ਨੀ ਮੈਂ ਆਉਂਦੀ ਜਾਂਦੀ ਹਵਾ ਵਰਗਾ,
ਮਹਿਸੂਸ ਕਰੀਂ ਮੈਂ ਹੋਵਾਂਗਾ।
ਨੀ ਤੂੰ ਦੁੱਖ ਦੇਵੀਂ ਮੈਂ ਪੰਡ ਬੰਨ੍ਹੂੰ,
ਤੈਨੂੰ ਯਾਦ ਕਰੂੰ ਨਾਲੇ ਢੋਵਾਂਗਾ।
ਏਹ ਜੋ ਕੰਡਿਆਂ ਦਾ ਗੁਲਦਸਤਾ ਏ,
ਤੂੰ ਹੀ ਮੇਰੇ ਲਈ ਚੁਣਿਆ ਸੀ।
ਸਵੈਟਰ ਸਹਿਮ ਦੀ ਉੱਨਤੀ ਦਾ ਏ,
ਤੂੰ ਰਾਤ ਮੇਰੇ ਲਈ ਬੁਣਿਆ ਸੀ।
ਨੀ ਮੈਨੂੰ ਫੁੱਲਾਂ ਦੇ ਹੰਝੂ ਦੇ,
ਕਿਤੇ ਕੱਲਾ ਬੈਠ ਪਰੋਵਾਂਗਾ।
ਨੀ ਮੈਂ ਆਉਂਦੀ ਜਾਂਦੀ ਹਵਾ ਵਰਗਾ
ਗਲਤੀਆਂ ਤਾਂ ਮੈਥੋਂ ਹੋਈਆਂ ਸੀ,
ਅਸਾਂ ਲਾ ਲਿਆ ਦਿਲ ਸ਼ੁਦਾਈਆਂ ਨੇ।
ਸਾਡੇ ਹਾਸੇ ਮਰਨੇ ਪਾ ਦਿੱਤੇ,
ਇਹਨਾਂ ਤੇਰੀਆਂ ਮਨ ਆਈਆਂ ਨੇ।
ਅੱਜ ਅੰਗਿਆਰ ਵਿਛੇ ਨੇ ਮੇਰੇ ਲਈ,
ਮੈਂ ਰਾਤ ਉਹਨਾਂ ‘ਤੇ ਸੌਵਾਂਗਾ।
ਨੀ ਮੈਂ ਆਉਂਦੀ ਜਾਂਦੀ ਹਵਾ ਵਰਗਾ
ਨੀ ਮੈਨੂੰ ਲੱਪ ਕੁ ਮਿਲਿਆ ਮੋਹ ਤੇਰਾ,
ਮੈ ਓਹਦੇ ਨਾਲ ਹੀ ਲਾ ਬੈਠਾ।
ਤੂੰ ਸਭ ਝੂਠੇ ਕੌਲ ਹੀ ਕਰਦੀ ਰਹੀ,
ਤੇ ਉਹਨਾਂ ਕੌਲਾਂ ‘ਤੇ ਮੈਂ ਜਾ ਬੈਠਾ।
ਨੀ ਤੂੰ ਮਾਰ ਕਿਉਂ ਨੀ ਦੇਂਦੀ ਹੁਣ,
ਹੱਥ ਅੱਗ ‘ਨਾ ਸਿਵੇ ਵਿੱਚ ਧੋਵਾਂਗਾ।
ਨੀ ਮੈਂ ਆਉਂਦੀ ਜਾਂਦੀ ਹਵਾ ਵਰਗਾ
ਨੀ ਸਾਡੇ ਪਿੰਡਾਂ ਵਿੱਚ ਇੱਕ ਗੱਲ ਉੱਡਗੀ,
ਤੂੰ ਮੇਰੇ ਨਾਲ ਚੰਗਾ ਨਹੀਂ ਕਰਦੀ ਰਈ।
ਨੀ ਮੈਂ ਜਿਹੜੇ ਭਾਂਂਡੇ ਖਾਣਾ ਸੀ,
ਓਸੇ ਵਿੱਚ ਅੰਗਿਆਰੀਆਂ ਧਰਦੀ ਰਈ।
ਨੀ ਦੁੱਖਭੰਜਨ ਹੋਣ ਕਹਾਣੀਂ ਹੈ,
ਇਸਦਾ ਹਰ ਪਹਿਲੂ ਛੋਹਵਾਂਗਾ।
ਨੀਂ ਮੈਂ ਆਉਂਦੀ ਜਾਂਦੀ ਹਵਾ ਵਰਗਾ,
ਮਹਿਸੂਸ ਕਰੀਂ ਮੈਂ ਹੋਵਾਂਗਾ।

ਗੀਤਕਾਰ
ਦੁੱਖਭੰਜਨ ਰੰਧਾਵਾ
ਸੰਪਰਕ ਸੂਤਰ
0351920036369
ਕੈਂਪਿੰਗ ਵਿਲਾ ਪਾਰਕ
ਜੰਬੂਜ਼ੀਰਾ ਦੋ ਮਾਰ
ਪੁਰਤਗਾਲ