20.6 C
United Kingdom
Thursday, May 1, 2025

More

    ਮਈ ਦਿਵਸ ਤੇ ਵਿਸ਼ੇਸ਼: ਕਵਿਤਾ/‘ਸੁਪਨਾ’

    -ਮਨਦੀਪ ਕੌਰ ਭੰਮਰਾ

    ਮੈਂ ਕੋਈ ਮਈ ਦਿਵਸ ਨਹੀਂ ਜੇ ਜਾਣਦਾ
    ਮੈਂ ਤਾਂ ਮਹੀਨਿਆਂ ਦੇ ਨਾਂ ਵੀ ਨਹੀਂ ਜਾਣਦਾ
    ਮੈਂ ਤਾਂ ਸਿਰਫ਼ ਮਜਦੂਰੀ ਕਰਨੀ ਜਾਣਦਾ
    ਮਾਂ ਨੇ ਉਂਗਲ਼ ਫੜ ਕੇ
    ਸਿਖਾਇਆ ਸੀ ਮੈਨੂੰ
    ਜ਼ਿੰਦਗੀ ਦਾ ਇਹ ਸਬਕ
    ਮਾਂ ਦੀ ਉਂਗਲ਼ ਤਾਂ ਮੈਂ ਉਸਦੀ
    ਕੁੱਖ ਵਿੱਚ ਹੀ ਫੜ ਲਈ ਸੀ
    ਜਦੋਂ ਮਾਂ ਕਿੰਨੀਆਂ ਸਾਰੀਆਂ
    ਇੱਟਾਂ ਆਪਣੇ ਸਿਰ ‘ਤੇ ਢੋਅ ਕੇ
    ਉੱਸਰ ਰਹੀ ਇਮਾਰਤ ਦੀਆਂ
    ਪਉੜੀਆਂ ਚੜ੍ਹਦੀ ਸੀ ਤਾਂ ਮੈਂ
    ਮੈਂ ਉਦੋਂ ਮਾਂ ਦੇ ਪੇਟ ਵਿੱਚ ਹੀ ਸਾਂ
    ਮਾਂ ਦੀ ਉਂਗਲ਼ ਫੜ ਲਿਆ ਕਰਦਾ ਸਾਂ
    ਤੇ ਇੰਜ ਇਹ ਸਬਕ ਤਾਂ ਮੈਂ ਮਾਂ ਦੇ
    ਪੇਟ ਵਿੱਚ ਹੀ ਸਿੱਖ ਲਿਆ ਸੀ।

    ਫਿਰ ਮੇਰਾ ਜਨਮ ਹੋ ਗਿਆ
    ਮੈਂ ਵੱਡਾ ਹੋਣ ਲੱਗਾ
    ਮਾਂ ਦੀ ਘਸੀ ਜਿਹੀ ਸਾੜ੍ਹੀ ਦਾ ਪੱਲੂ ਫੜ੍ਹ
    ਮੈਂ ਉਸਦੇ ਨਾਲ਼ ਨਾਲ਼ ਰਹਿੰਦਾ
    ਬਾਪ ਦੀ ਘੁਸਮੁਸੀ ਜਿਹੀ ਦਾੜ੍ਹੀ
    ਮੈਨੂੰ ਖਰ੍ਹਵੀ ਜਿਹੀ ਲੱਗਦੀ ਰਹਿੰਦੀ
    ਉਂਜ ਵੀ ਮੇਰਾ ਬਾਪ ਕਦੀ ਕਦੀ ਮੇਰੀ
    ਮਾਂ ਨੂੰ ਗਾਹਲ਼ਾਂ ਕੱਢਦਾ
    ਕਦੀ ਮਾਰਦਾ ਰਹਿੰਦਾ
    ਮੈਂ ਚੁੱਪਚਾਪ ਤੇ ਸਹਿਮਿਆ ਜਿਹਾ
    ਇੱਕ ਖੂੰਜੇ ਲੱਗਾ ਰਹਿੰਦਾ
    ਤੇ ਫਿਰ ਜਦੋਂ ਕੁੱਝ ਚਿਰ ਬੀਤਦਾ
    ਤਾਂ ਮੇਰੀ ਮਾਂ ਮੈਨੂੰ ਆਪਣੇ ਨੇੜੇ ਖਿੱਚ ਲੈਂਦੀ
    ਪੁਚਕਾਰਦੀ ਤੇ ਪਿਆਰ ਕਰਦੀ
    ਇਹ ਮੇਰੀ ਜ਼ਿੰਦਗੀ ਦਾ ਸਵਰਗ ਹੁੰਦਾ।

    ਮਾਂ ਬਾਪ ਦੇ ਜਾਣ ਤੋਂ ਬਾਅਦ ਹਰ ਰੋਜ਼
    ਸਾਡੀ ਛੋਟੀ ਜਿਹੀ ਝੌਪੜੀ ਨੂੰ ਸਵਾਰ
    ਮੇਰੀ ਉਂਗਲ਼ ਫੜ੍ਹ ਆਪਣੇ ਕੰਮ ‘ਤੇ ਚਲੀ ਜਾਂਦੀ
    ਅੰਤਾਂ ਦੀ ਸੁਹਣੀ ਮੇਰੀ ਮਾਂ ਡਰਦੀ ਡਰਦੀ
    ਠੇਕੇਦਾਰ ਨਾਲ਼ ਗੱਲ ਕਰਦੀ
    ਉਸ ਬੰਦੇ ਦੀਆਂ ਅਜੀਬ ਜਿਹੀਆਂ ਨਜ਼ਰਾਂ
    ਮੇਰੀ ਮਾਂ ਦੇ ਜਿਸਮ ਨੂੰ ਘੂਰਦੀਆਂ ਹਨ
    ਮੈਨੂੰ ਲੱਗਦਾ
    ਪਰ ਮੈਂ ਤਾਂ ਛੋਟਾ ਜਿਹਾ ਬੇਬੱਸ ਬਾਲ ਸਾਂ
    ਮੈਂ ਤਾਂ ਕੁੱਝ ਵੀ ਨਹੀਂ ਜਾਣਦਾ ਸਾਂ
    ਪਰ ਮੈਂ ਮਾਂ ਨੂੰ ਬਹੁਤ ਪਿਆਰ ਕਰਦਾ ਸਾਂ
    ਫਿਰ ਮਾਂ ਮੈਨੂੰ ਖੇਡਣ ਲਈ ਆਖਦੀ
    ਤੇ ਮੈਂ ਉੱਥੇ ਹੁੰਦੇ ਮੇਰੇ ਵਰਗੇ ਹੋਰ ਦੋ ਚਾਰ
    ਬੱਚਿਆਂ ਨਾਲ਼ ਖੇਡਣ ਲੱਗ ਜਾਂਦਾ
    ਪਰ ਮੇਰਾ ਸਾਰਾ ਧਿਆਨ ਮਾਂ ਵੱਲ ਹੁੰਦਾ
    ਫੇਰ ਸ਼ਾਮ ਪੈਂਦੀ ਅਸੀਂ ਆਪਣੇ ਘਰ ਆ ਜਾਂਦੇ
    ਮਾਂ ਨੇ ਕਦੀ ਵੀ ਪੜ੍ਹਾਈ ਦੀ ਗੱਲ ਨਹੀਂ ਸੀ ਕੀਤੀ।

    ਮੈਂ ਵੱਡਾ ਹੋ ਗਿਆ ਤੇ ਮੇਰਾ ਆਦਰਸ਼ ਬਣ ਗਈ
    ਮੈਂ ਆਪਣੇ ਮਾਂ ਬਾਪ ਵਾਂਗ ਮਜਦੂਰ ਬਣ ਗਿਆ
    ਹੁਣ ਮੇਰੀ ਮਾਂ ਮੈਨੂੰ ਬਿਰਧ ਹੁੰਦੀ ਜਾਪੀ
    ਉਸਦੀਆਂ ਲੱਤਾਂ ਵਿੱਚ ਦਰਦ ਰਹਿਣ ਲੱਗਾ
    ਉਹ ਹੁਣ ਉਨਾ ਭਾਰ ਨਾ ਚੁੱਕ ਸਕਦੀ
    ਹੁਣ ਮੈਂ ਉਸਨੂੰ ਕੰਮ ਨਹੀਂ ਕਰਨ ਦਿੰਦਾ
    ਮੈਂ ਆਪ ਮਾਂ ਦੀ ਥਾਂ ਕੰਮ ਕਰਨ ਲੱਗਾ ਹਾਂ
    ਮੈਨੂੰ ਆਪਣੀ ਮਾਂ ਵਾਲ਼ਾ ਕੰਮ ਕਰਨ ਵਿੱਚ
    ਮਾਣ ਮਹਿਸੂਸ ਹੁੰਦਾ ਹੈ
    ਮੈਂ ਮਾਂ ਦੇ ਅਤੇ ਘਰ ਦੇ ਖਰਚੇ ਚੁੱਕ ਲਏ ਹਨ
    ਮੈਨੂੰ ਕੋਈ ਠੇਕੇਦਾਰ ਘੂਰਦਾ ਵੀ ਨਹੀਂ
    ਹੁਣ ਮੇਰੀ ਮਾਂ ਇੱਕ ਕੋਠੀ ਵਿੱਚ ਖਾਣਾ
    ਬਣਾਉਣ ਦਾ ਕੰਮ ਕਰਨ ਲੱਗ ਗਈ ਹੈ
    ਇੱਕ ਸਹਾਇਕ ਵਾਂਗ ਕੰਮ ਕਰਦੀ ਹੈ
    ਉੱਥੇ ਕੰਮ ਕਰਨ ਵਾਲ਼ੀਆਂ ਕੁੜੀਆਂ ਰਹਿੰਦੀਆਂ ਹਨ
    ਜੋ ਮਾਂ ਦੱਸਦੀ ਹੈ ਕਿ ਪੜ੍ਹਦੀਆਂ ਵੀ ਹਨ।

    ਮੇਰੀ ਮਾਂ ਨੂੰ ਇਹ ਸਭ ਬਹੁਤ ਚੰਗਾ ਲੱਗਦਾ ਹੈ
    ਅੱਜ ਮੈਨੂੰ ਉਸ ਨੇ ਦੱਸਿਆ ਕਿ
    ਭਲ਼ਕੇ ‘ਮਈ ਦਿਵਸ ‘ਹੈ
    ਯਾਨੀ ਸਾਡਾ ਮਜਦੂਰਾਂ ਦਾ ਦਿਨ
    ਮੈਂ ਬਹੁਤ ਖੁਸ਼ ਹਾਂ ਕਿ ਮੇਰੀ ਮਾਂ ਖੁਸ਼ ਹੈ
    ਪਰ ਮੈਂ ਨਹੀਂ ਜਾਣਦਾ ਕਿ ਮਈ ਕੀ ਹੁੰਦੀ ਹੈ!
    ਪਰ ਇੰਨਾ ਜ਼ਰੂਰ ਜਾਣਦਾ ਹਾਂ ਕਿ ਜਦੋਂ
    ਮੇਰੇ ਬੱਚੇ ਹੋਣਗੇ
    ਉਹਨਾਂ ਨੂੰ ਮੈਂ ਪੜ੍ਹਾਂਵਾਗਾ
    ਇਹ ਮੇਰਾ ਸੁਪਨਾ ਹੈ…!

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!