਨਾ ਨੂੰ ਬੈਠਾ ਦਿੱਤਾ ਹੈ, ਭਾਵ ਉਹ ਸਰਮਾਇਆ ਜੋ ਉਜਰਤਾਂ+ਸ਼ਕਤੀ+ਕੱਚਾ ਮਾਲ ‘ਤੇ ਖਰਚ ਹੁੰਦਾ ਹੈ, ਉਹ ਨਵੇਂ ਮੁੱਲ ਦੀ ਸਿਰਜਨਾ ਕਰਦਾ ਹੈ। ਇਸ ਝੂਠ ਨੂੰ ਵਿਦਿਆਰਥੀਆਂ ਦੇ ਦਿਮਾਗ ਵਿਚ ਤੁੰਨਿਆ ਜਾਂਦਾ ਹੈ।

    ਕਰੋਨਾ ਦੌਰ ਦੇ “ਲਾਕਡਾਉਨ” ਨੇ ਇਹ ਸੱਚ ਅਤੇ ਝੂਠ ਦਾ ਫਰਕ ਜੱਗ ਜਾਹਰ ਕਰ ਦਿੱਤਾ ਹੈ।
    ਹੁਣ ਕਾਰੋਬਾਰ ਬੰਦ ਹਨ। ਸਰਮਾਏਦਾਰੀ ਦੀ ਧਾਰਨਾ, “ਚਾਲੂ ਸਰਮਾਏ” ਦੇ ਦੋ ਫੈਕਟਰ (ਧਿਰਾਂ) ‘ਕੱਚਾ ਮਾਲ’ ਅਤੇ ‘ਸ਼ਕਤੀ’ ਤਾਂ ਮੌਜੂਦ ਹੈ, ਫਿਰ ਪੈਦਾਵਾਰ ਕਿਉਂ ਨਹੀਂ ਕਰਦੇ?
    ਕੇਵਲ “ਕਿਰਤ” ਗੈਰਹਾਜ਼ਰ ਹੈ, ਤਾਂ ਹੀ ਉਤਪਾਦਨ ਨਹੀਂ ਹੁੰਦਾ। ਆਰਥਕਤਾ ਤਬਾਹੀ ਦੀ ਚਰਚਾ ਹੈ, ਕਿਉਂਕਿ ਕੇਵਲ ਕਿਰਤ “ਮੁੱਲ” ਸਿਰਜਦੀ ਹੈ। ਮਾਰਕਸ ਸਹੀ ਸੀ ਅਤੇ ਹੈ। “ਕਾਨੂੰਨੀ ਮਾਰਕਸਵਾਦ” ਤਾਂ ਸਰਮਾਏਦਾਰੀ ਦੀ ਸੇਵਾ ਹੈ।
    ਸਾਡੇ ਵਿਦਿਆਰਥੀਆਂ ਅਤੇ ਮਾਡਰਨ ਪਰੋਲਤਾਰੀਆਂ ਨੇ ਮਾਰਕਸ ਨੂੰ ਪੜ ਕੇ ਆਪਣਾ ਰਾਹ ਚੁਣਨਾ ਹੈ।ਯਾਦ ਰੱਖਣ ਲਈ ਕਥਨ ਹੈ: ‘ਗਿਆਨ ਕੰਮ ਆਉਂਦੈ, ਬੇ-ਅਕਲੀ ਕੰਮ ਨਹੀਂ ਆਉਂਦੀ’।

    ਕਰੋਨਾ ਮਹਾਂਮਾਰੀ ਦੇ ਲਾਕਡਾਉਨ ਨੇ ਮਾਰਕਸ ਦੇ ਦਰਸਾਏ ਸੱਚ ਉੱਤੇ ਮੁੜ ਮੋਹਰ ਲਾਈ ਹੈ ਕਿ ਸਰਮਾਏਦਾਰ, ਕਿਰਤ ਲੁੱਟ ਕੇ ਦੌਲਤ ਜਮਾਂ ਕਰਦਾ ਹੈ। ਜਮਾਂ ਜਾਇਦਾਦ ਤਾਂ ਲੁੱਟ ਦਾ ਗੁਨਣਫਲ ਹੈ।

    ਕਿਰਤ ਸਮੇਂ ਵਿਚ ਨੇਪਰੇ ਚੜਦੀ, ਉਪਜਾਊਂਦੀ ਹੈ। ਕਿਰਤੀ, ਕੰਮ ਕਰਨ ਪਿਛੋਂ ਉਜਰਤ, ਮਜਦੂਰੀ ਵਸੂਲਦਾ ਹੈ। ਅਸਲ ਵਿਚ ਕਿਰਤੀ ਦਾ ਕੰਮ ਦਿਨ ਦੋ ਭਾਗਾ ਹੈ। ਪਹਿਲੇ ਭਾਗ ਵਿਚ ਉਹ ਆਪਣੀ ਮਜਦੂਰੀ (ਰਕਮ) ਬਰਾਬਰ ਪੈਦਾ ਕਰਦਾ ਹੈ ਅਤੇ ਬਾਕੀ ਭਾਗ ਵਿਚ ਨਿਰੋਲ ਵਾਧੂ ਮੁੱਲ ਦੀ ਸਿਰਜਨਾ ਕਰਦਾ ਹੈ, ਜੋ ਮਾਲਕ ਦਾ “ਲਾਭ ” ਹੈ।
    ਕੰਮ ਦਿਨ ਲੰਬਾ ਕਰਕੇ ਮਾਲਕ ਨਿਰੋਲ ਵਾਧੂ ਮੁੱਲ ਵਿਚ ਵਾਧਾ ਕਰਦਾ ਅਤੇ ਆਪਣੇ ਮੁਨਾਫੇ ਵੱਡੇ ਕਰਦਾ ਹੈ।
    ਮੋਦੀ-ਸਰਕਾਰ ਦਾ ‘ਕੰਮ-ਦਿਨ’ ਦੀ ਕਾਨੂੰਨੀ ਸੀਮਾ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦਾ ਫਰਮਾਨ, ਮਾਲਕਾਂ ਦੇ ਨਿਰੋਲ ਵਾਧੂ ਮੁੱਲ (ਮੁਨਾਫੇ) ਵਿਚ 33 ਫੀਸਦੀ ਦਾ ਵਾਧਾ ਕਰਨਾ ਹੈ। ਇਹ ਹੋਰ ਕਿਤੋਂ ਨਹੀਂ ਆਉਂਦਾ ਸਵਾਏ ਕਿਰਤ ਦੀ ਲੁੱਟ ਦੇ।
    ਸਬਕ ਕੀ ਹੈ?
    ਜੇ “ਕਿਰਤ ਦਿਨ” ਲੰਬਾ ਕਰਕੇ ਕਿਰਤ ਦੀ ਲੁੱਟ ਅਤੇ ਮਾਲਕ ਦੇ ਮੁਨਾਫੇ ਵੱਧਦੇ ਹਨ ਤਾਂ ਕੀ “ਕਿਰਤ-ਦਿਨ”
    ਛੋਟਾ ਕਰਕੇ ਕਿਰਤੀ ਦੀ ਲੁੱਟ ਅਤੇ ਮਾਲਕ ਦੇ ਮੁਨਾਫੇ ਘਟਾਉਣਾ ਠੀਕ ਅਤੇ ਜਾਇਜ਼ ਨਹੀ ਹੈ?
    ਕੀ ਮੋਦੀ ਸਰਕਾਰ ਦੇ ਆਰਥਕ ਪਾੜਾ ਵਧਾਉਣ ਵਿਰੁੱਧ ਇਹ ਆਰਥਕ ਪਾੜਾ ਘਟਾਉਣਾ ਨਹੀਂ ਹੋਵੇਗਾ?
    ਬਿਲਕੁਲ ਹੈ!
    ਛੁਟੇਰੀ ਕੰਮ ਦਿਹਾੜੀ ਦੀ ਆਰਥਕ-ਧਾਰਨਾ, ਮਾਰਕਸਵਾਦ-ਲੈਨਿਨਵਾਦ ਦੀ ਸਿਧਾਂਤਕ ਚੂਲ ਹੈ।
    ਜੋ ਮਾਰਕਸਵਾਦ ਦੇ ਚੋਲੇ ਵਿਚ ਇਸ ਨੂੰ ਨਹੀਂ ਮੰਨਦੇ,
    ਉਹਨਾਂ ਨੂੰ ਮੋਦੀ-ਸ਼ਾਹ ਦੀ 12 ਘੰਟੇ ਕੰਮ ਦਿਨ ਦੀ ਤਜਵੀਜ਼ ਦੇ ਹੱਕ ਵਿਚ ਨਿੱਤਰਨਾ ਚਾਹੀਦਾ ਹੈ ਤਾਂ ਕਿ
    ਕਿਰਤੀ ਵਰਗ ਸੱਚ ਜਾਣ ਸਕੇ, ਕੌਣ ਕਿਸ ਪਾਸੇ ਹੈ?

    ਏਟਕ ਦੇ ਸੰਵਿਧਾਨ ਵਿਚਲੀ ਪਹਿਲੀ “ਮੰਗ”:
    “6 ਘੰਟੇ ਦਾ ਕਾਨੂੰਨੀ ਕੰਮ-ਦਿਨ” ਦਾ ਨਾਹਰਾ ,
    ਮਾਰਕਸਵਾਦ ਦੀ ਬੁਨਿਆਦ ‘ਚੋਂ ਉੱਭਰਿਆ ਜਮਾਤੀ ਘੋਲ ਦਾ ਜੰਗਜੂੂ, ਸਰਬ ਸਮਰੱਥ ਨਾਹਰਾ ਹੈ। ਜਿਸ ਨੂੰ ਨਿਸਚੇ ਨਾਲ ਉਠਾਉਣ ‘ਤੇ, ਇਹ ਕੇਵਲ ਮੋਦੀ-ਸ਼ਾਹ ਦੀ 12 ਘੰਟੇ ‘ਕੰਮ-ਦਿਨ’ ਦੀ ਮੂਵ ਨੂੰ ਚੌਰਾਹੇ ਚਕਨਾਚੂਰ ਕਰਨ ਦੇ ਸਮਰੱਥ ਹੀ ਨਹੀਂ, ਬਲਕੇ ਕਿਰਤੀਆਂ ਦੀ ਏਕਤਾ ਅਤੇ ਸੰਘਰਸ਼ ਰਾਹੀਂ ਬਾਜੀ ਜਿੱਤਣ ਦੇ ਸਮਰੱਥ ਵੀ ਹੈ; ਕਿਉਂਕਿ 6 ਘੰਟੇ ਕੰਮ ਦਿਨ ਦੀ ਕਾਨੂੰਨੀ ਸੀਮਾ ਦੀ ਸਥਾਪਨਾ ਨਾਲ 33 ਫੀਸਦੀ ਨਵੇਂ ਕੰਮ ਦਿਨ ਅਤੇ ਨਵੇਂ ਕਾਮੇ ਰੁਜ਼ਗਾਰ ਹਾਸਲ ਕਰਨਗੇ। ਇਹ ਕਾਮਿਆਂ ਅਤੇ ਵਾਧੂ ਕਾਮਿਆਂ(ਬੇਰੁਜ਼ਗਾਰਾਂ) ਦੀ ਜੁੜਵੀਂ ਤਾਕਤ ਦੇਸ਼ ਦੀ ਨਵ-ਉਸਾਰੀ ਦਾ ਕਾਰਜ ਆਪਣੇ ਹੱਥ ਲੈ ਪਾਵੇਗੀ।

    ਛੁਟੇਰੀ ਕੰਮ ਦਿਹਾੜੀ ਦਾ ਅਮਲ ਮੁਨਾਫੇ ਘਟਾਉਂਦਾ ਹੈ। ਜਦੋਂ ਮੁਨਾਫੇ ਘਟਦੇ ਹਨ ਤਾਂ ਸਰਮਾਇਆ ਬੁਜਦਿਲ ਬਣਦਾ ਹੈ। ਮੈਦਾਨ ਛੱਡ ਕੇ ਭੱਜਦਾ ਹੈ। ਸਰਮਾਇਆ ਘੱਟ ਮੁਨਾਫੇ ਨੂੰ ਨਾ-ਪਸੰਦ ਕਰਦਾ ਹੈ।ਜਦੋਂ ਉਹ ਮੈਦਨ ਛੱਡ ਕੇ ਭੱਜੇਗਾ ਤਾਂ ਅੱਜ ਦੇ ਨਿੱਜੀਕਰਨ ਦੀ ਥਾਂ ਮੁੜ “ਕੌਮੀਕਰਨ” (ਸਰਕਾਰੀ ਕਰਨ) ਪਿੜ ਮੱਲੇਗਾ ।

    ਕਰੋਨਾ ਮਹਾਂਮਾਰੀ ਦੇ ਦੌਰ ਵਿਚ ਲੋਕਾਂ ਨੇ “ਨਿੱਜੀ ਹਸਪਤਾਲਾਂ” ਦੀਆਂ ਸੇਵਾਵਾਂ ਦਾ ‘ਅਨੰਦ’ ਮਾਣ ਲਿਆ ਹੈ। ਤਹਿਸ-ਨਹਿਸ ਕੀਤਾ ਸਰਕਾਰੀ ਸਿਹਤ ਵਿਭਾਗ ਹੀ ਔਕੜ ਸਹਿ ਸਕਿਆ, ਡਟਿਆ ਹੈ। ਪਬਲਿਕ ਸੈਕਟਰ ਅਤੇ ਨਿੱਜੀ ਸੈਕਟਰ ਦਾ ਅੰਤਰ ਮੁੜ ਜੱਗ-ਜਾਹਰ ਹੋ ਗਿਆ ਹੈ। ਲੋਕ ਹਿਤੂ ਪਬਲਿਕ ਸੈਕਟਰ ਦੀ ਕਿੰਨੀ ਲੋੜ ਹੈ, ਇਹ ਇਸ ਸੰਕਟ ਨੇ ਦਰਸਾ ਦਿੱਤਾ ਹੈ।
    ਸਿਹਤ-ਵਿਭਾਗ ਦੇ ਘੇਰੇ ਨੂੰ ਮੋਕਲਾ ਕਰਕੇ “ਪਬਲਿਕ ਹੈਲਥ ਸੈਕਟਰ” ਤੱਕ ਉਚਿਆਉਣਾ ਹੋਵੇਗਾ, ਅੱਜ ਇਹ ਹਰੇਕ ਜੁਬਾਨ ‘ਤੇ ਹੈ।
    ਸੰਕਟ ਨਵੀਆਂ ਸੰਭਾਵਨਾ ਨਾਲ ਭਰਪੂਰ ਵੀ ਹੁੰਦਾ ਹੈ। ਕਰੋਨਾ ਮਹਾਂਮਾਰੀ ਵਿਚ ਸਰਮਾਏਦਾਰੀ ਨੇ ਜਮਾਤੀ ਡੰਗ ਤਿੱਖਾ ਕੀਤਾ ਹੈ। ਉਹ ਕਿਰਤੀ ਵਰਗ ਵਿਚ ਬਿਖਰੀ ਸਮਾਜੀ ਚੇਤਨਾ ਦਾ ਲਾਭ ਉਠਾਉਣ ਦੀ ਤਾਕ ਵਿੱਚ ਸਰਗਰਮ ਹੈ। ਉਸ ਦੀ ਤਾਕਤ ਵੀ ਬੇਪਨਾਹ ਹੈ, ਪਰ ਉਹ ਸਵੈ-ਸਮਰੱਥ ਨਹੀਂ ਹੈ। ਪਰੋਲਤਾਰੀ ਦੇ ਚੇਤਨ ਵਿਰੋਧਵਿਕਾਸ ਅੱਗੇ ਸਰਮਾਏਦਾਰੀ ਦੀ ਹਾਰ ਅਟੱਲ ਹੈ।

    ਚੇਤਨ – ਵਿਰੋਧਵਿਕਾਸ ਕੀ ਹੈ ?

    ਇਕ ਮਾਰਕਸੀ ਕਥਨ ਹੈ:
    ‘ਫਲਸਫਾ ਮਜਦੂਰ-ਜਮਾਤ ਨੂੰ ਮੁਕਤੀ ਦੇ ਰੂਹਾਨੀ ਹਥਿਆਰ ਦਿੰਦਾ ਹੈ ਅਤੇ ਮਜਦੂਰ-ਜਮਾਤ ਫਲਸਫੇ ਨੂੰ ਪਦਾਰਥਕ ਹਥਿਆਰ ਦਿੰਦੀ ਹੈ’।
    ਮਾਰਕਸੀ ਫਲਸਫੇ ਨੇ ਮਜਦੂਰ-ਜਮਾਤ ਨੂੰ ਉਸ ਦੀ ਮੁਕਤੀ ਦਾ ਫਲਸਫਾ (ਸੂਝ ਦੀ ਸਿਖਰ) ਦਿੱਤੀ ਹੈ।
    ਮੁਕਤੀ ਦੇ ਮਾਰਗ ਦੀ ਚੇਤਨਾ ਦਿੱਤੀ ਹੈ ਜਿਸ ‘ਤੇ ਚੱਲ ਕੇ ਮੁਕਤੀ ਮਿਲਣੀ ਹੈ। ਭਾਵ ਮੁਕਤੀ ਭਵਿੱਖ ਵਿੱਚ ਇਸ ਰਾਹ ‘ਤੇ ਚਲਦਿਆਂ ਮਿਲਣੀ ਹੈ।
    ਦੂਜੀ ਗੱਲ ਕਿ : ਨਵੇਂ ਸਮਾਜ ਦੀ ਸਿਰਜਕ ਸ਼ਕਤੀ
    “ਜਮਾਤੀ-ਘੋਲ” ਹੈ, ਜਿਸ ਦੀ ਅਗਵਾਈ ਕਰਨ ਯੋਗ ਕੇਵਲ ਪਰੋਲਤਾਰੀਆ ਹੈ। ਜਮਾਤੀ ਘੋਲ ਪਰੋਲਤਾਰੀਆਂ ਦੇ ਪੈਂਤੜੇ ਤੋਂ ਲੜਿਆਂ ਹੀ ਭਵਿੱਖ ਵਿਚ ਮੁਕਤੀ ਮਿਲਣੀ ਹੈ।
    ਮੌਜੂਦ ਪਦਾਰਥਕ ਹਾਲਤਾਂ, ਜਮਾਤੀ ਸਮਾਜ ਦਾ ਵਿਸ਼ਲੇਸ਼ਣ ਹੈ ਜੋ ਭਵਿੱਖ ਵਿੱਚ ਜਮਾਤੀ ਦਾਅ-ਪੇਚਾਂ, ਭਾਵ, ਜਮਾਤੀ ਵਿਰੋਧਵਿਕਾਸ ਦੀ ਸਹੀ ਸਹੀ ਯੁੱਧ ਨੀਤੀ ਦਾ ਖਾਕਾ ਉਲੀਕਦਾ ਹੈ। ਇਹ ਮੌਜੂਦ ਤੋਂ ਭਵਿੱਖੀ ਜਮਾਤੀ ਵਿਹਾਰ ਦੀ ਚੇਤਨਾ (ਜੀਵਤ ਵਿਰੋਧਵਿਕਾਸ) ਹੈ। ਇਸ ਚੇਤਨਾ ਬਗੈਰ ਭਵਿੱਖ ਦੀ ਲੜਾਈ ਭਰੋਸੇਮੰਦ ਆਧਾਰ ‘ਤੇ ਲੜ ਨਹੀਂ ਹੁੰਦੀ।
    ਜਿਵੇਂ ਇਤਿਹਾਸਕ “ਵਿਰੋਧਵਿਕਾਸ” ਬੀਤੇ ਦੇ ਜਮਾਤੀ ਘੋਲ ਦਾ ਪ੍ਰਮਾਣ ਪੇਸ਼ ਕਰਦਾ ਹੈ, ਉਵੇਂ ਹੀ ਭਵਿੱਖ ਦੇ ਜਮਾਤੀ ਘੋਲ ਨੂੰ, “ਚੇਤਨ ਵਿਰੋਧਵਿਕਾਸ” ਰਾਹੀਂ
    ਵਿਉੰਤਿਆ, ਉਲੀਕਿਆ ਜਾਂਦਾ ਹੈ।
    “ਕਰੋਨਾ-ਮਹਾਂਮਾਰੀ” ਦੇ ਲਾਕਡਾਉਨ ਨੇ ਭਾਰਤ ਵਿਚ
    ਮਜ਼ਦੂਰਾਂ ਦੀ ਗਿਣਤੀ ਅਤੇ ਗੁਣ ਨੂੰ ਅਤੇ ਉਹਨਾਂ ਦੀ ਵਰਤਮਾਨ ਸਥਿਤੀ ਨੂੰ ਵੀ ਜੱਗ ਜਾਹਰ ਕਰ ਦਿੱਤਾ ਹੈ।
    ਨਾਲ ਹੀ ਸਰਮਾਏਦਾਰੀ ਵੱਲੋਂ ਭਵਿੱਖੀ ਵਿਉਂਤ-
    12 ਘੰਟੇ ਦੇ ਕੰਮ ਦਿਨ ਦਾ ਏਜੰਡਾ ਅੱਗੇ ਵਧਾ ਦਿੱਤਾ ਹੈ।
    “ਚੇਤਨ ਵਿਰੋਧਵਿਕਾਸ” ਦੀ ਅਗਵਾਈ ਵਿਚ ਭਾਰਤ ਦੀ ਮਹਾਨ ਮਜਦੂਰ ਜਮਾਤ, ਜਮਾਤੀ-ਘੋਲ ਨਾਲ ਮਹਾਨ ਮੱਲਾਂ ਮਾਰ ਸਕਣ ਯੋਗ ਹੈ। ਉਸ ਨੇ ‘ਛੁਟੇਰੀ ਕੰਮ ਦਿਹਾੜੀ’ ਦੇ ਸਿਧਾਂਤ ਦੀ ਰੋਸ਼ਨੀ ਵਿਚ “ਕੰਮ ਦਿਨ ਦੀ ਕਾਨੂੰਨੀ ਸੀਮਾ 6 ਘੰਟੇ” ਦੀ ਬੁਲੰਦ ਆਵਾਜ਼ ਨਾਲ ਅੱਗੇ ਵੱਧਣਾ ਹੋਵੇਗਾ।
    ਕਿਰਤ-ਦਿਨ ਦੀ ਜੀਵਤ ਧਾਰਨਾ– ਜ਼ਿੰਦਾਬਾਦ!
    ਏਟਕ ਦੇ ਸੰਵਿਧਾਨ ਦੀ ਬੁਲੰਦ ਆਵਾਜ਼
    “6 ਘੰਟੇ ਦਾ ਕਾਨੂੰਨੀ ਕੰਮ-ਦਿਨ!– ਜ਼ਿੰਦਾਬਾਦ !
    ਕਿਰਤ-ਦਿਨ ਦੇ ਸ਼ਹੀਦ — ਅਮਰ ਹਨ!
    ਸ਼ਿਕਾਗੋ ਦੇ ਸ਼ਹੀਦਾਂ ਨੂੰ –ਲਾਲ ਸਲਾਮ!

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!