ਔਕਲੈਂਡ 28 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਆਰਡਨ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਹੁੰਦਿਆ ਆਖਿਆ ਹੈ ਕਿ ਕਰੋਨਾ ਖਿਲਾਫ ਸਾਡੀ ਰਾਸ਼ਟਰੀ ਲੜਾਈ ਅਜੇ ਖਤਮ ਨਹੀਂ ਹੋਈ। ਉਨ੍ਹਾਂ ਅੰਗਰੇਜ਼ੀ ਮੁਹਾਵਰੇ ‘ਆਊਟ ਆਫ ਵੁੱਡਜ਼’ ਦਾ ਹਵਾਲਾ ਦਿੰਦਿਆ ਕਿਹਾ ਕਿ ਲੈਵਲ-4 ਤੋਂ ਲੈਵਲ-3 ਕਰੋਨਾ ਤਾਲਾਬੰਦੀ ਕਰਨ ਦਾ ਮਤਲਬ ਇਹ ਨਾ ਲਿਆ ਜਾਵੇ ਕਿ ਅਸੀਂ ਖਤਰੇ ਤੋਂ ਬਾਹਰ ਹੋ ਗਏ ਹਾਂ। ਉਨ੍ਹਾਂ ਕਿਹਾ ਕਿ ਸਾਡੀ ਹੁਣ ਤੱਕ ਦੀ ਲੜਾਈ ਦੇ ਵਿਚ ਅਜਿਹਾ ਮੌਕਾ ਇਕ ਵਾਰ ਵੀ ਨਹੀਂ ਆਇਆ ਕਿ ਅਸੀਂ ਕਹਿ ਸਕਦੇ ਹੋਈਏ ਕਿ ਅਸੀਂ ਕਰੋਨਾ ਨੂੰ ਜਿੱਤ ਲਿਆ ਹੈ।
ਸਰਕਾਰ ਨੇ ਐਲਾਨ ਕੀਤਾ ਹੈ ਕਿ ਰਾਸ਼ਟਰਵਿਆਪੀ 35 ਨਵੇਂ ਨੌਕਰੀ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ ਤਾਂ ਕਿ ਰੁਜ਼ਗਾਰ ਦਾਤਾ ਅਤੇ ਨੌਕਰੀ ਭਾਲਣ ਵਾਲੇ ਇਕ ਦੂਜੇ ਨਾਲ ਤਾਲਮੇਲ ਕਰ ਕੰਮ ਦੀ ਸ਼ੁਰੂਆਤ ਕਰ ਸਕਣ। ਉਨ੍ਹਾਂ ਕਿਹਾ ਕਿ ”ਕੋਵਿਡ-19 ਲਈ ਜਿੰਨੀ ਦੇਰ ਦਵਾਈ ਨਹੀਂ ਬਣ ਜਾਂਦੀ ਇਸ ਨੂੰ ਬਾਹਰ ਰੱਖਣ ਦੀ ਕੋਸ਼ਿਸ਼ ਜਾਰੀ ਰਹੇਗੀ। ਦੇਸ਼ ਵਿਚ ਜ਼ੀਰੋ ਕੇਸ ਹੋਣ ਦਾ ਮਤਲਬ ਇਹ ਨਹੀਂ ਕਿ ਕਰੋਨਾ ਵਾਇਰਸ ਮੁੱਕ ਗਿਆ ਹੋਵੇਗਾ ਇਹ ਦੁਬਾਰਾ ਫਿਰ ਆ ਜਾਂਦਾ ਹੈ ਅਤੇ ਸਾਡੀ ਲੜਾਈ ਜਾਰੀ ਰਹੇਗੀ। ਲੈਵਲ-3 ਦੌਰਾਨ 75% ਅਰਥ ਵਿਵਸਥਾ ਹਰਕਤ ਦੇ ਵਿਚ ਆ ਜਾਵੇਗੀ ਅਤੇ ਹੁਣ 10 ਲੱਖ ਲੋਕ ਕੰਮ ‘ਤੇ ਆ ਗਏ ਹਨ। ਸੜਕੀ ਅਤੇ ਰੇਲ ਆਵਾਜਾਈ ਕਾਰਜ ਸ਼ੁਰੂ ਹੋ ਗਏ ਹਨ। ਛੋਟੇ ਬਿਜ਼ਨਸ ਅਦਾਰੇ ਸੁਰੱਖਿਆ ਨਿਯਮਾਂ ਅਧੀਨ ਕੰਮ ਸ਼ੁਰੂ ਕਰ ਸਕਦੇ ਹਨ। 10.4 ਬਿਲੀਅਨ ਡਾਲਰ ਸਰਕਾਰ ਨੇ ਅਦਾਰਿਆਂ ਨੂੰ ਬਚਾਉਣ ਲਈ ਖਰਚ ਕਰ ਦਿੱਤਾ ਹੈ। ਸਕੂਲ ਅਤੇ ਆਂਗਣਵਾੜੀ ਖੁੱਲ੍ਹ ਰਹੇ ਹਨ। ਦੇਸ਼ ਦੇ ਵਿਚ ਹੁਣ 1124 ਐਕਟਿਵ ਕੇਸ, 348 ਸੰਭਾਵਿਤ, ਹਸਤਪਾਲ ਦੇ ਵਿਚ 9 ਮਰੀਜ, 1214 ਹੁਣ ਤੱਕ ਠੀਕ ਹੋਏ ਅਤੇ 19 ਮੌਤਾਂ ਹੋਈਆਂ ਹਨ।