-ਲੰਡਨ ਵਿੱਚ 4000 ਮਰੀਜ਼ਾਂ ਦੀ ਸਮਰੱਥਾ ਵਾਲਾ ਹਸਤਪਾਲ ਅਗਲੇ ਹਫ਼ਤੇ ਖੁੱਲ੍ਹੇਗਾ
-ਬੁਡਾਪੈਸਟ ਅੰਬੈਸੀ ਦੇ ਡਿਪਟੀ ਹੈੱਡ 37 ਸਾਲਾ ਸਟੀਵਨ ਦੀ ਮੌਤ
ਗਲਾਸਗੋ/ ਲੰਡਨ (ਪੰਜ ਦਰਿਆ ਬਿਊਰੋ) ਬਰਤਾਨੀਆ ਵਿੱਚੋਂ ਇੱਕ ਰਾਹਤ ਭਰੀ ਖ਼ਬਰ ਹੈ ਕਿ ਬਰਤਾਨਵੀ ਨੈਸ਼ਨਲ ਹੈਲਥ ਸਰਵਿਸ ਦੇ ਕਹਿਣ ‘ਤੇ ਇਕ ਕੰਪਨੀ ਨੇ ਘਰੇਲੂ ਟੈਸਟ ਕਿੱਟ ਤਿਆਰ ਕੀਤੀ ਹੈ, ਜਿਸ ਨਾਲ ਲੋਕ ਘਰ ਬੈਠੇ ਕੋਰੋਨਾਵਾਇਰਸ ਦੀ ਜਾਂਚ ਕਰ ਸਕਣਗੇ। ਇਸ ਕਿੱਟ ਨਾਲ ਸਿਰਫ ਇਕ ਬੂੰਦ ਖੂਨ ਰਾਹੀਂ ਤੁਸੀਂ ਆਪਣਾ ਕੋਰੋਨਾਵਾਇਰਸ ਟੈਸਟ ਕਰ ਸਕੋਗੇ। ਤੁਰੰਤ ਹੀ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਨੂੰ ਕੋਰੋਨਾਵਾਇਰਸ ਦਾ ਇਨਫੈਕਸ਼ਨ ਹੈ ਜਾਂ ਨਹੀਂ। ਬਰਤਾਨਵੀ ਸਰਕਾਰ ਨੇ 35 ਲੱਖ ਐਂਟੀਬਾਡੀ ਟੈਸਟ ਕਰਵਾਏ ਹਨ। ਹੁਣ ਸਰਕਾਰ ਨੇ ਨੈਸ਼ਨਲ ਹੈਲਥ ਸਰਵਿਸ ਨੂੰ ਕਿਹਾ ਹੈ ਕਿ ਉਹ ਸਾਰੇ ਡਾਕਟਰਾਂ, ਨਰਸਾਂ ਤੇ ਮੈਡੀਕਲ ਸਟਾਫ ਦੇ ਰਾਹੀਂ ਲੋਕਾਂ ਨੂੰ ਇਸ ਟੈਸਟ ਨੂੰ ਕਰਨ ਦਾ ਤਰੀਕਾ ਦੱਸਣ, ਤਾਂਕਿ ਲੋਕ ਆਪਣੀ ਜਾਂਚ ਕਰਕੇ ਖੁਦ ਆਪਣਾ ਕੰਮ ਸ਼ੁਰੂ ਕਰ ਸਕਣ। ਇੰਗਲੈਂਡ ਦੀ ਨੈਸ਼ਨਲ ਇਨਫੈਕਸ਼ਨ ਸਰਵਿਸ ਦੀ ਡਾਇਰੈਕਟਰ ਪ੍ਰੋਫੈਸਰ ਸ਼ੈਰਾਨ ਪੀਕਾਕ ਨੇ ਵਿਗਿਆਨ ਤੇ ਤਕਨੀਕੀ ਕਮੇਟੀ ਨੂੰ ਦੱਸਿਆ ਕਿ ਇਹ ਕਿੱਟ ਤਕਰੀਬਨ ਇੱਕ ਹਫਤੇ ਵਿੱਚ ਆ ਜਾਵੇਗੀ। ਇਸ ਨੂੰ ਸਰਕਾਰ ਆਮ ਲੋਕਾਂ ਲਈ ਬਾਜ਼ਾਰ ਵਿਚ ਭੇਜ ਸਕਦੀ ਹੈ। ਆਨਲਾਈਨ ਖਰੀਦਾਰੀ ਕੰਪਨੀਆਂ ਬੂਟਸ ਤੇ ਐਮਾਜ਼ਨ ‘ਤੇ ਇਹ ਟੈਸਟਿੰਗ ਕਿੱਟ ਮਿਲੇਗੀ। ਇਸ ਟੈਸਟਿੰਗ ਕਿੱਟ ਦੀ ਗੁਣਵੱਤਾ ਦੀ ਜਾਂਚ ਆਕਸਫੋਰਡ ਯੂਨੀਵਰਸਿਟੀ ਵਿਚ ਕੀਤੀ ਜਾ ਚੁੱਕੀ ਹੈ। ਪ੍ਰੋਫੈਸਰ ਸ਼ੇਰਾਨ ਪੀਕਾਕ ਨੇ ਦੱਸਿਆ ਕਿ ਇਸ ਕਿੱਟ ਨੂੰ ਬੇਹੱਦ ਘੱਟ ਪੈਸਿਆਂ ਵਿਚ ਜਾਂ ਮੁਫਤ ਆਨਲਾਈਨ ਦਿੱਤਾ ਜਾਵੇਗਾ। ਇਸ ਕਿੱਟ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਲੋਕ ਆਪਣੀ ਜਾਂਚ ਖੁਦ ਕਰ ਲੈਣਗੇ ਤੇ ਉਸ ਦੇ ਮੁਤਾਬਕ ਅੱਗੇ ਵਧਣਗੇ। ਅਜੇ ਇੰਗਲੈਂਡ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਜਾਂਚ ਨੱਕ ਤੋਂ ਸਵੈਬ ਕੱਢ ਕੇ ਕੀਤੀ ਜਾ ਰਹੀ ਹੈ। ਇਸ ਜਾਂਚ ਤੇ ਰਿਪੋਰਟ ਵਿਚ ਬਹੁਤ ਸਮਾਂ ਲੱਗ ਜਾਂਦਾ ਹੈ। ਬਰਤਾਨੀਆ ਵਿੱਚ ਸਿਹਤ ਸਹੂਲਤਾਂ ਦੇ ਮੁਕਾਬਲੇ ਵਾਇਰਸ ਪੀੜਤਾਂ ਦੀ ਵਧਸੀ ਗਿਣਤੀ ਦੇ ਖਦਸ਼ੇ ਸੰਬੰਧੀ ਪਹਿਲਾਂ ਹੀ ਇੰਤਜ਼ਾਮ ਕਰਦਿਆਂ ਲੰਡਨ ਦੇ ਐਕਸਲ ਸੈਂਟਰ ਵਿਖੇ 4000 ਮਰੀਜ਼ਾਂ ਦੀ ਸਮਰੱਥਾ ਵਾਲੇ ਹਸਪਤਾਲ ਦੀ ਉਸਾਰੀ ਦਿਨ ਰਾਤ ਇੱਕ ਕਰਕੇ ਕੀਤੀ ਜਾ ਰਹੀ ਹੈ। ਬਰਤਾਨਵੀ ਸੈਨਿਕਾਂ, ਸਿਹਤ ਕਾਮਿਆਂ ਤੇ ਉਸਾਰੀ ਖੇਤਰ ਦੇ ਕਾਮਿਆਂ ਦੀ ਮਦਦ ਨਾਲ ਇਸ ਹਸਪਤਾਲ ਦੇ ਵੀ ਅਗਲੇ ਹਫ਼ਤੇ ਖੁੱਲ• ਜਾਣ ਦੀ ਸੰਭਾਵਨਾ ਹੈ। ਬੁਡਾਪੈਸਟ (ਹੰਗਰੀ) ਸਥਿਤ ਬਰਤਾਨਵੀ ਅੰਬੈਸੀ ਦੇ ਡਿਪਟੀ ਹੈੱਡ 37 ਸਾਲਾ ਸਟੀਵਨ ਡਿਕ ਦੀ ਵੀ ਵਾਇਰਸ ਕਾਰਨ ਮੌਤ ਹੋਣ ਦਾ ਸਮਾਚਾਰ ਹੈ।