ਬਿੱਟੂ ਖੰਗੂੜਾ, ਲੰਡਨ।

ਅੱਜਕੱਲ ਹਰ ਦੁਕਾਨ ਮੂਹਰੇ ਸੌਦਾ ਲੈਣ ਲਈ ਕਤਾਰ ਲੱਗੀ ਹੋਈ ਆ, ਪੱਛਮ ਦੇ ਲੋਕ ਕਤਾਰ ਵਿੱਚ ਖੜਨ ਦੇ ਆਦੀ ਨੇ ਪਰ ਰਾਸ਼ਨ ਵਾਸਤੇ ਝੋਲਾ ਫੜਕੇ ਖੜਨਾ ਨਵਾਂ ਤਜਰਬਾ ਹੈ, ਇਹ ਦੇਖਕੇ ਮੈਨੂੰ ਪਹਿਲੇ ਸਮਿਆਂ ਵਿੱਚ ਪੰਜਾਬ ਦੇ ਰਾਸ਼ਨ ਡੀਪੂ ਯਾਦ ਆ ਗਏ ਜਿੱਥੋ ਖੰਡ ਆਟਾ ਤੇ ਮਿੱਟੀ ਦਾ ਤੇਲ ਮਿਲਦਾ ਹੁੰਦਾ ਸੀ। ਆਮ ਤੌਰ ਤੇ ਇਹ ਡੀਪੂ ਚਲਾਉਣ ਵਾਲੇ ਚਲਦੇ ਪੁਰਜੇ ਹੁੰਦੇ ਸਨ ਤੇ ਬਹੁਤਾ ਰਾਸ਼ਨ ਉਹ ਬਾਹਰੋ ਬਾਹਰ ਬਲੈਕ ਵਿੱਚ ਵੇਚ ਦਿੰਦੇ ਸਨ, ਮਾਤੜ ਸਾਥੀ ਦੀਆਂ ਤਾਂ ਪੁੱਛਣ ਜਾਂਦੇ ਦੀਆਂ ਹੀ ਜੁੱਤੀਆਂ ਘਸ ਜਾਂਦੀਆ ਸਨ ਤੇ ਡੀਪੂ ਵਲੇ ਟਰਕਾਕੇ ਮੋੜ ਦਿੰਦੇ ਸਨ , ਟੁਆਇਲਟ ਪੇਪਰ ਲੈਣ ਲਈ ਖੱਜਲ ਹੁੰਦੇ ਲੋਕਾਂ ਦਾ ਤਜਰਬਾ ਵੀ ਇਹੋ ਜਿਹਾ ਹੀ ਸੀ। ਪੈਨਿਕ ਬਾਏ ਕਰਨ ਵਾਲਿਆਂ ਨੇ ਰਾਸ਼ਨ ਦੀ ਬੇਅਦਬੀ ਵੀ ਬਹੁਤ ਕੀਤੀ, ਪਹਿਲਾਂ ਮਣਾਮੂੰਹੀ ਖਰੀਦਿਆ ਤੇ ਫਿਰ ਬਿੱਨ ਵਿੱਚ ਸੁੱਟਿਆ, ਇਸ ਰੱਬ ਦੀ ਵੀ ਕਈ ਵਾਰ ਸਮਝ ਨੀ ਲਗਦੀ, ਇੰਨੀ ਕਾਣੀ ਵੰਡ ਕਿਉਂ, ਇੱਕ ਪਾਸੇ ਅਫਰੀਕਾ ਵਿੱਚ, ਏਸ਼ੀਆ ਵਿੱਚ ਲੋਕ ਭੁੱਖ ਨਾਲ ਮਰਦੇ ਤੇ ਇੱਧਰ ਬਹੁਤਾ ਖਾਣ ਨਾਲ ਨਾਲ, ਮਨੁੱਖ ਸੁਭਾਅ ਪੱਖੋਂ ਪੂੰਜੀਵਾਦੀ ਆ, ਵੱਧ ਤੋਂ ਵੱਧ ਇੱਕਠਾ ਕਰਨਾ ਚਾਹੁੰਦਾ। ਇਹ ਡੀਪੂ ਵਾਲੀ ਫਿਲਾਸਫੀ ਮੁਤਾਬਿਕ ਅਮੀਰ ਦੇਸ਼ ਤੇ ਅਮੀਰ ਲੋਕ ਸਭ ਸੌਦੇ ਬਲੈਕ ਵਿੱਚ ਖਰੀਦ ਲੈਂਦੇ ਨੇ ਤੇ ਗਰੀਬ ਗੁਰਬਾ ਭੁੱਖਾ ਮਰਦਾ ਤੇ ਬਿਮਾਰੀਆ ਵੀ ਜਿਆਦਾ ਦਬੇ ਕੁਚਲੇ ਲੋਕਾ ਨੂੰ ਤੇ ਅਣਵਿਕਸਤ ਮੁਲਕਾ ਵਿੱਚ ਫੈਲਦੀਆਂ ਨੇ, ਖਾਂਦਾ ਪੀਂਦਾ ਤਬਕਾ ਪਹਿਲੀ ਵਾਰ ਅੜਿਕੇ ਆਇਆ। ਹੁਣ ਵਕਤ ਹੈ ਸਰਬੱਤ ਦੇ ਭਲੇ ਦੀ ਸੋਚ ਨੂੰ ਅਪਣਾਈਏ, ਹਰ ਇੱਕ ਨੂੰ ਵੱਧ ਤੋਂ ਵੱਧ ਉੱਚਾ ਉੱਠਣ ਦਾ ਅਧਿਕਾਰ ਹੈ ਪਰ ਜਿਹੜੇ ਹੇਠਾਂ ਰਹਿ ਗਏ ਨੇ ਉਨ੍ਹਾਂ ਦੀ ਬਾਹ ਵੀ ਫੜੀਏ, ਤਿਰਸਕਾਰ ਦੀ ਜਗਹ ਅਪਣੱਤ ਨੂੰ ਅਪਣਾਈਏ, ਕਰੋਨਾ ਭਾਵੇ ਸਾਡੇ ਵਿੱਚੋਂ ਕੁਝ ਕੁ ਲੱਖਾਂ ਨੂੰ ਲੈ ਜਾਵੇਗਾ, ਪਰ ਮਨੁੱਖ ਪਰਜਾਤੀ ਖਤਮ ਨਹੀ ਹੋਵੇਗੀ, ਯਤਨ ਕਰਨ ਦੇ ਬਾਵਜੂਦ ਵੀ ਅਸੀਂ ਸਭ ਇਨਸਾਨਾ ਨੂੰ ਤਾਂ ਨਹੀ ਬਚਾ ਨਹੀਂ ਸਕਾਗੇ ਪਰ ਇਨਸਾਨੀਅਤ ਨੂੰ ਬਚਾਉਣ ਦਾ ਇਹ ਸੁਨਹਿਰੀ ਮੌਕਾ ਨਾ ਗਵਾਈਏ। ਇਸ ਔਖੀ ਘੜੀ ਆਉ ਪ੍ਰਣ ਕਰੀਏ ਕਿ ਕਰੋਨਾ ਦੇ ਉਸ ਪਾਰ ਅਸੀਂ ਸਭੈ ਸਾਝੀਵਾਲ ਸਦਾਇਨ ਵਾਲੀ ਸੋਚ ਅਪਣਾਕੇ ਬਰਾਬਰੀ ਦੇ ਸੰਕਲਪ ਵਿੱਚ ਆਪੋ ਆਪਣਾ ਹਾਂ ਪੱਖੀ ਯੋਗਦਾਨ ਪਾਵਾਂਗੇ ਤੇ ਇਕਸਾਰਤਾ ਵਾਲੀ ਦੁਨੀਆ ਸਿਰਜਣ ਦਾ ਯਤਨ ਕਰਾਂਗੇ।
ਬਿੱਟੂ ਖੰਗੂੜਾ +447877792555