-ਰਾਜਕੁਮਾਰ ਚਾਰਲਸ ਦਾ ਟੈਸਟ ਆਇਆ ਪੌਜੇਟਿਵ
-ਸਕਾਟਲੈਂਡ ਸਥਿਤ ਬਾਲਮੋਰਲ ਮਹੱਲ ‘ਚ ਇਕਾਂਤਵਾਸ
ਗਲਾਸਗੋ/ਲੰਡਨ ( ਪੰਜ ਦਰਿਆ ਬਿਊਰੋ) ਕੋਰਾਨਾਵਾਇਰਸ ਦੀ ਮਾਰ ਹੇਠ ਹੁਣ ਬਰਤਾਨਵੀ ਸ਼ਾਹੀ ਪਰਿਵਾਰ ਵੀ ਆ ਗਿਆ ਹੈ। ਬੀਤੇ ਦਿਨੀਂ ਸ਼ਾਹੀ ਪਰਿਵਾਰ ਦੇ ਪੁੱਤਰ ਤੇ ਨੂੰਹ ਚਾਰਲਸ ਅਤੇ ਕੈਮਿਲਾ ਦਾ ਟੈਸਟ ਐਬਰਡੀਨਸ਼ਾਇਰ ਐੱਨਐੱਚਐੱਸ ਵੱਲੋਂ ਕੀਤਾ ਗਿਆ ਸੀ, ਜਿਸ ਵਿੱਚ ਰਾਜਕੁਮਾਰ ਚਾਰਲਸ ਦਾ ਟੈਸਟ ਪੌਜੇਟਿਵ ਆਇਆ ਦੱਸਿਆ ਜਾ ਰਿਹਾ ਹੈ। ਕਲੇਰੈਂਸ ਹਾਊਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 71 ਸਾਲਾ ਚਾਰਲਸ ਵਾਇਰਸ ਦੇ ਮਾਮੂਲੀ ਲੱਛਣਾਂ ਦੇ ਬਾਵਜੂਦ ਵੀ ਆਪਣੇ ਕੰਮਕਾਰ ਘਰ ਰਹਿ ਕੇ ਹੀ ਕਰ ਰਹੇ ਹਨ। ਉਹਨਾਂ ਦੀ 72 ਸਾਲਾ ਪਤਨੀ ਕੈਮਿਲਾ ਦਾ ਟੈਸਟ ਨੈਗੇਟਿਵ ਆਇਆ ਹੈ। ਰਿਪੋਰਟ ਆਉਣ ਤੋਂ ਬਾਅਦ ਉਹਨਾਂ ਨੂੰ ਸਕਾਟਲੈਂਡ ਸਥਿਤ ਬਾਲਮੋਰਲ ਮਹਿਲ ਵਿਖੇ ਇਕਾਂਤਵਾਸ ‘ਚ ਰੱਖਿਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਉਹਨਾਂ ਦੀ 10 ਮਾਰਚ ਦੀ ਮੋਨਾਕੋ ਦੇ ਰਾਜਕੁਮਾਰ ਐਲਬਰਟ ਨਾਲ ਮੀਟਿੰਗ ਤੋਂ ਬਾਅਦ ਉਹਨਾਂ ਦੀ ਸਿਹਤ ਅਸਾਵੀਂ ਚੱਲ ਰਹੀ ਸੀ। ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬਰਤਾਨੀਆ ਦੀ ਮਹਾਰਾਣੀ ਐਲਿਜਾਬੈੱਥ ਦੂਜੀ ਨੂੰ ਵੀ ਕੋਰੋਨਾਵਾਇਰਸ ਦੇ ਡਰੋਂ ਬਕਿੰਘਮ ਮਹਿਲ ਤੋਂ ਵਿੰਜਰ ਕਾਸਲ ‘ਚ ਤਬਦੀਲ ਕਰ ਦਿੱਤਾ ਗਿਆ ਸੀ। ਦੁਨੀਆ ਭਰ ਦੇ ਲੋਕਾਂ ਨੂੰ ਇਹ ਸਮਝ ਕੇ ਸਾਵਧਾਨੀ ਵਰਤ ਲੈਣੀ ਚਾਹੀਦੀ ਹੈ ਕਿ ਕੋਰੋਨਾਵਾਇਰਸ ਆਪਣੀ ਗ੍ਰਿਫਤ ਵਿੱਚ ਲੈਣ ਲੱਗਿਆਂ ਅਮੀਰ-ਗ਼ਰੀਬ ਜਾਂ ਰਾਜਾ-ਪਰਜਾ ਦਾ ਧਿਆਨ ਨਹੀਂ ਰੱਖਦਾ। ਦੱਸਣਾ ਬਣਦਾ ਹੈ ਕਿ ਬਰਤਾਨੀਆ ਭਰ ਵਿੱਚ ਖਬਰ ਲਿਖੇ ਜਾਣ ਤੱਕ 422 ਮੌਤਾਂ ਹੋ ਚੁੱਕੀਆਂ ਹਨ। ਜਦਕਿ ਪੀੜਤਾਂ ਦੀ ਗਿਣਤੀ 8 ਹਜਾਰ ਨੂੰ ਟੱਪ ਚੁੱਕੀ ਹੈ। ਸਕਾਟਲੈਂਡ ਵਿੱਚ ਹੁਣ ਤੱਕ 16 ਮੌਤਾਂ, ਵੇਲਜ਼ ਵਿੱਚ 17 ਅਤੇ ਉੱਤਰੀ ਆਇਰਲੈਂਡ ਵਿੱਚ 3 ਮੌਤਾਂ ਹੋ ਚੁੱਕੀਆਂ ਹਨ। ਸਰਕਾਰ ਵੱਲੋਂ ਰਾਸ਼ਟਰੀ ਸਿਹਤ ਸੇਵਾਵਾਂ ਵਿੱਚ ਕਾਮਿਆਂ ਦੀ ਥੁੜ੍ਹ ਨੂੰ ਦੇਖਦਿਆਂ ਢਾਈ ਲੱਖ ਵਲੰਟੀਅਰਾਂ ਦੀ ਲੋੜ ਪੂਰੀ ਕਰਨ ਦਾ ਸੱਦਾ ਦਿੱਤਾ ਸੀ। ਮਹਿਜ 24 ਘੰਟੇ ਵਿੱਚ ਹੀ 1 ਲੱਖ 70 ਹਜਾਰ ਲੋਕਾਂ ਨੇ ਸਵੈ ਇੱਛਾ ਨਾਲ ਵਾਇਰਸ ਨਾਲ ਨਜਿੱਠਣ ਲਈ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਹੈ। ਸਿਹਤ ਸਕੱਤਰ ਮੈਟ ਹੈਨਕਾਕ ਨੇ ਸਪੱਸ਼ਟ ਕੀਤਾ ਹੈ ਕਿ ਵਲੰਟੀਅਰਾਂ ਨੂੰ ਸਮਾਨ ਦੀ ਖਰੀਦੋ ਫਰੋਖ਼ਤ ਕਰਨ ਅਤੇ ਮੈਡੀਕਲ ਸਮਾਨ ਇੱਕ ਤੋਂ ਦੂਜੀ ਥਾਂ ਪਹੁੰਚਾਉਣ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ।