
ਕਿਰਨਪ੍ਰੀਤ ਕੌਰ
ਅੱਜ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਛਾਇਆ ਹੈ ।
ਅਖੇ ਡਾਕਟਰ ਨੇ ਆਖਿਆ ਹੈ ਕਿ ਘਰ ਵਿੱਚ ਇੱਕ ਨੰਨ੍ਹਾ ਜਿਹਾ ਮਹਿਮਾਨ ਆਉਣ ਵਾਲਾ ਹੈ । ਸਭ ਬਹੁਤ ਖ਼ੁਸ਼ ਨੇ ਇਨ੍ਹਾਂ ਦੇ ਤਾਂ ਖ਼ੁਸ਼ੀ ਵਿੱਚ ਪੈਰ ਹੀ ਜ਼ਮੀਨ ਤੇ ਨਹੀਂ ਟਿਕ ਰਹੇ ।
ਪਰ ਆ ਕੀ…! ਮੇਰੇ ਅੰਦਰ ਇਕ ਅਜੀਬ ਜਿਹਾ ਡਰ ਤੇ ਬੇਚੈਨੀ ਕਿਉਂ ਆ ਰਹੀ ਹੈ ? ਜੇਕਰ ਕੁੜੀ ਹੋਈ ਤਾਂ ਉਸ ਦਾ ਪਾਲਣ ਪੋਸ਼ਣ ਕਿਵੇਂ ਕਰਾਂਗੀ ਮੈਂ ? ਅੱਜਕੱਲ੍ਹ ਨਿੱਤ ਹੀ ਅਖ਼ਬਾਰਾਂ ਤੇ ਟੀਵੀ ਤੇ ਨਵੀਆਂ ਹੀ ਭਿਆਨਕ ਤੋਂ ਭਿਆਨਕ ਘਟਨਾਵਾਂ ਸੁਣਦੀ ਹਾਂ । ਹਾਏ ..! ਕਿਤੇ ਮੇਰੀ ਬੱਚੀ ਨਾਲ ਵੀ ..!!!
ਨਾ ..ਨਾ …ਇਹ ਸੋਚਦੇ ਹੀ ਮੇਰੀ ਰੂਹ ਕੰਬ ਉੱਠੀ ਤੇ ਅੱਖਾਂ ਵਿੱਚ ਇੱਕ ਅਜੀਬ ਜਿਹਾ ਡਰ ਉੱਭਰ ਆਇਆ ।
ਇਨ੍ਹਾਂ ਨੇ ਮੇਰੇ ਅੰਦਰ ਦੇ ਇਸ ਡਰ ਨੂੰ ਦੇਖ ਲਿਆ ਤੇ ਪੁੱਛਿਆ , “ਕੀ ਹੋਇਆ ਇੰਨੀ ਬੇਚੈਨੀ ਕਿਉਂ ਹੈ ?”
ਮੈਂ ਗੁੰਮ ਸੁਮ ਜਿਹੇ ਹੁੰਦੇ ਕਿਹਾ ,”ਜੇਕਰ ਸਾਡੇ ਕੁੜੀ ਹੋਈ ਤਾਂ ..ਮੈਂ ਇਸ ਜੱਗ ਦੀਆਂ ਭੈੜੀਆਂ ਨਜ਼ਰਾਂ ਤੋਂ ਉਸ ਨੂੰ ਕਿਵੇਂ ਬਚਾਵਾਂਗੇ ?”
ਇਨ੍ਹਾਂ ਨੇ ਮੁਸਕਰਾ ਕੇ ਆਖਿਆ ,”ਭਾਗਵਾਨੇ ..! ਇੰਨਾ ਨਾਮ ਜਪਦੀ ਏ ਰੱਬ ਦਾ ਤੇ ਫਿਰ ਵੀ ਅਜਿਹੀਆਂ ਗੱਲਾਂ ਕਰਦੀ ਏ। ਅਸੀਂ ਸ਼ੁਰੂ ਤੋਂ ਹੀ ਆਪਣੀ ਬੱਚੀ ਨੂੰ ਗੁਰੂ ਨਾਲ ਜੋੜਾਂਗੇ ਤਾਂ ਕਿ ਉਸ ਦੇ ਸੰਸਕਾਰ ਚੰਗੇ ਬਣ ਸਕਣ। ਉਸ ਨੂੰ ਆਪਣੇ ਚੰਗੇ ਮੰਦੇ ਦੀ ਸਮਝ ਰਹੇ। ਅਸੀਂ ਉਸ ਦੇ ਮਾਪੇ ਤਾਂ ਹੋਵਾਂਗੇ ਹੀ ਪਰ ਉਸ ਦੇ ਇੱਕ ਚੰਗੇ ਦੋਸਤ ਵੀ ਬਣਾਂਗੇ । ਫਿਰ ਉਸ ਨੂੰ ਕਦੇ ਕਮਜ਼ੋਰ ਨਹੀਂ ਬਣਾਉਣਾ ਮਾਈ ਭਾਗੋ ਵਾਂਗ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣੀ ਤੇ ਲੜਨ ਦਾ ਜਜ਼ਬਾ ਭਰਨਾ ਹੈ ਉਸ ਅੰਦਰ । ਇਹ ਨਹੀਂ ਕਿ ਕੱਲ੍ਹ ਨੂੰ ਕੋਈ ਦਰਿੰਦਾ ਉਸ ਤੇ ਭੈੜੀ ਅੱਖ ਰੱਖੇ ਤੇ ਉਹ ਖੁਦ ਨੂੰ ਕਮਜ਼ੋਰ ਤੇ ਲਾਚਾਰ ਮਹਿਸੂਸ ਕਰੇ ।
ਬਲਕਿ ਗੁਰੂ ਦੀ ਧੀ ਚੜ੍ਹਦੀਕਲਾ ‘ਚ ਰਹਿ ਕੇ ਦਰਿੰਦਿਆਂ ਦੇ ਮੂੰਹ ਭੰਨੇ ।
ਨਾਲੇ ਵੀ ਭਾਗਵਾਨੇ….! ਗੁਰੂ ਜੀ ਦਾ ਫੁਰਮਾਨ ਹੈ !
“ਜਿਸ ਕੇ ਸਿਰਿ ਉਪਰ ਤੂ ਸੁਆਮੀ ਸੋ ਦੁਖ ਕੈਸਾ ਪਾਵੇ”
ਤੂੰ ਚਿੰਤਾ ਨਾ ਕਰ …! ਬਸ ਆਪਣੇ ਚਿਹਰੇ ਤੇ ਮੁਸਕਾਨ ਬਣਾਈ ਰੱਖ। ਇਹ ਕਹਿ ਕੇ ਇਹ ਬੀਜੀ ਨਾਲ ਥੱਲੇ ਗੱਲਾਂ ਕਰਲਾ ਕਰਨ ਲੱਗ ਪਏ । ਪਰ ਮੇਰਾ ਮਨ ਹੁਣ ਨਿਸਚਿਤ ਹੋ ਗਿਆ। ਮੈਂ ਮਨ ਹੀ ਮਨ ਆਪਣੇ ਆਉਣ ਵਾਲੀ ਗੁੜੀਆ ਨੂੰ ਕਹਿਣ ਲੱਗੀ ,”ਮੇਰਾ ਪੁੱਤ ਤਾਂ ਦੁਨੀਆਂ ਤੇ ਮਿਸਾਲ ਹੋਵੇਗਾ।”