ਰਾਵੀ ਕੌਰ

ਅਲਫ਼ ਬੇ ਦਾ ਪਤਾ ਨਾ ਮੈਨੂੰ, ਤੇ ਨਿੱਤ ਜਾਵਾਂ ਤਕਰੀਰਾਂ ਨੂੰ,
ਇੱਕੋ ਤੱਕਣੀਂ ਤੱਕੀ ਜਾਣਾ, ਚੋਰਾਂ ਨੂੰ ਤੇ ਪੀਰਾਂ ਨੂੰ।
ਹੇਠ ਮੁਸੱਲੇ ਦੀਨ ਮੈਂ ਰੱਖਿਆ, ਰੱਬ ਧਾਗੇ ਵਿੱਚ ਬੰਨ੍ਹ ਲੈਣਾ,
ਜਿੱਥੇ ਦਿਲ ਹੈ ਮੇਰਾ ਕਹਿੰਦਾ, ਓਥੇ ਉਸ ਨੂੰ ਮੰਨ ਲੈਣਾ।
ਹੱਕ ਸੱਚ ਨੂੰ ਪਾਸੇ ਰੱਖ ਕੇ, ਧਰਮ ਵੀ ਖ਼ੂਬ ਕਮਾਏ ਨੇ,
ਕੂੜ ਕਰਮ ਨੇ ਗੋਡੇ-ਗੋਡੇ, ਪਰ ਬਾਣੇ ਚਿੱਟੇ ਪਾਏ ਨੇ।
ਨਾਫੁਰਮਾਨ ਹਾਂ ਮੁਰਸ਼ਦ ਤੇਰਾ, ਤਾਂ ਮੌਜੂ ਤੋਂ ਅੱਡ ਹੋਇਆ,
ਮੈ ਹੀ ਸੱਚਾ-ਸੁੱਚਾ ਹਾਂ ਬੱਸ, ਇਹ ਨਾ ਜ਼ਿਹਨ ‘ਚੋਂ ਕੱਢ ਹੋਇਆ।
ਤੇਰੇ ਪਾਸੇ ਜਾਂਦੇ ਰਾਹ ਮੈਂ, ਬੰਦ ਕਰ ਛੱਡੇ ਪੱਕੇ ਨੇ,
ਬੇਖ਼ੁਦੀ ਦਾ ਹੱਜ ਪਿਆ ਕਰਦਾ, ਭੁੱਲਿਆ ਆਦਮ ਮੱਕੇ ਵੇ।
ਨਫ਼ਰਤ ਵਾਲੇ ਦੀਵੇ ਬਾਲ਼ੇ, ਮੇਰੇ ਅੰਦਰ ਗੈਰਤ ਨਈਂਂ,
ਜ਼ਹਿਰ ਪਿਆਏ ਭਰ-ਭਰ ਠੂਠੇ, ਇਹਦੇ ਵਿੱਚ ਕੋਈ ਹੈਰਤ ਨਈਂਂ।
ਕੁਫ਼ਰ ਮੈ ਤੋਲੇ ਕਾਹਤੋਂ ਮੌਲਾ, ਏਹੀ ਸੋਚੀ ਜਾਨਾ ਵਾਂ,
ਹੁਣ ਦੋਜਕ ਦੀ ਅੱਗ ਵਿੱਚ ਸੜਦਾ, ਤੈਨੂੰ ਲੋਚੀ ਜਾਨਾ ਵਾਂ।
ਆ ਫ਼ਰਮਾਂ-ਬਰਦਾਰੀ ਮੰਗੀਏ, ਕਾਇਨਾਤ ਦੇ ਵਾਲੀ ਤੋਂਂ,
ਉਹ ਬਖ਼ਸ਼ਿਸ਼ ਦੇ ਫੁੱਲ ਵਰਸਉਂਦਾ, ਇੱਕ ਫੁੱਲ ਮੰਗੀਏ ਮਾਲੀ ਤੋਂ।