ਲੰਡਨ (ਪੰਜ ਦਰਿਆ ਬਿਊਰੋ)
ਪੰਜਾਬੀ ਗਾਇਕੀ ਵਿੱਚ ਤੂਫ਼ਾਨ ਵਾਂਗ ਆਇਆ ਤੇ ਛਾ ਗਿਆ ਸੀ ਗਾਇਕ “ਰਣਜੀਤ ਮਣੀ”। ਮੋਗਾ ਜ਼ਿਲ੍ਹਾ (ਓਦੋਂ ਫਰੀਦਕੋਟ ਜ਼ਿਲ੍ਹਾ) ਦੇ ਪਿੰਡ ਚੁੱਪਕੀਤੀ ਦੇ ਜੰਮਪਲ ਰਣਜੀਤ ਮਣੀ ਨੇ ਪਿੰਡ ਦੇ ਨਾਂ ਦੇ ਉਲਟ ਜਾਂਦਿਆਂ ਵਿਸ਼ਵ ਭਰ ਵਿੱਚ ਪਿੰਡ ਦੀ ਬਹਿਜਾ ਬਹਿਜਾ ਕਰਵਾ ਦਿੱਤੀ। ਕਾਲਜੀਏਟ ਮੁੰਡੇ ਕੁੜੀਆਂ ਦੇ ਚਹੇਤੇ ਗਾਇਕ ਵਜੋਂ ਉਸ ਨੇ ਲੰਮਾ ਸਮਾਂ ਦਿਲਾਂ ‘ਤੇ ਰਾਜ ਕੀਤਾ। ਵਕਤ ਨੇ ਅੰਗੜਾਈ ਲਈ ਤਾਂ ਆਪਣੇ ਸਮੇਂ ਦੇ ਸਟਾਰ ਗਾਇਕ ਘਰੀਂ ਬੈਠ ਗਏ। ਆਪਣੇ ਆਪ ਨੂੰ ਧੜਕਦਾ ਰੱਖਣ ਲਈ ਇੱਕਾ ਦੁੱਕਾ ਗੀਤਾਂ ਰਾਹੀਂ ਹਾਜ਼ਰੀ ਲਗਦੀ ਰਹੀ। ਰਣਜੀਤ ਮਣੀ ਵੀ ਪਰਦੇ ਪਿੱਛੋਂ ਝਾਤੀ ਮਾਰਦਾ ਰਿਹਾ ਪਰ ਜਿਆਦਾ ਸਰਗਰਮ ਨਾ ਰਿਹਾ। ਪਿਛਲੇ ਕੁੱਝ ਕੁ ਸਮੇਂ ਤੋਂ ਉਸਨੇ ਉਡਾਣ ਭਰਨ ਲਈ ਮੁੜ ਖੰਭ ਖੋਲ੍ਹੇ ਹਨ।

ਬੀਤੇ ਦਿਨ ਉਸਦੀ ਆਵਾਜ਼ ‘ਚ “ਪੈੱਗ vs ਭੰਗੜਾ” ਗੀਤ ਲੋਕ ਅਰਪਣ ਕੀਤਾ ਗਿਆ ਹੈ। ਇਸ ਗੀਤ ਨੂੰ ਰਚਿਆ ਹੈ ਇੰਗਲੈਂਡ ਵਸਦੇ ਪ੍ਰਪੱਕ ਸ਼ਾਇਰ ਤੇ ਗੀਤਕਾਰ ਹਰਜਿੰਦਰ ਮੱਲ ਨੇ।
“ਮੱਲ ਰਿਕਾਰਡਜ਼” ਤੇ ਹਰਜਿੰਦਰ ਮੱਲ ਦੀ ਪੇਸ਼ਕਸ਼ ਇਸ ਗੀਤ ਨੂੰ ਸੰਗੀਤਕ ਧੁਨਾਂ ਨਾਲ ਬੌਬੀ ਉੱਤਮ ਨੇ ਸ਼ਿੰਗਾਰਿਆ ਹੈ। “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਹਰਜਿੰਦਰ ਮੱਲ ਨੇ ਕਿਹਾ ਕਿ ਉਹਨਾਂ ਦੇ ਇਸ ਗੀਤ ਨੂੰ ਸ੍ਰੋਤਿਆਂ ਵੱਲੋਂ ਬੇਹੱਦ ਸਲਾਹਿਆ ਜਾ ਰਿਹਾ ਹੈ।