
-ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਤੰਜ ਕਸੇ ਜਾ ਰਹੇ ਹਨ
-ਕਿਹਾ ਜਾ ਰਿਹਾ ਹੈ ਕਿ ਉਸ ਨੇ ਸਰਕਾਰੀ ਹੁਕਮ ਕਿਉਂ ਨਾ ਮੰਨੇ?
ਗਲਾਸਗੋ/ਲੰਡਨ (ਪੰਜ ਦਰਿਆ ਬਿਊਰੋ) ਬਰਤਾਨਵੀ ਮਹਾਰਾਣੀ ਐਲਿਜਾਬੈੱਥ ਦੋਇਮ ਦੇ ਸਪੁੱਤਰ ਅਤੇ ਡਿਊਕ ਆਫ ਰੌਦਰਸੇਅ ਚਾਰਲਸ ਨੇ ਵਾਇਰਸ ਟੈਸਟ ਪੌਜੇਟਿਵ ਆਉਣ ਉਪਰੰਤ ਆਪਣਾ ਟਿਕਾਣਾ ਸਕਾਟਲੈਂਡ ਦੇ ਬਾਲਮੋਰਲ ਮਹੱਲ ਨੂੰ ਬਣਾਇਆ ਹੈ। ਕੋਰੋਨਾਵਾਇਰਸ ਟੈਸਟ ਪੌਜੇਟਿਵ ਆਉਣ ਤੋਂ ਬਾਅਦ ਉਹਨਾਂ ਦੇ ਸਕਾਟਲੈਂਡ ਆਉਣ ਦੇ ਫੈਸਲੇ ਦੀ ਆਲੋਚਨਾ ਹੋ ਰਹੀ ਹੈ। ਉਹਨਾਂ ਨੇ ਸਕਾਟਲੈਂਡ ਵੱਲ ਨੂੰ ਆਪਣਾ ਸਫ਼ਰ ਉਸ ਦਿਨ ਸ਼ੁਰੂ ਕੀਤਾ, ਜਦੋਂ ਬਰਤਾਨਵੀ ਸਰਕਾਰ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀਆਂ ਸਲਾਹਾਂ ਮੱਤਾਂ ਦੇ ਰਹੀ ਸੀ। ਸਰਕਾਰ ਵੱਲੋਂ ਲੋਕਾਂ ਨੂੰ ਸਖ਼ਤੀ ਨਾਲ ਕਿਹਾ ਗਿਆ ਹੈ ਕਿ ਉਹ ਆਪਣੀ ਪੱਕੀ ਰਿਹਾਇਸ਼ ‘ਤੇ ਹੀ ਟਿਕੇ ਰਹਿਣ। ਜਿਹੜੇ ਲੋਕ ਆਪਣੀਆਂ ਆਰਜ਼ੀ ਰਿਹਾਇਸ਼ਾਂ ਜਾਂ ਛੁੱਟੀਆਂ ਮਨਾਉਣ ਲਈ ਖਰੀਦੇ ਹੌਲੀਡੇਅ ਹੋਮਜ਼ ਵੱਲ ਨੂੰ ਕੂਚ ਕਰ ਗਏ ਸਨ, ਉਹਨਾਂ ਨੂੰ ਵੀ ਪੁਲਿਸ ਵੱਲੋਂ ਆਪੋ ਆਪਣੀ ਪੱਕੀ ਰਿਹਾਇਸ਼ ਵੱਲ ਤੋਰ ਦਿੱਤਾ ਗਿਆ ਸੀ। ਹੁਣ ਲੋਕਾਂ ਵੱਲੋਂ ਰਾਜਕੁਮਾਰ ਚਾਰਲਸ ਵੱਲੋਂ ਬਿਮਾਰੀ ਦੀ ਹਾਲਤ ਵਿੱਚ ਸਕਾਟਲੈਂਡ ਰਿਹਾਇਸ ਵੱਲ ਠਹਿਰਨ ਆਉਣ ਦੇ ਫੈਸਲੇ ਦੀ ਆਲੋਚਨਾ ਕੀਤੀ ਜਾ ਰਹੀ ਹੈ। ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ‘ਚ ਕਿਹਾ ਗਿਆ ਹੈ ਕਿ ਜੇਕਰ ਚਾਰਲਸ ਨੂੰ ਵਾਇਰਸ ਤੋਂ ਪੀੜਤ ਹਨ ਤਾਂ ਜਿਸ ਜਿਸ ਹੈਲੀਕਾਪਟਰ ‘ਚ ਉਹ ਸਕਾਟਲੈਂਡ ਆਏ ਹਨ, ਉਸਦੇ ਸਟਾਫ ਅਤੇ ਮਹੱਲ ਦੇ ਸਟਾਫ ਨੂੰ ਖਤਰੇ Ḕਚ ਕਿਉਂ ਪਾਇਆ ਗਿਆ ਹੈ? ਮਜ਼ਾਕੀਆ ਟਿੱਪਣੀ ਰਾਹੀਂ ਲੋਕਾਂ ਵੱਲੋਂ ਚਾਰਲਸ ਦਾ ਵਾਇਰਸ ਨੂੰ ਹੈਲੀਕਾਪਟਰ ਰਾਹੀਂ ਐਬਰਡੀਨ ਲਿਆਉਣ ਲਈ ਧੰਨਵਾਦ ਵੀ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਰਾਜਕੁਮਾਰ ਦੂਜਿਆਂ ਨਾਲੋਂ ਵੱਖਰਾ ਨਹੀਂ ਹੈ। ਜੇ ਦੂਜੇ ਲੋਕਾਂ ਨੂੰ ਘਰਾਂ ‘ਚ ਠਹਿਰਣ, ਅਣਸਰਦਾ ਸਫ਼ਰ ਕਰਨ ਦੀ ਮਨਾਹੀ ਹੈ ਤਾਂ ਉਹ ਸਕਾਟਲੈਂਡ ਕਿਉਂ ਆਇਆ ਹੈ? ਲੋਕਾਂ ਦਾ ਗੁੱਸਾ ਇਸ ਕਦਰ ਹੈ ਕਿ ਉਹ ਪੁਲਿਸ ਕੋਲੋਂ ਉਸੇ ਲਹਿਜ਼ੇ ਵਿੱਚ ਹੀ ਚਾਰਲਸ ਨੂੰ ਵਾਪਸ ਲੰਡਨ ਭੇਜਣ ਲਈ ਕਹਿ ਰਹੇ ਹਨ, ਜਿਸ ਤਰ੍ਹਾਂ ਪੁਲਿਸ ਨੇ ਆਮ ਲੋਕਾਂ ਨੂੰ ਆਪਣੇ ਹੌਲੀਡੇਅ ਹੋਮਜ਼ ‘ਚੋਂ ਪੱਕੇ ਰਿਹਾਇਸ਼ੀ ਘਰਾਂ ‘ਚ ਪਰਤਣ ਲਈ ਸਖ਼ਤੀ ਵਰਤੀ ਸੀ।