ਹਰਪ੍ਰੀਤ ਬਾਵਾ

ਤਰਸੇਮ ਸਿੰਘ ਆਪਣੀ ਟੁਕੜੀ ਨਾਲ ਗੋਡਿਆਂ ਤੱਕ ਨੱਪ ਲੈਣ ਵਾਲੀ ਬਰਫ ਬਰਫ ਵਿੱਚ ਮਾਰਚ ਕਰਦੇ ਹੋਏ ਪਹਾੜੀ ਦੀ ਟੀਸੀ ਵੱਲ ਵਧ ਰਿਹਾ ਸੀ। ਇੱਕੋ ਰੱਸੇ ਨਾਲ ਬੱਧੇ ਹੋਏ ਲੱਕ ਲਾਇਨ ਬਣਾ ਕੇ ਉਸਦੇ ਪਿੱਛੇ ਚੱਲ ਰਹੇ ਸਨ। ਇੰਜ ਜਾਪ ਰਿਹਾ ਸੀ ਜਿਵੇਂ ਉਹ ਪਿਛਲਿਆਂ ਨੂੰ ਰੇਲ ਦੇ ਇੰਜਣ ਵਾਂਗ ਖਿੱਚ ਕੇ ਲਿਜਾ ਰਿਹਾ ਹੋਵੇ। ਪਿੱਠਾਂ ਤੇ ਰਸਦ ਤੇ ਅਸਲਾ ਚੱਕੀ ਉਸਦੇ ਪਿੱਛੇ ਵਲੀ ਅਹਿਮਦ, ਜਾਵੇਦ ਮੁਹੱਮਦ, ਜੈ ਰਾਮ, ਕਸ਼ਮੀਰ ਸਿੰਘ ਤੇ ਪ੍ਰੇਮ ਲਾਲ ਆਦਿ ਚੱਲ ਰਹੇ ਸਨ। ਜਾਵੇਦ ਗੀਤ ਗਾ ਰਿਹਾ ਸੀ “ਇਹ ਪੰਜਾਬ ਵੀ ਮੇਰਾ ਏ, ਉਹ ਪੰਜਾਬ ਵੀ ਮੇਰਾ ਏ” ਗੀਤ ਦੇ ਬੋਲ ਤੇ ਜਾਵੇਦ ਦੀ ਮਿੱਠੀ ਅਵਾਜ ਮੀਲਾਂ ਦਾ ਥਕੇਵਾਂ ਦੂਰ ਕਰਦੀ ਸੀ।
ਟੀਸੀ ਤੇ ਆਪਣੀ ਕੰਪਨੀ ਦੇ ਸ਼ਮਿਆਨਿਆਂ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਕੁਝ ਦੂਰ ਤੋਂ ਹਲਕੀ ਗੋਲੀ ਬਾਰੀ ਦੀ ਅਵਾਜ ਆਉਣ ਲੱਗ ਪਈ। ਸਿਰਫ ਅਵਾਜ ਹੀ ਉਹਨਾਂ ਦੇ ਖੂਨ ਦਾ ਦੌਰ ਤੇਜ ਕਰਨ ਲਈ ਕਾਫੀ ਸੀ ਆਪਣੇ ਆਪ ਕਦਮਾਂ ਵਿੱਚ ਕਾਹਲ ਪੈਦਾ ਹੋ ਗਈ। ਇਹ ਦਿਲ ਤੇਜ ਧੜ੍ਹਕ ਰਿਹਾ ਸੀ ਹਰ ਇੱਕ ਨੂੰ ਪਹੁੰਚਣ ਦੀ ਕਾਹਲ ਪੈ ਗਈ।
ਬਰਫ ਵਿੱਚੋਂ ਜੋਰ ਨਾਲ ਪੈਰ ਖਿੱਚਦਿਆਂ ਪ੍ਰੇਮ ਲਾਲ ਨੇ ਗੱਲ ਕਰਦਿਆਂ ਕਿਹਾ “ਇਹ ਦੁਸ਼ਮਨ ਚਹੁੰਦਾ ਕੀ ਹੈ ਇੱਥੇ ਬਰਫ ਦਾ ਬੰਜਰ ਰੇਗਿਸਤਾਨ ਹੈ ਇੱਥੇ ਉਹ ਕੀ ਕਰੇਗਾ ਅਧਿਕਾਰ ਜਮਾ ਕੇ” ਕਸ਼ਮੀਰ ਸਿੰਘ ਜੋ ਉਸਤੋਂ ਅੱਗੇ ਚੱਲ ਰਿਹਾ ਸੀ ਰੱਸੀ ਤੇ ਆਪਣਾ ਹੱਥ ਘੁੱਟਦਾ ਹੋਇਆ ਬੋਲਿਆ “ਇਹ ਦੁਸ਼ਮਣ ਜੋ ਮਰਜੀ ਚਹੁੰਦਾ ਹੋਵੇ ਪਰ ਮੈਂ ਨਹੀਂ ਚਹੁੰਦਾ ਇਹ ਮੇਰੇ ਦੇਸ਼ ਦੀ ਇੱਕ ਮੁੱਠ ਮਿੱਟੀ ਤੇ ਵੀ ਅਧਿਕਾਰ ਕਰੇ ਇਹ ਮਿੱਟੀ ਵਿੱਚੋਂ ਮੇਰੀ ਮਾਂ ਪੈਦਾ ਹੋਈ ਹੈ ਤੇ ਮੇਰੀ ਮਾਂ ਵਿੱਚੋਂ ਮੈਂ ਪੈਦਾ ਹੋਇਆ ਹਾਂ ਹੁਣ ਇਸ ਮਿੱਟੀ ਤੇ ਮੇਰੀ ਤੇਰੀ ਸਾਡੀ ਸਭ ਦੀ ਔਲਾਦ ਦਾ ਹੱਕ ਹੈ ਇਹ ਮਿੱਟੀ ਜਿਸਦੀ ਅਸੀਂ ਸੇਵਾ ਕਰਦੇ ਹਾਂ ਇਹ ਆਪਣੇ ਵਰਗੇ ਕਰੋੜਾਂ ਧੀਆਂ ਪੁੱਤ ਪਾਲਦੀ ਹੈ।” ਕਸ਼ਮੀਰ ਸਿੰਘ ਦੀਆਂ ਗੱਲਾਂ ਸੁਣ ਕੇ ਹਰ ਇੱਕ ਮਨ ਵਿੱਚ ਇਹੀ ਖਿਆਲ ਵਸ ਗਿਆ ਸੀ ‘ਸਾਡੀ ਧਰਤੀ,ਸਾਡੀ ਮਾਂ,ਸਾਡੇ ਧੀਆਂ ਪੁੱਤ, ਅਸੀਂ ਲੜ੍ਹਾਂਗੇ ਇਸ ਧਰਤੀ ਲਈ ਇਸ ਮਿੱਟੀ ਲਈ ਆਪਣੇ ਬੱਚਿਆਂ ਲਈ ਧੀਆਂ ਪੁੱਤਾਂ ਲਈ, ਇਸ ਮਿੱਟੀ ਤੇ ਵਸਦੇ ਹਰ ਭੈਣ ਭਰਾ ਲਈ ਹਾਂ ਅਸੀਂ ਲੜ੍ਹਾਂਗੇ ਆਪਣੇ ਪਿਆਰ ਲਈ, ਆਪਣੇ ਬੱਚਿਆਂ ਦੇ ਭਵਿੱਖ ਲਈ, ਹਰ ਪੜ੍ਹੇ ਲਿਖੇ ਲੲੀ, ਹਰੇਕ ਭੁੱਖੇ ਲਈ।
ਅਗਲੇ ਕੁਝ ਦਿਨਾਂ ਵਿੱਚ ਗੋਲੀਆਂ ਸ਼ਾਂਤ ਹੋ ਗਈਆਂ ਤਾਂ ਸੂਬੇਦਾਰ ਸਾਹਬ ਨੇ ਐਲਾਨ ਕੀਤਾ ‘ਜੰਗ ਫਤਹਿ ਹੋਈ ਹੈ’ ਹਰ ਚਿਹਰੇ ਤੇ ਖੁਸ਼ੀ ਦੀ ਲਹਿਰ ਹਾਸੀਆਂ ਚਾਅ ਹੋਰ ਗੂੜ੍ਹੇ ਹੋ ਗਏ। ਹੁਣ ਛੁੱਟੀਆਂ ਵੀ ਮਿਲ ਜਾਣਗੀਆਂ ਤੇ ਘਰ ਆਪਣੇ ਪਿਆਰਿਆਂ ਨੂੰ ਮਿਲਣ ਦਾ ਸਮਾਂ ਆਗਿਆ ਹੈ, ਬਜੁਰਗਾਂ ਦਾ ਦੁੱਖ ਦਰਦ ਸੁਣਨ ਦਾ ਸਮਾਂ ਆਗਿਆ ਹੈ। ਤਰਸੇਮ ਸਿੰਘ ਨੇ ਆਪਣਾ ਸੂਟਕੇਸ ਤੇ ਬਿਸਤਰਾ ਬੰਨ ਕੇ ਘਰ ਵੱਲ ਕੂਚ ਕਰ ਦਿੱਤੀ ਸੀ ਬਾਰ ਬਾਰ ਮਾਪਿਆਂ, ਬੱਚਿਆਂ, ਤੇ ਘਰ ਵਾਲੀ ਮਨਜੀਤ ਦਾ ਖਿਆਲ ਆ ਰਿਹਾ ਸੀ ਹਾਂ ਗਵਾਂਢੀ ਹਮੀਰ ਚੰਦ ਪੁੱਤਰ ਸੁਨੀਲ ਦਾ ਵੀ ਖਿਆਲ ਆਇਆ ਇਕੱਠੇ ਜੰਮੇ ਪਲ੍ਹੇ ਭਰਾਵਾਂ ਵਰਗੇ ਮਿੱਤਰ ਜੋ ਸਨ।
ਪਿੰਡ ਵਾਲੀ ਬੱਸੋਂ ਉੱਤਰ ਕੇ ਕਾਹਲੇ ਕਦਮਾਂ ਨਾਲ ਘਰ ਪਹੁੰਚ ਬੱਚਿਆਂ ਨੂੰ ਜੱਫੀ ਵਿੱਚ ਲਿਆ ਪਿਆਰ ਕੀਤਾ ਮਨਜੀਤ ਨਾਲ ਪਿਆਰ ਭਰੀਆਂ ਅੱਖਾਂ ਮਿਲਾਈਆਂ ਬੇਬੇ ਬਾਪੂ ਦੇ ਪੈਰ ਛੂਹ ਕੇ ਹਾਲ ਚਾਲ ਪੁੱਛਿਆ ਕੱਪੜੇ ਬਦਲੇ ਸ਼ਾਮ ਦੀ ਰੋਟੀ ਖਾਧੀ ਤੇ ਮਨਜੀਤ ਨੂੰ ਇਹ ਕਹਿ ਘਰੋਂ ਜਾਣ ਲੱਗਾ ਕਿ ਪਿੰਡ ਦਾ ਗੇੜਾ ਲਾ ਆਵਾਂ ਤੇ ਸੁਨੀਲ ਨੂੰ ਮਿਲ ਆਵਾਂ ਪਰ ਮਨਜੀਤ ਦੱਸਿਆ ਕਿ ਉਹ ਹੁਣ ਪਿੰਡ ਛੱਡ ਗਏ ਹਨ ਕਾਰੋਬਾਰ ਵਿੱਚ ਘਾਟਾ, ਕਰਜਾ, ਜਿੰਮੇਵਾਰੀਆਂ ਤੇ ਵੱਡੇ ਲਾਲੇ ਦੀ ਬਿਮਾਰੀ ਨੇ ਪਿੰਡ ਛਡਵਾ ਦਿੱਤਾ। ਉੱਠਦਾ ਉੱਠਦਾ ਤਰਸੇਮ ਸਿੰਘ ਫੇਰ ਬੈਠ ਗਿਆ ਅਚਾਨਕ ਕਸ਼ਮੀਰ ਸਿੰਘ ਦੀਆਂ ਗੱਲਾਂ ਯਾਦ ਆਉਣ ਲੱਗੀਆਂ ‘ ਜੰਗ’ ਪਿਆਰ ਲਈ, ਆਪਣਿਆ ਲਈ, ਭੁੱਖਿਆਂ ਲਈ, ਬਿਮਾਰਾਂ ਲਈ, ਬੇਰੁਜਗਾਰਾਂ ਲਈ,’ ਤਰਸੇਮ ਸਿੰਘ ਉੱਠਿਆ ਤੇ ਚੁੱਪ ਚਾਪ ਘਰੋਂ ਬਾਹਰ ਨਿਕਲ ਗਿਆ.. ਉਹ ਸਮਝ ਗਿਆ ਸੀ ….ਜੰਗ ਅਜੇ ਖਤਮ ਨਹੀਂ ਹੋਈ ।