ਨਛੱਤਰ ਸਿੰਘ ਭੋਗਲ “ਭਾਖੜੀਆਣਾ“
ਮਹਾਮਾਰੀ ਐਸੀ ਝੁੱਲੀ,ਇਹਦਾ ਨਾਮ ਹੈ ਕਰੋਨਾ।
ਖ਼ਤਰਨਾਕ ਬੜੀ ਡਾਢੀ,ਰੱਬੀ ਕਹਿਰ ਹੈ ਕਰੋਨਾ।।
ਲਪੇਟ ਇਹਦੀ ਵਿੱਚ ਆਇਆ,ਅੱਜ-ਕੱਲ ਜੱਗ ਸਾਰਾ,
ਨਿਰਾ ਮੌਤ ਦਾ ਹੈ ਰੂਪ,ਸਾਰੇ ਜੱਗ ‘ਚ ਪਸਾਰਾ,
ਚੀਨ,ਇਟਲੀ,ਸਪੇਨ,ਕਨੇਡਾ ਅਤੇ ਅਮਰੀਕਾ,
ਪਾਕਿਸਤਾਨ ਤੇ ਜਪਾਨ,ਭਾਰਤ, ਰੂਸ ਤੇ ਜਮੀਕਾ,
ਸੁੰਨੇ ਕਰ ਜਾਊ ਬਿਮਾਰੀ,ਮਾਝਾ-ਮਾਲਵਾ ਤੇ ਦੋਨਾ।
ਮਹਾਮਾਰੀ ਐਸੀ ਝੁੱਲੀ,ਇਹਦਾ ਨਾਮ ਹੈ ਕਰੋਨਾ।।
ਸਾਰੇ ਨਿਯਮਾਂ ਨੂੰ ਮੰਨੋ, ਜੋ ਲਾਗੂ ਕਰੇ ਸਰਕਾਰ,
ਨਿਕਲੋ ਨਾ ਘਰੋਂ ਬਾਹਰ,ਐਵੇਂ ਘੁੰਮੋ ਨਾ ਬਜ਼ਾਰ,
ਗੁਰੂ ਘਰਾਂ ਵਿੱਚ ਸੰਗਤਾਂ ਦਾ ਇਕੱਠ ਨਾ ਵਧਾਉ,
ਬਿਮਾਰੀ ਫੈਲਣ ਦਾ ਡਰ,ਐਵੇਂ ਹੱਥ ਨਾ ਮਿਲਾਉ,
ਕਿਸੇ ਕੰਮ ਨਹੀਂ ਆਉਣਾ,ਧੰਨ,ਚਾਂਦੀ ਅਤੇ ਸੋਨਾ।
ਮਹਾਮਾਰੀ ਐਸੀ ਝੁੱਲੀ,ਇਹਦਾ ਨਾਮ ਹੈ ਕਰੋਨਾ।।
ਖ਼ਰੀਦਾਰਾਂ ਨੂੰ ਹੈ ਮੇਰੀ, ਇਕ ਨੇਕ ਜਿਹੀ ਸਲਾਹ,
ਰਾਸ਼ਨ ਵੱਧ ਨਾਂ ਖਰੀਦੋ,ਦੇ ਕੇ ਦੂਣੇ-ਚੌਣੇ ਭਾਅ,
ਦੁਕਾਨਦਾਰ ਮੇਰੇ ਵੀਰੋ,ਤੁਹਾਨੂੰ ਅਰਜ਼ ਗੁਜ਼ਾਰਾਂ,
ਵਾਧੂ ਮੁੱਲ ਨਾ ਲਗਾਉ,ਸੁਣੋ ਸਾਡੀਆਂ ਪੁਕਾਰਾਂ,
ਵੱਧ ਕੀਮਤਾਂ ਤੇ ਵੇਚੋਂ,ਆਟਾ,ਬਾਸਮਤੀ-ਝੋਨਾ।
ਮਹਾਮਾਰੀ ਐਸੀ ਝੁੱਲੀ,ਇਹਦਾ ਨਾਮ ਹੈ ਕਰੋਨਾ।।
ਖ਼ਾਰਜ ਕਰਤੀ ਉਲਿੰਪਕ,ਖੇਡਾਂ ਦਾ ਹੈ ਬੁਰਾ ਹਾਲ,
ਕ੍ਰਿਕਟ,ਟੈਨਿਸ,ਕਬੱਡੀ,ਕੁਸ਼ਤੀ,ਹਾਕੀ,ਫੁੱਟਬਾਲ,
ਵੱਡੇ ਕਰੋ ਨਾ ਇਕੱਠ,ਛੋਟੇ ਕਰ ਲਉ ਵਿਆਹ,
ਜੋੜ-ਮੇਲੇ ਜਾਂ ਜਲੂਸ,ਹੈ ਸਸਕਾਰ ਜਾਂ ਨਿਕਾਹ,
ਜੇ ਕਰ ਕੀਤੀ ਹੂੜ੍ਹ-ਮੱਤ,ਬੜਾ ਪਊ ਪਛਤਾਉਣਾ।
ਮਹਾਮਾਰੀ ਐਸੀ ਝੁੱਲੀ,ਇਹਦਾ ਨਾਮ ਹੈ ਕਰੋਨਾ।।
ਬੰਦ ਪਈਆਂ ਨੇ ਮਸ਼ੀਨਾਂ,ਸੁੰਨੇ ਹੋਏ ਕਾਰਖ਼ਾਨੇ,
ਖਾਲ਼ੀ ਕੂਕਣ ਵਿਚਾਰੇ,ਕਲੱਬ-ਪੱਬ ਤੇ ਮੈਖ਼ਾਨੇ,
ਸਾਕੀ ਵਿੱਛੜੇ ਰਿੰਦਾਂ ਤੋਂ,ਭਰੇ ਸ਼ੂਕਦੇ ਪੈਮਾਨੇ,
ਸਕੂਲਾਂ,ਕਾਲਜਾਂ ਨੂੰ ਜ਼ਿੰਦੇ,ਬੰਦ ਕੀਤੇ ਜਿੰਮਖਾਨੇ,
ਨਛੱਤਰ ਭੋਗਲ ਦੀ ਨਾਂ ਮੰਨੀ,ਪਊ ਉਮਰਾਂ ਦਾ ਰੋਣਾ।
ਮਹਾਮਾਰੀ ਐਸੀ ਝੁੱਲੀ,ਇਹਦਾ ਨਾਮ ਹੈ ਕਰੋਨਾ।।

ਲੇਖਕ:- ਨਛੱਤਰ ਸਿੰਘ ਭੋਗਲ
“ਭਾਖੜੀਆਣਾ”