12.7 C
United Kingdom
Wednesday, May 14, 2025

More

    ਕਬੱਡੀ ਦਾ ਮਸੀਹਾ-ਮਹਿੰਦਰ ਮੌੜ ਕਾਲਾ-ਸੰਘਿਆਂ।

    ਇਕਬਾਲ ਸਿੰਘ ਜੱਬੋਵਾਲੀਆ

    ਇਕਬਾਲ ਸਿੰਘ ਜੱਬੋਵਾਲੀਆ

    “ਮੌੜ ਵਰਗੇ ਘਰ ਘਰ ਨੀ ਜੰਮਣੇਂ…ਉਹ ਕਬੱਡੀ ਦਾ ਕਿਲ੍ਹਾ ਹੈ…ਕਿਲ੍ਹਾ…ਉਸ ਇਨਸਾਨ ਨੇ ਕਦੇ ਨਫ਼ਾ ਨੁਕਸਾਨ ਨੀ  ਵੇਖਿਆ…ਖਿਡਾਰੀਆਂ ਦੀ ਹਰ ਤਰ੍ਹਾਂ ਨਾਲ ਮੱਦਦ ਕੀਤੀ…ਕਬੱਡੀ ਦੇ ਖੇਤਰ ਵਿੱਚ ਨੰਬਰ ਇਕ ਇਨਸਾਨ ਹੈ…ਜਿਹੜਾ ਬੰਦਾ ਮੌੜ ਦੀ ਕਦਰ ਨੀ ਕਰਦਾ…ਮਾਂ-ਬਾਪ ਦੀ ਕੀ ਕਰੂ…ਭਗਤ ਹੈ ਭਗਤ…ਅਜਿਹੇ ਇਨਸਾਨ ਦੁਨੀਆਂ ‘ਚ ਬੜੇ ਘੱਟ ਮਿਲਦੇ ਨੇ…ਸੈਂਕੜੇ ਖਿਡਾਰੀ ਇੰਗਲੈਂਡ ‘ਚ ਪੱਕੇ ਕਰਾਏ…ਉਸ ਨੇ।”- ਆਪਣੇਂ ਸਮੇਂ ਦੇ ਸਟਾਰ ਖਿਡਾਰੀ  ਪੱਤੜੀਏ ਬੋਲੇ ਨੇ ਇਹ ਵਿਚਾਰ ਸਾਂਝੇ ਕੀਤੇ।
         ਇੰਗਲੈਂਡ ‘ਚ ਮੌੜ ਨੂੰ ‘ਕਬੱਡੀ ਦੇ ਬਾਬਾ ਬੋਹੜ’ ਦੇ ਨਾਂ ਨਾਲ ਜਾਣਿਆਂ ਜਾਂਦੈ। ਖਿਡਾਰੀਆਂ ‘ਚ ਹਮੇਸ਼ਾਂ ਜੋਸ਼ ਤੇ ਜ਼ਜ਼ਬਾ ਭਰ ਕੇ ਰੱਖਿਆ।ਮਜਾਲ ਐ ਕਿਸੇ ਨੂੰ ਡੁੱਲਣ ਦਿਤਾ ਹੋਵੇ।ਪੰਜਾਬੀਆਂ ਦੀ ਰੂਹ ਦੀ ਖ਼ੁਰਾਕ ਕਬੱਡੀ ਉਹਦੇ ਰੋਮ ਰੋਮ ‘ਚ ਵਸੀ ਹੋਈ ਹੈ। ਰੂਹ ਦੀ ਇਸ ਖ਼ੁਰਾਕ ਨੂੰ ਪੂਰਾ ਕਰਨ ਲਈ ਪੰਜਾਬ ਦੇ ਤਾਕਤਵਰ ਖਿਡਾਰੀਆਂ ਪਿਛੇ ਹਮੇਸ਼ਾਂ ਥੰਮ੍ਹ ਵਾਂਗ ਜਾ ਖੜ੍ਹਿਐ। ਮੁਲਕ ਦੀ ਵੰਡ ਤੋਂ ਬਾਅਦ ਤੋਖੀ, ਮਾਲੜੀ, ਬੱਲ ,ਪ੍ਰੀਤੇ ਵਰਗੇ ਖਿਡਾਰੀ ਮੱਲਾਂ ਨੇ ਭਾਰਤੀ ਪੰਜਾਬ ਦੇ ਲੋਕਾਂ ਦੀ ਨਵਜ਼ ਨੂੰ ਪਛਾਣਿਆਂ ਅਤੇ ਉਨ੍ਹਾਂ ਦੀ ਰੂਹ ਦੀ ਖ਼ੁਰਾਕ ਪੂਰੀ ਕੀਤੀ।ਕਬੱਡੀ ਨੂੰ ਹੱਸਦੀ ਵਸਦੀ ਵੇਖਣ ਅਤੇ ਬਲੰਦੀਆਂ ‘ਤੇ ਪਹੁੰਚਾਣ ਲਈ ਮਹਿੰਦਰ ਮੌੜ ਦਾ ਵੱਡਾ ਯੋਗਦਾਨ ਹੈ।ਕਬੱਡੀ ‘ਚ ਆਪਾ ਵਾਰਿਐ। ਘਰ ਫ਼ੂਕ ਤਮਾਸ਼ਾਂ ਵੇਖਣ ਵਾਲੀ ਗੱਲ ਨੂੰ ਦੂਜੇ ਤਰ੍ਹਾਂ ਕਹਿ ਲੈਦੇਂ ਹਾਂ ਕਿ ਸ਼ੌਕ ਪਾਲਣ ਲਈ ਜੇਬਾਂ ਖਾਲੀ ਕਰ ਦਿਤੀਆਂ ਤੇ ਜ਼ਮੀਂਨਾਂ ਦਾਅ ‘ਤੇ ਲਾ ਦੇਣੀਆਂ।ਜਿੰਦਗੀ ਕਬੱਡੀ ਲੇਖੇ ਲਾ ਦਿਤੀ।ਗਰੀਬ ਖਿਡਾਰੀਆਂ ਦੀ ਗਰੀਬੀ ਕੱਢੀ।ਕੱਚਿਆਂ ਤੋਂ ਪੱਕੇ ਬਣਾਏ।।ਮਹਿੰਦਰ ਮੌੜ ੮੯ ਕੁ ਸਾਲਾਂ ਦਾ ਹੋ ਚੁੱਕੈ।ਉਹਦੀਆਂ ਸੇਹਤ ਸੇਵਾਵਾਂ ਆਗਿਆ ਨਹੀਂ ਦਿੰਦੀਆਂ।ਸਰੀਰਕ ਤੌਰ ‘ਤੇ ਨਾਜ਼ੁਕ ਹਾਲਾਤਾਂ ‘ਚੋਂ ਗੁਜ਼ਰ ਰਿਹੈ। ਇਲਾਜ਼ ਚਲ ਰਿਹੈ। ਭਤੀਜਾ ਜੀਤਾ ਮੌੜ ਖਿਆਲ ਰੱਖ ਰਿਹੈ।ਸੱਚੇ ਪਾਤਸ਼ਾਹ ਮੇਹਰ ਕਰਨ ਤੰਦਰੁਸਤੀ ਬਖਸ਼ੇ ਤੇ ਖੇਡ-ਹਲਕਿਆਂ ‘ਚ ਦੁਬਾਰਾ ਮੌੜ…ਮੌੜ ਹੋਵੇ।


              ਪਿਤਾ ਤੇ ਭਰਾ ਸਿੰਘਾਪੁਰ ਰਹਿੰਦੇ ਕਰਕੇ  ਸੰਨ “੫੭ ‘ਚ ਮੌੜ ਉਨ੍ਹਾਂ ਕੋਲ ਚਲੇ ਗਿਆ।ਸਾਢੇ ਛੇ ਫੁੱਟ ਦਰਸ਼ਨੀਂ ਜੁਆਨ ਵੱਡਾ ਭਾਈ ਪਰਗਣ ਸਿੰਘ ਸਿੰਘਾਪੁਰ ‘ਚ ਕੁਸ਼ਤੀਆਂ ਕਰਦਾ ਤੇ ਰੱਸਾ ਖਿਚਦਾ ਸੀ।ਡੇਢ ਕੁ ਸਾਲ ਮੌੜ ਉਹਨਾਂ ਕੋਲ ਰਿਹਾ।ਚੰਗੀ ਖ਼ੁਰਾਕ ਖਾਧੀ ਪਹਿਲਵਾਨੀਂ ਕੀਤੀ ਤੇ ਦਿਲ ਨਾ ਲੱਗਣ ਕਰਕੇ ਵਾਪਸ ਪਿੰਡ ਆ ਗਿਆ।ਕੁਝ ਮਹੀਨੇਂ ਪਿੰਡ ਰਿਹਾ ਫਿਰ ਏਜੰਟ ਨਾਲ ਗੱਲ ਕਰਕੇ  ਇੰਗਲੈਂਡ ਨੂੰ ਚੱਲ ਪਾ ਦਿਤੇ।
             ੧੯੫੯ ‘ਚ ਉਹ ਇੰਗਲੈਂਡ ਚਲਾ ਗਿਆ।ਉਥੇ ਉਹਨੂੰ ਕੋਈ ਜਾਣਦਾ ਨਹੀਂ ਸੀ। ਪੰਜਾਬੀ ਉਥੇ ਬੜੇ ਘੱਟ ਸਨ ਉਸ ਵੇਲੇ।ਪਹਿਲੀ ਰਾਤ ਉਨ੍ਹੇ ਵੁਲਵਹੈਂਮਟਨ ਦੇ ਸਟੇਸ਼ਨ ‘ਤੇ ਕੱਟੀ।।ਫਿਰ ਉਹਨੂੰ ਅੱਪਰੇ ਲਾਗੇ ਦਾ ਕੋਈ ਪਰਿਵਾਰ ਮਿਲਿਆਂ।ਥੋੜੇ ਦਿਨ ਉਨ੍ਹਾਂ ਕੋਲ ਰਿਹਾ ਤੇ ਕੰਮ ਲੱਭ ਕੇ ਟਿਕਾਣਾ ਬਣਾ ਲਿਆ। ਪੰਜਾਬ ‘ਚੋਂ ਕੁਸ਼ਤੀਆਂ ਕਰਦਾ ਗਿਆ ਕਰਕੇ ਇੰਗਲੈਂਡ ਜਾ ਕੇ ਕੁਸ਼ਤੀਆਂ ਕੀਤੀਆਂ ਤੇ ਕੇਬੋ, ਨਿੰਮਾਂ ਮੱਲੀਆਂ ਤੇ ਹੋਰ ਪਹਿਲਵਾਨਾਂ ਨਾਲ ਕੁਸ਼ਤੀਆਂ ਲੜੀਆਂ।ਫਿਰ ਕਬੱਡੀ ਪਹਿਲਵਾਨੀਂ ਤੋਂ ਭਾਰੂ ਹੋ ਗਈ।ਕਬੱਡੀ ਦਾ ਜਨੂੰਨ ਸਿਰ ਚੜ੍ਹ ਬੋਲਣ ਲੱਗਾ।ਕੰਮ ਤੋਂ ਘਰ ਜਾ ਥੋੜਾ ਅਰਾਮ ਕਰਨਾ,ਫਿਰ  ਵੈਨ ‘ਚ ਖਿਡਾਰੀਆਂ ਨੂੰ ਘਰਾਂ ਚੋਂ ਚੱਕ ਕੇ ਗਰਾਂਊਂਡ ਲਿਜਾਣਾ ਤੇ ਪ੍ਰੈਟਿਸ ਕਰਕੇ ਫਿਰ ਘਰੋ-ਘਰੀ ਛੱਡਣਾ, ਰੋਜ਼ ਦਾ ਕੰਮ ਸੀ। ਕਬੱਡੀ ਦਾ  ਸ਼ੌਕੀਨ ਕਰਕੇ ਖਿਡਾਰੀਆਂ ਨੂੰ ਹਮੇਸ਼ਾਂ ਹੌਸਲਾ ਦਿੰਦਾ।ਸੰਨ ‘੬੫ ‘ਚ ਇੰਗਲੈਂਡ ‘ਚ ਕਬੱਡੀ ਦੀ ਸ਼ੁਰੂਆਤ ਹੋਈ ।
          ੧੩ ਫ਼ਰਬਰੀ ੧੯੭੩ ਨੂੰ ਇੰਗਲੈਂਡ ਦੀ ਟੀਂਮ ਪਹਿਲੀ ਵਾਰ ਪੰਜਾਬ ਖੇਡਣ ਗਈ।ਇੰਗਲੈਂਡ ‘ਚ ਕਬੱਡੀ ਦਾ ਸ਼ੌਕ ਰੱਖਣ ਵਾਲੇ ਕਾਵੈਂਟਰੀ ਤੇ ਵੁਲਵਹੈਂਮਟਨ ਤੋਂ ਮਹਿੰਦਰ ਮੌੜ ਤੇ ਸੋਹਣ ਸਿੰਘ ਚੀਮਾਂ,ਬਾਰਮਿਘਮ ਤੋਂ ਪਿਆਰਾ ਸਿੰਘ ਓੁਪਲ ਤੇ ਜਰਨੈਲ ਸਿੰਘ ਹੇਅਰ,ਸਾਊਥਹਾਲ ਤੋਂ ਸੁਰਜਣ ਸਿੰਘ ਚੱਠਾ ਤੇ ਰੇਸ਼ਮ ਸਿੰਘ ਅਤੇ ਗਰੇਵਜੈਂਡ ਤੋਂ ਕਰਨੈਲ ਸਿੰਘ ਸਨ।ਇਨ੍ਹਾਂ ਪ੍ਰਮੋਟਰਾਂ ਨੇ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਤੋਂ ਖਿਡਾਰੀ ਚੁਣ ਚੁਣ ਕੇ  ਪੰਜਾਬ ਖੇਡਣ ਲਈ ਭੇਜੇ।ਟੀਂਮ ਵਿੱਚ , ਹਰਪਾਲ ਬਰਾੜ, ਜੀਤੀ ਖੈਰਾ,ਟਹਿਲ ਸਿੰਘ ਟਹਿਲਾ ਸੰਧਵਾਂ, ਹਿੰਮਤ ਸਿੰਘ, ਜਸਵੀਰ ਘੁੱਗੀ , ਲਹਿੰਬਰ ਲਿਤਰਾਂ ,ਕੇਵਲ ਪਾਸਲਾ,ਦੇਬੀ ਕੋਟਲੀ ਥਾਨ ਸਿੰਘ, ਤੋਚੀ, ਬਾਬਾ ਕਰਨੈਲ ਘੁੱਰਲੀ, ਅਮਰੀਕ ਢਿਲਵਾਂ,ਸੋਹਣ ਬੋਪਾਰਾਏ,ਅਜੈਬ ਚੀਮਾਂ, ਜੀਤੀ ਹੁਸ਼ਿਆਰਪੁਰ,ਬਿੰਦਰ ਹੁਸ਼ਿਆਰਪੁਰ, ਪਰਮਜੀਤ ਲਾਖਾ, ਪਾਲੀ ਰਾਏਪੁਰ ਡੱਬਾ ਤੇ ਮੀਤਾ ਸੰਗ ਢੇਸੀਆਂ ਨਾਮਵਰ ਖਿਡਾਰੀ ਸਨ।ਇਨ੍ਹਾਂ ਖਿਡਾਰੀਆਂ ਨੇ ਪੰਜਾਬ ਦੇ ਜਲੰਧਰ, ਫ਼ਿਰੋਜ਼ਪੁਰ, ਮੋਰਾਂਵਾਲੀ ਤੇ ਕਿਲ੍ਹਾ-ਰਾਏ ਮੈਚ ਖੇਡੇ।
            ਪੰਜਾਬ ਦਾ ਉਸ ਵੇਲੇ ਦਾ ਨਾਮਵਰ ਕਬੱਡੀ ਖਿਡਾਰੀ ਤੇ ਕੋਚ ਰਮੀਦੀ ਵਾਲੇ ਸਰਬਣ ਬੱਲ ਨੂੰ  ਸੰਨ ‘੭੨ ‘ਚ ਪਹਿਲੀ ਵਾਰ ਮੌੜ ਨੇ  ਇੰਗਲੈਂਡ ਸੱਦਿਆ।੭੨ ‘ਚ ਇੰਗਲੈਂਡ ਤੋਂ ਵਾਪਸ ਜਾ ਬੱਲ ਸਾਹਿਬ ਨੇ ਪਿੰਡਾਂ ਦੇ ਗ੍ਰਾਮ ਸੇਵਕ ਸ. ਭਜਨ ਸਿੰਘ ਸੰਘਾ ਅਤੇ ਪੰਚਾਇਤਾਂ ਦੇ ਅਫ਼ਸਰ ਅਤੇ ਖੇਡਾਂ ‘ਚ ਸ਼ੌਕ ਰੱਖਣ ਵਾਲੇ ਬੀ ਡੀ ਪੀ ਓ ਹਰਮਿੰਦਰ ਸਿੰਘ ਭੁੱਲਰ ਨਾਲ ਗੱਲ ਕੀਤੀ।
           ਗੱਲ-ਬਾਤ ਤੋਂ ਪੰਜਾਬ ਦੇ ਤਕੜੇ ਖਿਡਾਰੀਆਂ ਦੀ ਟੀਂਮ ਤਿਆਰ ਕਰਕੇ ਸੰਨ ‘੭੪ ‘ਚ ਇੰਗਲੈਂਡ ਖੇਡਣ ਗਏ।ਟੀਂਮ ਨਾਲ ਬੱਲ ਸਾਹਿਬ  ਕੋਚ ,ਬੀ ਡੀ ਪੀ ਓ ਸ.ਹਰਮਿੰਦਰ ਸਿੰਘ ਭੁੱਲਰ ਤੇ ਸੇਹਿਤ ਮੰਤਰੀ ਸ. ਬਲਵੀਰ ਸਿੰਘ ਸ਼ੰਕਰ ,ਤੇ ਖੇਡ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਸਨ।ਤੋਖੀ ਐਟਮ ਬੰਬ ਤੇ ਅਜੀਤ ਸਿੰਘ ਮਾਲੜੀ ਮਹਿਮਾਨ ਦੇ ਤੌਰ ‘ਤੇ ਨਾਲ ਗਏ ।ਖਿਡਾਰੀਆਂ ‘ਚ ਪ੍ਰੀਤਾ (ਕਪਤਾਨ), ਦੇਵੀ ਦਿਆਲ (ਓੁਪ ਕਪਤਾਨ),ਸੱਤਾ ਅੰਮ੍ਰਿਤਸਰ, ਜੀਤਾ ਸਿਪਾਹੀ ਅੰਮ੍ਰਿਤਸਰ, ਰਸਾਲ ਸਿੰਘ ਰਸਾਲਾ,ਬੰਸਾ ਢੰਡੋਵਾਲ ਸ਼ਾਹਕੋਟ,ਭੱਜੀ ਖੁਰਦਪੁਰ ਤੇ ਜੱਗੀ ਰਸੂਲਪੁਰ ਰੇਡਰ ਸਨ ਤੇ ਜਾਫ਼ੀਆਂ ‘ਚ ਘੁੱਗਾ ਸ਼ੰਕਰ, ਦਰਸ਼ਣ ਮੰਗਲੀ ਲੁਧਿਆਣਾ,ਸੁਰਜੀਤ ਸੈਦੋਵਾਲ , ਬਿੰਦਰ ਘੱਲ-ਕਲਾ ਤੇ ਮੋਹਣੀ ਜੰਡਿਆਲਾ (ਜਾਫ਼ੀ ਤੇ ਪਹਿਲਵਾਨ) ਖਿਡਾਰੀ ਸਨ।ਨਾਲ ਗਏ ਭੁੱਲਰ ਸਾਹਿਬ ਨੂੰ ਸਟੇਜ਼ ਦਾ ਧਨੀ  ਤੇ ਗਜ਼ਬ ਦਾ  ਕਮੈਂਟੇਟਰ ਐਲਾਨਿਆਂ ਗਿਆ।
          ਸੰਨ ‘੭੪-੭੫ ‘ਚ ਪਹਿਲੀ ਵਾਰ ਮੌੜ ਸਾਹਿਬ ਪੰਜਾਬ ਗਏ ਸਨ।੧੫-੧੬ ਸਾਲਾਂ ਬਾਅਦ ਜਾ ਕੇ ਮੌੜ ਸਾਹਿਬ ਨੇ ਪੰਜਾਬ ਦੇ ਰੰਗ ਵੇਖੇ।ਪੰਜਾਬ ਦੀਆਂ ਫ਼ਸਲਾਂ ਤੇ ਕਬੱਡੀ ਮੈਚ ਵੇਖ ਕੇ ਗਦਗਦ ਹੋ ਗਿਆ।
         ਸੰਨ ”੭੭ ‘ਚ ਪੰਜਾਬ ਦੀ ਟੀਂਮ ਦੂਜੀ ਵਾਰ ਫਿਰ ਇੰਗਲੈਂਡ ਖੇਡਣ ਗਈ।ਧਾਵੀਆਂ ‘ਚ ਪ੍ਰੀਤਾ, ਦੇਵੀ ਦਿਆਲ,ਪੱਤੜੀਆ ਬੋਲਾ, ਫ਼ਿੱਡੂ,ਅਰਜਣ ਕਾਓੁਂਕੇ ਤੇ ਦਿਲਬਾਗ ਬਾਘਾ ਬੇਗੋਵਾਲ ਸਨ ਅਤੇ ਜਾਫ਼ੀਆਂ ‘ਚ ਸ਼ਿਵਦੇਵ ਸਿੰਘ,ਮੱਖਣ ਪੁਆਦੜਾ, ਭੱਜੀ ਖੀਰਾਂਆਲੀ,ਦਰਬਾਰਾ ਬੋਲਾ ਤੇ ਬਲਤੇਜ ਘੱਲ ਕਲਾਂ ਸਨ।
        ਸੰਨ ‘੮੮ ‘ਚ ਮੌੜ ਸਾਹਿਬ ਤੇ ਸੋਹਣ ਸਿੰਘ ਚੀਮਾਂ ਇੰਗਲੈਂਡ ਦੀ  ਟੀਂਮ ਫਿਰ ਪੰਜਾਬ ਲੈ ਕੇ ਗਏ।ਖਿਡਾਰੀਆਂ ‘ਚ ਰੇਡਰ ਜਸਵੀਰ ਘੁੱਗੀ,ਸਵਰਨਾ,ਪਾਲੀ,ਜੱਸਾ ਭੱਜੀ, ਮੋਹਣਾ ਸੰਧਵਾਂ, ਜੈਲਾ ਹੁਸ਼ਿਆਰਪੁਰ ਤੇ ਚੁੰਨੀ ਪੱਤੜ(ਪੱਤੜੀਏ ਬੋਲੇ ਦਾ ਚਚੇਰਾ ਭਰਾ)ਸਨ।ਫਿਰ ਤਾਂ ਹਰ ਸਾਲ ਇੰਗਲੈਂਡ ਦੀ ਟੀਂਮ ਪੰਜਾਬ ਖੇਡਣ ਜਾਣ ਲੱਗੀ।
             ਸੰਨ”੮੬ ‘ਚ ਦੁਬਾਰਾ ਇੰਗਲੈਂਡ ਤੋਂ ਪੰਜਾਬ  ਖੇਡਣ ਗਈ ਸਿਰੇ ਦੀ ਟੀਂਮ ‘ਚ ਜਸਵੀਰ ਘੁੱਗੀ, ਕੇਵਲ ਪਾਸਲਾ,ਮੱਖਣ ਪੁਆਦੜਾ,ਬਲਵੀਰ ਵੀਰ੍ਹਾ ਚਮਿਆਰਾ,ਨਿੰਦੀ ਔਜਲਾ,ਸਵਰਨਾ ਲੁਧਿਆਣਾ, ਮੇਜੀ ਲੁਧਿਆਣਾ, ਦੀਪਾ ਮੌਲੀ, ਜੈਲਾ ਹੁਸ਼ਿਆਰਪੁਰ,ਬਲਵੀਰ ਦੁੱਗਰੀ, ਮਿੰਦੀ ਪਧਾਣਾ, ਸੁਲੱਖਣ ਖੈੜਾ-ਦੋਨਾਂ ਤੇ ਬਾਰਮੀਂਘਮ ਦਾ ਭਲਵਾਨ।ਇਸ ਟੀਂਮ ਨੇ ਤਲਵੰਡੀ ਸਾਬੋ ਕੀ, ਦੋਰਾਹੇ,ਬੱਸੀ ਪਠਾਣਾ,ਛੋਟਾ ਰੁੜਕਾ,ਕਾਲਕੇ (ਦੇਵੀ ਦਿਆਲ ਦੇ ਸ਼ਗਿਰਦ ਟੋਨੀਂ ਦੇ ਪਿੰਡ),ਚੰਡੀਗੜ੍ਹ ਲਾਗੇ ਇਕ ਪਿੰਡ ਮੈਚ ਖੇਡੇ।ਮਹੀਨਾ ਕੁ ਇਹ ਟੀਂਮ ਪੰਜਾਬ ਰਹੀ ਸੀ ਤੇ  ਖਾੜਕੂਵਾਦ ਦੇ ਦਿਨ ਸਨ।ਕਾਵੈਂਟਰੀ ਵਾਲੇ ਸੀਤਲ ਸਿੰਘ ਜੌਹਲ ਤੇ ਸੋਹਣ ਸਿੰਘ ਚੀਮਾਂ ਇਸ ਟੀਂਮ ਦੀ ਅਗਵਾਈ ਕਰ ਰਹੇ ਸਨ। ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਦੀਆਂ ਆਪੋ-ਆਪਣੀਆਂ ਕਲੱਬਾਂ ਬਣ ਜਾਣ ਕਰਕੇ ਫਿਰ ਤਾਂ ਹਰ ਸਾਲ ਇੰਗਲੈਂਡ ਤੋਂ  ਪੰਜਾਬ ਟੀਂਮ ਖੇਡਣ ਜਾਣ ਲੱਗੀ।


             ‘੭੯ ‘ਚ ਮੌੜ ਸਾਹਿਬ ਨੇ “ਮੌੜ ਡੇਅਰੀ” ਪਾ ਲਈ ਤੇ ਲੋਕਾਂ ਦੇ ਘਰਾਂ ‘ਚ ਦੁੱਧ ਸਪਲਾਈ ਕਰਨ ਲਈ ਬੰਦੇ ਰੱਖ ਲਏ।ਲੁਧਿਆਣੇਂ ਵਾਲਾ ਮੇਜ਼ੀ ਤੇ ਕਾਲੇ-ਸੰਘਿਆਂ ਵਾਲਾ ਮੋਹਣਾ ਵੀ ਲੋਕਾਂ ਦੇ ਘਰਾਂ ‘ਚ ਦੁੱਧ ਸਪਲਾਈ ਕਰਨ ਜਾਂਦੇ ਰਹੇ।
              ਮੌੜ ਦੀ ਪਾਰਖੂ ਅੱਖ ਹਮੇਸ਼ਾਂ ਚੰਗੇ ਖਿਡਾਰੀਆਂ ਨੂੰ ਲੱਭਦੀ ਰਹਿੰਦੀ।ਹਮੇਸ਼ਾਂ ਚੰਗੀ ਗੇਂਮ ਦੀ ਕਦਰ ਕਰਦਾ…!  ਨਾ ਕੋਈ ਅਮੀਰ ਵੇਖਦਾ ਨਾ ਗਰੀਬ….।ਬੱਸ ਗੇਂਮ…। ਮੌੜ ਸਾਹਿਬ ਕਿਤੇ ਮੈਚ ਵੇਖਣ ਗਏ। ਕੋਈ ਖਿਡਾਰੀ  ਵਧੀਆ ਖੇਡ ਰਿਹਾ ਸੀ।ਉਹਦੀ ਗੇਂਮ ਉਹਨੂੰ ਵਧੀਆ ਲੱਗੀ।ਮੈਚ ਮੁੱਕਣ ਤੋਂ ਬਾਅਦ ਮੌੜ ਉਹਦੇ ਕੋਲ ਗਿਆ ਤੇ ਕਿਹਾ,”ਜੁਆਨਾਂ ਇੰਗਲੈਂਡ ਖੇਡਣ ਜਾਣੈਂ..ਪਾਸਪੋਰਟ ਹੈ..?” ਇੰਗਲੈਂਡ ਦਾ ਨਾਂ ਸੁਣ ਕੇ ਮੁੰਡਾ ਹੈਰਾਨ ਜਿਹਾ ਹੋ ਗਿਆ।
         ਉਹਦਾ ਅਤਾ-ਪਤਾ ਕਰਕੇ ਦੂਜੇ ਦਿਨ ਮੌੜ ਉਹਦੇ ਘਰ ਚਲਾ ਗਿਆ। ਘਰ ਵੜਦੇ ਨੂੰ ਵੇਹੜੇ ‘ਚ ਬੱਕਰੀਆਂ ਬੰਨ੍ਹੀਆਂ ਹੋਈਆਂ ਸਨ ਤੇ ਬਾਪ ਹੁੱਕਾ ਪੀ ਰਿਹਾ ਸੀ ।ਮੌੜ ਨੇ ਘਰ ਦੇ ਪਿੱਛੜੇ ਹਾਲਾਤਾਂ ਦਾ ਅੰਦਾਜ਼ਾ ਲਾ ਲਿਆ।
        “ਬਜ਼ੁਰਗਾ ਮੁੰਡਾ ਇੰਗਲੈਂਡ ਲੈ ਕੇ ਜਾਣਾ ਖੇਡਣ ਲਈ…ਵਧੀਆ ਖੇਡਦੈ….!
       “ਸਾਡੇ ਭਾਗਾਂ ‘ਚ ਇੰਗਲੈਂਡ ਕਿਥੇ ਜੀ…?” ਇੰਗਲੈਂਡ ਦਾ ਨਾਂ ਸੁਣ ਕੇ ਬਾਪ ਸੁੰਨ ਜਿਹਾ ਹੋ ਗਿਆ।
          “ਮੁੰਡਾ ਕਿਥੇ ਐ…?
    “ਜੀ, ਉਹ ਬੱਕਰੀਆਂ ਚਾਰਨ ਗਿਆ ਹੋਇਐ..!
             ਬਜ਼ੁਰਗ ਦੇ ਬੋਲਾਂ ਨੇ ਮੌੜ ਨੂੰ ਸੱਟ ਮਾਰੀ। ਪਤਾ ਕਰਕੇ ਬੱਕਰੀਆਂ ਚਾਰਨ ਗਏ ਮੁੰਡੇ ਦੇ ਮਗਰੇ ਮੌੜ ਚਲਾ ਗਿਆ।ਜਾ ਕੇ ਉਹਦੇ ਨਾਲ ਗੱਲਬਾਤ ਕੀਤੀ।ਘਰੋਂ ਜਾ ਕੇ ਪਾਸਪੋਰਟ ਲਿਆ।ਪਾਸਪੋਰਟ ਲੈ ਕੇ ਮੌੜ ਬਾਹਰ ਆ ਗਿਆ।ਸਾਰੇ ਪੇਪਰ ਆਪੇ ਤਿਆਰ ਕੀਤੇ।ਖਰਚਾ ਵੀ ਚੰਗਾ ਸੀ।ਕਲੱਬ ਦੇ ਖਾਤੇ ‘ਚ ਪਤਾ ਕੀਤਾ ਤਾਂ ੪ ਹਜ਼ਾਰ ਪੌਂਡ ਪਿਆ ਸੀ..। ੪ ਹਜ਼ਾਰ ਪੌਂਡ ਉਥੋਂ ਲਿਆ ਤੇ ੪ ਹਜ਼ਾਰ ਪੌਂਡ ਮੌੜ ਨੇ ਆਪਣੀਂ ਜੇਬ ਵਿੱਚੋਂ ਪਾ ਕੇ ੮ ਹਜ਼ਾਰ ਪੌਂਡ ਦੇ ਖਰਚੇ ਨਾਲ ਉਸ ਗਰੀਬ ਬੱਕਰੀਆਂ ਵਾਲੇ ਦਾ ਮੁੰਡਾ ਇੰਗਲੈਂਡ ਵਾਇਆ ਜਰਮਨ ਸੱਦਿਆ।ਦੋ ਕੁ ਸਾਲ ਉਹ ਮੁੰਡਾ ਮੌੜ ਵਲੋਂ ਖੇਡਿਆ ਤੇ ਜਿਆਦਾ ਪੈਸਿਆਂ ਦੇ ਲਾਲਚ ਵਿੱਚ ਆ ਕੇ ਉਹ ਕਿਸੇ ਹੋਰ ਕਲੱਬ ਵਲੋਂ ਖੇਡਣ ਲੱਗ ਪਿਆ।ਮੌੜ ਨੇ ਕੁਛ ਨੀ ਕਿਹਾ, ਬੱਸ ਚੁੱਪ ਹੀ ਕਰ ਗਿਆ।ਪਤਾ ਨੀ,ਉਹਦੀ ਚੁੱਪ ਕੀ ਕਹਿ ਰਹੀ ਹੋਵੇ।।
               ਮੌੜ ਨੂੰ ਦੁੱਖ ਉਦੋਂ ਹੁੰਦਾ ਸੀ ਜੇਹੜੇ ਖਿਡਾਰੀ ਪੰਜਾਬ ਤੋਂ ਲਿਆ ਕੇ ਖਿਡਾਏ ਹੁੰਦੇ ਤੇ ਸੈਟ ਕਰਾਏ ਹੁੰਦੇ ਤੇ ਉਹੀ ਮੌੜ ਨਾਲ ਧੋਖਾ ਕਰ ਜਾਂਦੇ ਜਾਂ ਦੂਜੀਆਂ ਟੀਂਮ ਵਿੱਚ ਖੇਡਣ ਲੱਗ ਜਾਂਦੇ ਜਾਂ ਬਰਾਬਰ ਝੰਡਾ ਗੱਡ ਕੇ ਬਹਿ ਜਾਂਦੇ।ਮੌੜ ਦੇ ਦਿਲ ‘ਤੇ ਕੀ ਬੀਤਦੀ ਸੀ, ਓੁਹੀ ਜਾਣਦਾ।ਉਹ ਫਿਰ ਵੀ ‘ਚਲੋ ਕੋਈ ਨੀ’ ਕਹਿ ਦੇਦਾਂ।ਪਰ ਉਹ ਜਖਮੀਂ ਜਰੂਰ ਹੁੰਦਾ।ਦੁੱਖ ਅੰਦਰੇ ਅੰਦਰ ਪੀ ਜਾਂਦਾ ਪਰ ਕਿਸੇ ਨੂੰ ਮਹਿਸੂਸ ਨਾ ਹੋਣ ਦਿੰਦਾਂ।
           ਮੋਹਣਾ, ਜਸਵੀਰ ਘੁੱਗੀ, ਬਿੰਦਰ ਮਾਹਲ, ਰਾਜਨ , ਚੀਮਾਂ ਤੇ ਸ਼ਿੰਦਾ ਅਮਲੀ ਮੌੜ ਦੇ ਖਾਸ ਖਿਡਾਰੀ ਰਹੇ ਹਨ।
          ਮੌੜ ਦਾ ਭਤੀਜਾ ਘੁੱਗੀ ਤਕੜਾ ਤੇ ਤੇਜ-ਤਰਾਰ ਖਿਡਾਰੀ ਰਿਹੈ। ਬੱਲ ਸਾਹਿਬ ਘੁੱਗੀ ਦੀ ਤਕੜੀ ਗੇਂਮ ਵੇਖ ਗਏ ਸਨ।ਘੁੱਗੀ ਨੂੰ ਹੋਰ ਤੇਜ਼ ਕਰਨ ਲਈ ਮੌੜ ਸਾਹਿਬ ਨਾਲ ਗੱਲ ਕਰਕੇ ਘੁੱਗੀ ਨੂੰ ਪੰਜਾਬ ਲਿਆ।ਪੰਜਾਬ ਜਾ ਕੇ ਬੱਲ ਸਾਹਿਬ ਨੇ ਉਸ ਵੇਲੇ ਦੇ ਬੀ ਡੀ ਪੀ ਓ ਸ. ਹਰਮਿੰਦਰ ਸਿੰਘ ਭੁੱਲਰ ਨਾਲ ਗੱਲ ਕੀਤੀ ਕਿ “ਮੈਚ ਰੱਖਣੇਂ ਆ ਤੇ ਉਸ ਮੁੰਡੇ (ਘੁੱਗੀ)ਨੂੰ ਹੋਰ ਤਿੱਖਾ ਕਰਨੈ।”….
              “ਇਹ ਨਿੱਕੇ ਜੇਅ ਨੇ ਕੀ ਖੇਡਣਾ…?”  ਘੁੱਗੀ ਦੇ ਛੋਟੇ ਕੱਦ ਵੱਲ੍ਹ ਵੇਖ ਭੁੱਲਰ ਸਾਹਿਬ ਨੇ ਵਿਅੰਗ ਕੱਸਿਆ।
                “ਜਰਾ ਮੌਕਾ ਦੇ ਕੇ ਤਾਂ ਵੇਖੋ..ਸ਼ੁਰਲੀ ਆ ਸ਼ੁਰਲੀ…।ਬੱਲ ਸਹਿਬ ਨੇ ਬੜੇ ਠਰੰਮੇਂ ਨਾਲ ਕਿਹਾ।
           ਫੇਰ ਕੀ ਸੀ ਬੱਲ ਸਾਹਿਬ ਤੇ ਭੁੱਲਰ ਸਾਹਿਬ ਨੇ ਆਪਸ ਵਿੱਚ ਗੱਲ ਕਰਕੇ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਮੈਚ ਰੱਖ ਲਿਆ।ਤੇ ਸਟੇਡੀਅਮ ਦਾ ਨੀਂਹ-ਪੱਥਰ ਰੱਖਣ ਦੇ ਬਹਾਨੇਂ ਗਿਆਨੀਂ ਜੈਲ ਸਿੰਘ ਨੂੰ ਸੱਦ ਲਿਆ।ਉਸ ਮੈਚ ਦਾ ਗਿਆਨੀਂ ਜੈਲ ਸਿੰਘ ਨੇ ਵੀ ਆਨੰਦ ਮਾਣਿਆਂ।ਵਾਕਿਆ ਘੁੱਗੀ ਤਕੜਾ ਖੇਡਿਆ।ਜਾਫ਼ੀ ਤੇ ਧਾਵੀ ਘੁੱਗੀ ਦੋਨਾਂ ਪਾਸੇ ਬੜਾ ਚੱਲਿਆ। ਟੀਂਮ ਦੇ ਦੂਜੇ ਪਾਸੇ ਜੋਤਾ, ਸੱਤਾ , ਜੀਤਾ ਸਿਪਾਹੀ ਤੇ ਹੋਰ ਤਕੜੇ ਖਿਡਾਰੀ ਖੇਡ ਰਹੇ ਸਨ।ਘੁੱਗੀ ਨੇ ਭੁੱਲਰ ਸਾਹਿਬ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦਿਤੇ।ਫਿਰ ਭੁੱਲਰ ਸਾਹਿਬ ਘੁੱਗੀ ਦੀ ਗੇਂਮ ਦਾ ਆਸ਼ਕ ਹੋ ਗਿਆ।ਫਿਰ ਜਿਧਰ ਨੂੰ ਵੀ ਜੀਪ ‘ਚ ਜਾਣਾ ਘੁੱਗੀ ਨੂੰ   ਨਾਲ ਹੀ ਰੱਖਿਆ।
          ਬਹਾਦੁਰ ਸਿੰਘ ਸੰਘਾ, ਕੰਤਾ ਸੰਘਾ, ਗੁਰਦੇਵ ਪੱਪੂ ਪੰਛੀ, ਬਲਕਾਰ ਸਿੰਘ ਤੇ ਗੁਰਮੇਜਾ ਵਰਗੇ ਸੱਜਣਾਂ ਨੇ ਮੌੜ ਦਾ ਬੜਾ ਸਾਥ ਦਿਤਾ ਤੇ ਚਟਾਨ ਵਾਂਗ  ਹਰ ਤਰ੍ਹਾਂ ਨਾਲ ਖੜ੍ਹਦੇ ਰਹੇ।


           ਮੋੜ ਨੇਂ ਸਿਰਫ਼ ਭਾਰਤੀ ਪੰਜਾਬ ਦੇ ਖਿਡਾਰੀਆਂ ਨੂੰ ਹੀ ਨਹੀਂ,ਸਗੋਂ ਪਾਕਿਸਤਾਨੀਂ ਖਿਡਾਰੀਆਂ ਨੂੰ ਵੀ ਮੌਕਾ ਦਿਤਾ।ਦੋ ਕੁ ਸਾਲ ਉਹ ਵੀ ਉਹਦੀ ਟੀਂਮ ‘ਚ ਖੇਡੇ।ਜਿਨ੍ਹਾਂ ‘ਚ ਆਮੀਂਨ ਜੱਟ,ਗੁਲ, ਰਿਆਜ਼ ਤੇ ਲਾਲਾ ਖਿਡਾਰੀਆਂ ਨੂੰ ਵੀ ਮੌਕਾ ਦਿਤਾ।ਮੌੜ ਦੇ ਭਤੀਜ਼ੇ ਜੀਤੇ ਮੌੜ ਨੇ ਉਸੇ ਸਾਲ ਸੰਨ ‘੯੩ ‘ਚ ਖੇਡਣਾ ਸ਼ੁਰੂ ਕੀਤਾ ਸੀ।ਜੀਤਾ ਕਈ ਸਾਲ ਤਕੜਾ ਖੇਡਿਆ।ਅੱਜ ਕੱਲ੍ਹ ਉਹ ਪਿੰਡ ਹੈ।
             ਸੰਨ ‘੯੦’ਚ ਮੌੜ ਸਾਹਿਬ ਤੇ ਸੋਹਣ ਸਿੰਘ ਚੀਮਾਂ  ਇੰਗਲੈਂਡ ਤੋਂ ਪਾਕਿਸਤਾਨ ਟੀਂਮ ਲੈ ਕੇ ਗਏ।ਜਾਫ਼ੀਆਂ ‘ਚ ਸਵਰਨਾ, ਪਾਲੀ,ਸ਼ਿੰਦਾ ਅਮਲੀ,ਨਿੰਦੀ ਔਜਲਾ ਤੇ ਮੱਖਣ ਬੈਂਸ ਸਨ ਜਦਕਿ ਧਾਵੀਆਂ ‘ਚ ਵੀਰ੍ਹਾ ਚਮਿਆਰਾ,ਮੇਜਰ ਅਟਾਲਾਂ,ਪੱਪੂ ਖੱਬਾ ਤੇ ਸੱਟ ਲੱਗਣ ਕਰਕੇ ਮੋਹਣਾਂ ਸੰਘਾ ਖੇਡ ਨਾ ਸਕਿਆ।ਇੰਗਲੈਂਡ ਦੀ ਟੀਂਮ ਨੇ ਤਕੜੇ ਮੈਚ ਖੇਡੇ।ਪਾਕਿਸਤਾਨ ਨੂੰ ਤਿੰਨ ਮੈਚ ਜਿੱਤੇ ਤੇ ਇਕ ਹਾਰੇ।ਕਬੱਡੀ ਦੇ ਪ੍ਰਮੋਟਰ ਖਵਾਜ਼ਾ ਅਹਿਮਦ ਅਵਾਸ ਨੇ ਮੌੜ ਨੂੰ ‘ਕਬੱਡੀ ਦੇ ਬਾਬਾ ਬੋਹੜ’ ਦਾ ਖਿਤਾਬ ਦਿਤਾ।  ਮੌੜ ਸਾਹਿਬ ਦਾ ਵਾਹਵਾ ਮਾਣ-ਤਾਣ ਕੀਤਾ।
          ਇੰਗਲੈਂਡ ਦੀ ਸੰਨ ‘੯੧ ‘ਚ ਸੋਹਣ ਚੀਮਾਂ ਤੇ ਹਰਪਾਲ ਬਰਾੜ ਦੀ ਦੇਖ-ਰੇਖ ਹੇਠ ਫਿਰ ਇੰਗਲੈਂਡ ਦੀ ਫਿਰ ਪਾਕਿਸਤਾਨ ਗਈ।ਛਾਂਟ ਛਾਂਟ ਕੇ ਖਿਡਾਰੀ ਚੁੱਣੇਂ ਗਏ।ਜਿੰਨਾਂ੍ਹ ‘ਚ ਕੁਲਦੀਪ ਮੱਲ੍ਹਾ, ਮੋਹਣਾ ਸੰਧਵਾਂ,ਪੰਮਾ ਪਾਸਲਾ,ਅਰਜਣ ਕਾਓੁਂਕੇ ਤੇ ਭੋਲਾ ਮਾਹਲਾ ਰੇਡਰ ਤੇ ਜਾਫ਼ੀਆਂ ‘ਚ ਘੁੱਗੀ,ਚੁੰਨੀਂ ਪੱਤੜ, ਬਿੰਦਰ ਫ਼ਿਰੋਜ਼ਪੁਰ, ਬਿੱਟੂ ਸਾਊਥਹਾਲ ਤੇ ਸ਼ਿੰਦਾ ਅਮਲੀ ਸਨ।
             ਕਬੱਡੀ ਦੇ ਪ੍ਰਸਿੱਧ ਕੋਚ ਮਦਨ ਲਾਲ ਗੋਗੀ ਦੀ ਟੀਂਮ ਮੌੜ ਸਾਹਿਬ ਦੀ ਮੇਹਰਬਾਨੀਂ ਸਦਕਾ ਤਿੰਨ ਸਾਲ ਇੰਗਲੈਂਡ ਖੇਡਣ ਜਾਂਦੀ ਰਹੀ।ਗੁਰਲਾਲ,ਬਿੱਟੂ ਦੁਗਾਲ,ਵੀਰ੍ਹਾ ਸਿਧਵਾਂ, ਜਾਦੂ ਤੇ ਫ਼ੰਤਾ ਖਿਡਾਰੀਆਂ ਨੇ ਤਿੰਨ ਸਾਲ ਫ਼ਸਵੇਂ ਮੈਡ ਖੇਡੇ ਤੇ ਤਿੰਨੇਂ ਸਾਲ ਜਿੱਤ ਦੇ ਕੱਪ ਚੱਕੇ।ਖਿਡਾਰੀਆਂ ਨੇ ਗੋਗੀ ਨੂੰ ਵਧੀਆ ਕੋਚ ਮੰਨਿਆ ਉਹਦੀ ਦੇਖ-ਰੇਖ ਹੇਠ ਖਿਡਾਰੀ ਹਮੇਸ਼ਾਂ ਨਸ਼ਾ-ਰਹਿਤ  ਖੇਡੇ।
       
            ਸੰਨ “੬੭ ‘ਚ ਮੌੜ ਦਾ ਭਤੀਜਾ ਜਸਵੀਰ ਸਿੰਘ ਘੁੱਗੀ (ਮੌੜ ਦੇ ਵੱਡੇ ਭਾਈ ਸਰਪੰਚ ਚੇਤਨ ਸਿੰਘ ਦਾ ਬੇਟਾ) ੧੪ ਸਾਲਾਂ ਦਾ ਸੀ ਜਦੋਂ ਉਹ ਇੰਗਲੈਂਡ ਚਲਾ ਗਿਆ।ਦੋ ਸਾਲ ਬਾਰਮੀਂਘਮ  ਤੇ ਕਾਵੈਂਟਰੀ ਦੇ ਮੈਚ ਚਾਚੇ ਮੌੜ ਨਾਲ ਵੇਖਣ ਜਾਂਦਾ ਰਿਹੈ। ਆਮ ਤੌਰ ‘ਤੇ ਸ਼ਨੀ-ਐਤਵਾਰ ਹੁੰਦੇ ਮੈਚ ਕਦੇ ਮਿਸ ਨਾ ਕੀਤੇ।ਘੁੱਗੀ ਦਾ ਕਬੱਡੀ ਸ਼ੌਕ ਵਧਦਾ ਗਿਆ।ਸੰਨ “੬੯ ‘ਚ ਘੁੱਗੀ ੧੬ ਸਾਲਾਂ ਦਾ ਹੋ ਗਿਆ।ਚਾਚੇ ਮੌੜ ਨੇ ਉਹਨੂੰ ਤੇ ਕੇਵਲ ਪਾਸਲਾ ਨੂੰ ਕਾਵੈਂਟਰੀ ਦੀ ਬੀ ਟੀਂਮ ਵਲੋਂ ਖਿਡਾ ਕੇ ਵੇਖਿਆ।ਫਿਰ ਵੁਲਵਹੈਂਮਟਨ ਦੇ ਟੂਰਨਾਂਮੈਂਟ  ਖੇਡਿਆ।ਮੌੜ ਨੇ ਵੇਖਿਆ ਕਿ ਭਤੀਜ਼ਾ ਘੁੱਗੀ ਹੁਣ ਉਡਾਰੂ ਹੋ ਗਿਐ।ਫਿਰ ਤਾਂ ਚੱਲ ਸੋ ਚੱਲ।ਉਹਦੀ ਗੇਂਮ ਨਿਖਰਦੀ ਗਈ।ਕਈ ਸਾਲ ਘੁੱਗੀ ਨੇ ਤਕੜੀ ਕਬੱਡੀ ਖੇਡੀ ਅਤੇ ਚਾਚੇ ਮੌੜ ਅਤੇ ਪਰਿਵਾਰ ਦਾ ਸਿਰ ਮਾਣ ਨਾਲ ਉਚਾ ਕੀਤਾ।
             ਸੰਨ “੭੫ ‘ਚ ਮੌੜ ਸਾਹਿਬ ਵਲੋਂ “ਪੰਜਾਬ ਯੁਨਾਈਟਿਡ ਸਪੋਰਟਸ ਕਲੱਬ ਵੁਲਵਹੈਂਮਟਨ” ਦੀ ਸਥਾਪਨਾ ਕੀਤੀ।ਪੰਜਾਬ ਤੋਂ ਪਹਿਲੀ ਖੇਡਣ ਗਈ ਟੀਂਮ ਦੇ ਕੁਝ ਖਿਡਾਰੀ ਮੌੜ ਨੇ ਰੱਖ ਲਏ ਸਨ ਤੇ ਕੁਝ ਆਪਣੇਂ ਪਾਲੇ ਹੋਏ ਖਿਡਾਰੀ ਪਾ ਕੇ ਕਲੱਬ ਦੀ  ਤਕੜੀ ਟੀਂਮ ਬਣਾ ਲਈ ।ਜਿਨ੍ਹਾਂ ‘ਚ ਸੁਰਜੀਤ ਗੱਛਾ ਸੈਦੋਵਾਲ, ਬਿੰਦਰ ਘੱਲ ਕਲਾਂ,ਬੰਸਾ ਸ਼ਾਹਕੋਟ , ਜਸਵੀਰ ਘੁੱਗੀ , ਜੱਸਾ ਨੱਥੂ ਚਾਹਲ, ਬਾਬਾ ਘੁਰਲੀ ਹੁਸ਼ਿਆਰਪੁਰ ,ਪਰਮਜੀਤ ਲਾਖਾ, ਲਹਿੰਬਰ ਲਿਤਰਾਂ, ਨਿੰਦਰ ਮਝੈਲ,ਗੇਲੀ ਖਹਿਰਾ, ਸੁਰਿੰਦਰ ਬੈਸ ਟੀਂਮ ਦੇ ਖਿਡਾਰੀ ਸਨ।ਇਨ੍ਹਾਂ ਖਿਡਾਰੀਆਂ ਨੇ ਇੰਗਲੈਂਡ ‘ਚ ਤਕੜੇ ਮੈਚ ਖੇਡੇ ਤੇ ੮-੧੦ ਸਾਲ  ਕੱਪ ਜਿੱਤ ਕੇ  ਮੌੜ ਸਾਹਿਬ ਦੀ ਝੋਲੀ ਪਾਓੁਂਦੇ ਰਹੇ।
            ਆਪਣੇਂ ਆਪ ਨੂੰ ਫਿੱਟ ਤੇ ਤਿਆਰੀ ‘ਚ ਰੱਖਣ ਲਈ ਮੌੜ ਕੰਮ ਤੋਂ  ਘਰ ਜਾ ਕੇ ਥੋੜਾ ਅਰਾਮ ਕਰਦਾ ਫਿਰ ਦੌੜ  ਲਾਓੁਂਣ ਜਾਂਦਾ।ਕਿਓੁਂਕਿ ਕੋਈ ਵੀ ਪਹਿਲਵਾਨ ਜਾਂ ਖਿਡਾਰੀ ਕਦੇ ਟਿਕ ਕੇ ਨਹੀਂ ਬਹਿ ਸਕਦਾ।ਸਰੀਰ ਦੀ ਹਰਕਤ ਉਹਦੇ ਲਈ ਜਰੂਰੀ ਬਣ ਜਾਂਦੀ ਹੈ।ਪਹਿਲੀਆਂ ‘ਚ ਮੌੜ ਨੇ ਕਬੱਡੀ ਮੈਚ ਵੀ ਲਾਇਆ। ਸਾਊਥਹਾਲ  ਇਕ ਵਾਰ ਮੈਚ ਵੇਖਣ ਗਏ ਤਾਂ ਖਿਡਾਰੀ ਘੱਟ ਸਨ।ਮੌੜ ਸਾਹਿਬ ਕਹਿਣ ਲੱਗੇ,”ਮੁੰਡਿਓੁ ਖੋਲ੍ਹੋ ਕੱਪੜੇ।” ਜਸਵੀਰ ਘੁੱਗੀ,ਮੌੜ ਸਾਹਿਬ(ਚਾਚਾ ਭਤੀਜ਼ਾ), ਤੇ ਛੋਟਾ ਘੁੱਗੀ ਖੈਰਾ ਜਾਫ਼ੀ ਸਨ ਤੇ ਰੇਡਰਾਂ ‘ਚ ਬਾਬਾ ਘੁਰਲੀ, ਲਾਖਾ ਪਰਮਜੀਤ ਤੇ ਸੁਰਜੀਤ ਸਨ।ਸੰਨ ‘੭੦-੭੧ ਦੀ ਗੱਲ ਹੈ ਇਹ।
              ਮੌੜ ਸਾਹਿਬ ਗਰਾਂਊਂਡ ‘ਚ ਕਈ ਵਾਰ  ਖਿਡਾਰੀਆਂ ਨਾਲ ਦੌੜ ਲਾਉਂਦੇ।ਕਈ ਵਾਰ ਸੌ ਮੀਟਰ ਦੀ ਫ਼ਰਾਟਾ ਦੌੜ ਜਾਂ ਲੰਬੀ ਦੌੜ ਬਰਾਬਰ ਲਾ ਲੈਦੇਂ।ਲੰਮੀਂ ਦੌੜ ‘ਚ ਗਰਾਂਊਂਡ ਦੇ ਕਈ ਕਈ ਚੱਕਰਾਂ ‘ਚ ਨਾਲ ਦੇ ਥਕਾਵਟ ਮਹਿਸੂਸ ਕਰਨ ਲੱਗ ਪੈਦੇਂ।ਮੌੜ ਸਾਹਿਬ ਨੂੰ ਪਤਾ ਲੱਗ ਜਾਂਦਾ   ਫਿਰ ਉਹਨੂੰ ਹੱਲਾ-ਸ਼ੇਰੀ ਦਿੰਦੇ।ਵੀਰ੍ਹਾ ਚਮਿਆਰਾ, ਬੰਸਾ, ਸੁਰਜੀਤ, ਲਹਿੰਬਰ ਤੇ ਹੋਰ ਖਿਡਾਰੀਆਂ ਨਾਲ ਮੌੜ ਸਾਹਿਬ ਬਰਾਬਰ ਦੌੜਦੇ ਰਹੇ ਹਨ।
          ਘੁੱਗੀ ਤੇ ਅਰਜਣ ਕਾਓੁਂਕੇ ਖਿਡਾਰੀਆਂ ਦੀ  ਖਾਸੀਅਤ ਇਹ ਸੀ ਕਿ ਜਿੰਨੀ ਤੇਜ਼ੀ ਨਾਲ ਉਹ ਅੱਗੇ ਨੂੰ ਦੌੜਦੇ ਸਨ।ਉਨੀ ਤੇਜ਼ੀ ਨਾਲ ਹੀ ਪਿਛਲ ਖੁਰੀਆਂ(ਪਿਛੇ ਨੂੰ)ਦੌੜ ਲੈਂਦੇ ਸਨ।
                ਜੀਤਾ, ਘੁੱਗੀ ਤੇ ਲਾਖਾ(ਮੌੜ ਦੇ ਭਤੀਜੇ), ਜੱਸਾ ਨੱਥੂ ਚਾਹਲ (ਮੌੜ ਸਾਹਿਬ ਦੇ ਨਿਆਣਿਆਂ ਦਾ ਮਾਮਾ ਜੀ), ਮੌੜ ਸਾਹਿਬ ਦੇ ਭਤੀਜ਼ੇ ਤੇ ਰਿਸ਼ਤੇਦਾਰ ਨਾਮਵਰ ਖਿਡਾਰੀ ਰਹੇ।ਇਨ੍ਹਾਂ ਖਿਡਾਰੀਆਂ ਨੇ ਮੌੜ ਸਾਹਿਬ ਦਾ ਰਿਸ਼ਤੇਦਾਰੀ ‘ਚ ਬੜਾ ਮਾਣ ਵਧਾਇਆ।
          ਮੋਹਣਾ ਸੰਘਾ ਤੇ ਕਿਸ਼ਨ ਚੱਕ ਢੱਡਾ ਸੰਨ ‘੮੪ ‘ਚ  ਇੰਗਲੈਂਡ ਖੇਡਣ ਗਏ ਸਨ। ੩੪-੩੫ ਸਾਲ  ਮੋਹਣਾ ਸੰਘਾ ਮੌੜ ਸਾਹਿਬ ਦੇ  ਨਾਲ ਰਿਹੈ।ਬੜਾ ਨੇੜਿਓੁਂ ਤੱਕਿਆ ਤੇ ਆਸ਼ੀਰਵਾਦ ਲੈਦਾ ਰਿਹਾ।ਬੜਾ ਠੰਡਾ ਸੀਤ-ਸੁਭਾਅ,ਯਾਰਾਂ ਦਾ ਯਾਰ, ਪੱਲਿਓੁਂ ਖਰਚਾ ਕਰਨ ਅਤੇ ਹਰ ਇਕ ਦੇ ਨਾਲ ਖੜਨ ਵਾਲਾ ਦੇਵਤਾ ਇਨਸਾਨ ਮੰਨਿਆਂ ਮੌੜ ਨੂੰ। ਸਿਧਵਾਂ ਵਾਲਾ ਲੱਡੂ ਵੀ ਮੌੜ ਸਦਕਾ ਇੰਗਲੈਂਡ ਖੇਡਣ ਗਿਆ ਸੀ।
            ਮੌੜ ਤੋਂ ਬਾਅਦ ਪਿੰਡ ਦੀ ਕਬੱਡੀ ਨੂੰ ਉਚਾ ਚੁੱਕਣ ਲਈ ਜਤਿੰਦਰ ਲਾਲੀ ਦੀ ਵੱਡੀ ਦੇਣ ਹੈ।ਲਾਲੀ ਵੀ ਵਧੀਆ ਕਬੱਡੀ ਖਿਡਾਰੀ ਰਿਹੈ।ਸੰਨ ‘੮੧ ‘ਚ ਉਹ ਆਪਣੇਂ ਮਾਤਾ-ਪਿਤਾ ਨਾਲ ਵੈਂਨਕੂਵਰ ਗਿਆ ਸੀ। ‘੮੧-੮੨ ਦੋ ਸਾਲ ਉਸ ਨੇ ਵੈਂਨਕੂਵਰ ਦੇ ਮੈਚ ਖੇਡੇ।ਸੰਨ ‘੮੪ ‘ਚ  ਲਾਲੀ ਵਲੋਂ ਕਬੱਡੀ ਟੀਂਮ ਕੈਨੇਡਾ ਸੱਦੀ ਗਈ।ਉਸ ਟੀਂਮ ਨੇ ਪਹਿਲਾਂ ਵੈਨਕੂਵਰ ਮੈਚ ਖੇਡੇ ਫਿਰ ਉਸੇ ਸਾਲ ਹੀ ਪਹਿਲੀ ਵਾਰ ਅਮਰੀਕਾ ਖੇਡਣ ਗਈ। ਟੀਂਮ ਦੇ ਗਿਆਨੀਂ ਮੋਠਾਆਲੀਆ ਤੇ ਸੋਖਾ ਨਿੱਝਰ ਦੋ ਖਿਡਾਰੀਆਂ ਨੂੰ ਛੱਡ ਬਾਕੀ ਸਾਰੇ ਖਿਡਾਰੀ ‘ਕੱਲੇ ਪਿੰਡ ਕਾਲਾ-ਸੰਘਿਆ ਦੇ ਸਨ। ਖਿਡਾਰੀਆਂ ‘ਚ ਮੱਖਣ ,ਸੋਖਾ ਨਿੱਜਰ,ਬਲਵਿੰਦਰ ਤਾਓੂ,ਸੁਰਿੰਦਰ ਸਿੰਘ ਜਾਫ਼ੀ ਸਨ ਤੇ ਰੇਡਰਾਂ ‘ਚ ਗਿਆਨੀ ਮੋਠਾ ਆਲੀਆ,ਹਰਕੀਰਤ,ਅਮਰਜੀਤ ਪੱਪੂ,ਲੱਖੀ ਬੋਲਾ,ਦੀਪਾ, ਬਿਕਰ ਮਾਸਟਰ, ਬਿਕਰ,ਸਿਪਾਹੀ,ਚਰਨੀ ,ਤਾਜ਼ਾ,ਗੀਤਾ,ਗੁਰਦੀਪ,ਰੋਡਾ ਸਨ।
            ਕੈਨੇਡਾ ਵਸਦੇ ਪਿੰਡ ਦੇ ਪੁਰਾਣੇਂ ਖਿਡਾਰੀ ਸ. ਭਜਨ ਸਿੰਘ ਸੰਘਾ ਨੂੰ ਮਾਣ ਹੈ ਮਹਿੰਦਰ ਮੌੜ ਅਤੇ ਸਾਰੇ ਪਰਿਵਾਰ ‘ਤੇ।ਮੌੜ ਹੁਣੀਂ ਅਰਜਣ ਸਿੰਘ, ਚੇਤਨ ਸਿੰਘ(ਜੋ ਕਈ ਸਾਲ ਪਿੰਡ ਦਾ ਸਰਪੰਚ ਵੀ ਰਿਹੈ) ਜੋਗਿੰਦਰ ਸਿੰਘ,ਪਰਗਣ ਸਿੰਘ ਤੇ ਮਹਿੰਦਰ ਮੌੜ ਪੰਜ ਭਰਾ ਤੇ ਇਕ ਭੈਣ ਹੈ।ਛੇ ਫ਼ੁੱਟ ਤੋਂ ਸਾਰੇ ਲੰਬੇ ਕੱਦ-ਕਾਠ।ਇਨ੍ਹਾਂ ਦੇ ਮਾਤਾ ਅਤੇ ਪਿਤਾ ਸ. ਬੁੱਕਣ ਸਿੰਘ ਵੀ ਉਚੇ-ਲੰਬੇ ਸਨ। ਪੰਜੇ   ਭਲਵਾਨ ਭਰਾ ।ਸਾਰੇ ਪਰਿਵਾਰ ਨੂੰ ਭਲਵਾਨੀਂ ਤੇ ਹੋਰ ਖੇਡਾਂ ਦੇ ਸ਼ੌਕ ਤੋਂ ਇਲਾਵਾ ਹਲਟਾਂ ਦੀਆਂ ਦੌੜਾਂ ਦਾ ਵੀ ਸ਼ੌਕ ਸੀ।ਤਕੜੇ ਬਲਦਾਂ ਦੀਆਂ ਜੋੜੀਆਂ ਹਮੇਸ਼ਾਂ ਰਹੀਆਂ।ਉਹ ਸ਼ੌਕ ਅੱਜ ਤੱਕ ਚੱਲ ਰਿਹੈ।
            ਮੌੜ ਨਾਂ ਕਿਵੇਂ ਪਿਆ..?…. ਛੋਟਾ ਹੁੰਦਾ ਮਹਿੰਦਰ ਸਿੰਘ ਹੱਡਾਂ-ਪੈਰਾਂ ਤੇ ਸਰੀਰ ਦਾ ਖੁਲ੍ਹਾ-ਡੁੱਲ੍ਹਾ ਸੀ।ਘਰਦਿਆਂ ਨੇ ਏਹਨੂੰ ਪੰਜਾਬ ਦੇ ਲੋਕ ਗੀਤਾਂ ਦੇ ਨਾਇਕ ਜਿਓੁਂਣੇਂ ਮੌੜ ਵਾਂਗ ਦਲੇਰ ਬਹਾਦੁਰ ਵੇਖਣ ਲੱਗੇ।ਘਰ ਦਾ ਜਦੋਂ ਵੀ ਕੋਈ ਕੰਮਕਾਰ ਹੋਣਾ ਤਾਂ ਘਰਦਿਆਂ ਨੇ ਏਹਨੂੰ ਮੌੜ ਕਹਿ ਕੇ ਅਵਾਜ਼ ਮਾਰਨੀਂ।ਮੌੜਾ ਆਹ ਕਰੀਂ….ਮੌੜਾ ਉਹ ਕਰੀਂ।ਇਸ ਤਰ੍ਹਾਂ ਘਰਦਿਆਂ ਤੋਂ ਪਿੰਡ ਦੇ ਲੋਕਾਂ ‘ਚ । ਪਿੰਡ ਦੇ ਲੋਕਾਂ ਤੋਂ ਇਲਾਕੇ ‘ਚ ਮੌੜ..ਮੌੜ ਹੋ ਗਈ।ਫਿਰ ਤਾਂ ਖੇਡ ਹਲਕਿਆਂ ‘ਚ ਮੌੜ ਨਾਂ ਦੀ ਚਰਚਾ ਹੋਣ ਲੱਗੀ।ਉਦੋਂ ਤੋਂ ਲੈ ਅੱਜ ਤੱਕ ਖੇਡ-ਦੁਨੀਆਂ, ਪ੍ਰੇਮੀਂਆਂ ਤੇ ਖਿਡਾਰੀਆਂ ‘ਚ ਮੌੜ…ਮੌੜ ਦੀਆਂ ਧੁੰਮਾਂ ਪਈਆਂ ਹੋਈਆਂ ਨੇ।”੮੦-੮੨ ਸਾਲਾਂ ਦੋ ਚੁੱਕੇ ਸ. ਭਜਨ ਸਿੰਘ ਸੰਘਾ ਨੇ ਇਹ ਦਿਲਚਸਪ ਵਾਰਤਾ ਸਾਂਝੀ ਕੀਤੀ ਜੋ ਸਰਬਣ ਬੱਲ, ਰਤਨ ਟਿੱਬਾ, ਅਜੀਤ ਸਠਿਆਲਾ ਤੇ ਅਮਰੀਕ ਗੜ੍ਹਦੀਵਾਲਾ ਹੁਣਾਂ ਨਾਲ ਖੇਡਦਾ ਰਿਹੈ। ਸੰਨ ‘੬੮ ‘ਚ ਭਜਨ ਸਿੰਘ ਦਾ ਕਬੱਡੀ ‘ਚ ਪੂਰਾ ਨਾਂ ਸੀ।
          ਖੇਡਾਂ ਤੇ ਕੁਸ਼ਤੀਆਂ ‘ਚ ਸ. ਭਜਨ ਸਿੰਘ ਨੇ ਮੰਨਿਆਂ ਕਿ ਉਹਦੇ ਬਾਪ-ਦਾਦਾ ਤੋਂ ਪਹਿਲਾਂ ਦੀਆਂ ਕੁਸ਼ਤੀਆਂ ਹੋ ਰਹੀਆਂ ਨੇ।੧੦੦ ਸਾਲ ਦੇ ਲਗਪਗ।ਕਾਲੇ-ਸੰਘਿਆਂ ਦੀ ਛਿੰਝ ਇਲਾਕੇ ਭਰ ‘ਚ ਮਸ਼ਹੂਰ ਹੈ ਤੇ ਇਥੇ ਸ਼ੰਕਰੀਏ ਗੁਰਦਾਵਰ ਤੇ ਮੇਹਰਦੀਨ ਵਰਗੇ ਕੁਸ਼ਤੀਆਂ ਲੜਨ ਆਓੁਂਦੇ ਰਹੇ ਹਨ।ਮਹਿੰਦਰ ਮੌੜ ਦੇ ਪਰਿਵਾਰ ਵਲੋਂ ਹਰ ਸਾਲ ਪਿੰਡ ਵਿੱਚ ਕੁਸ਼ਤੀਆਂ ਕਰਵਾਈਆਂ ਜਾਦੀਆਂ ਹਨ।
          ਹਰ ਸਾਲ ਆਨੰਦਪੁਰ ਸਾਹਿਬ ਹੋਲੇ-ਮਹੱਲੇ ‘ਤੇ ਕਬੱਡੀ ਮੈਚ ਕਰਾਏ ਜਾਂਦੇ ਹਨ।ਉਹ ਮੈਚ ਇੰਗਲੈਂਡ ਰਹਿੰਦੇ ਮੌੜ ਦੇ ਸ਼ਗਿਰਦਾਂ ਵਲੋਂ ਕਰਵਾਏ ਜਾਂਦੇ ਹਨ।ਉਨ੍ਹਾਂ ਮੈਚਾਂ ਵਿੱਚ ਮੌੜ ਸਾਹਿਬ ਦਾ ਵੱਡਾ ਯੋਗਦਾਨ ਹੁੰਦੈ।ਮੌੜ ਸਾਹਿਬ ਦੀ ਕਬੱਡੀ ਪ੍ਰਤੀ ਵੱਡੀ ਦੇਣ ਕਰਕੇ ਆਨੰਦਪੁਰ ਸਾਹਿਬ ਦੇ ਕਬੱਡੀ ਮੈਚਾਂ ‘ਚ ਇੰਗਲੈਂਡ ਰਹਿੰਦੇ ਸ.ਪਿਆਰਾ ਸਿੰਘ ਗੁੰਮਟਾਲਾ ਨੇ ਘੋੜੀ ਦਿਤੀ ਤੇ ਅਗਲੇ ਸਾਲ ਰਾਜਸਥਾਨ ਤੋਂ ਮੰਗਵਾ ਕੇ ਬੋਤੀ ਦਿਤੀ ਸੀ।ਉਹਨੇਂ ਇਹ ਵੀ ਕਿਹਾ ਸੀ ਕਿ ਮੌੜ ਸਾਹਿਬ ਨੂੰ ਹਰ ਸਾਲ ਕੁਛ ਨਾ ਕੁਛ ਤੋਹਫ਼ਾ ਜਰੂਰ ਭੇਟ ਕਰਿਆ ਕਰੇਗਾ।
                       ਮੌੜ ਨੇ ਹਰ ਇਕ ਦਾ ਭਲਾ ਲੋੜਿਆ।’੭੨-੭੩ ਤੋਂ ਲੈ ਅੱਜ ਤੱਕ ਬੜੇ ਖਿਡਾਰੀ ਇੰਗਲੈਂਡ ਸੱਦੇ ਤੇ ਵਿਆਹ ਕਰਵਾ ਕੇ ਸੈੱਟਲ ਕੀਤੇ।ਕਈਆਂ ਦਾ ਬਾਪ ਬਣ ਕੇ ਮਿਲਣੀਆਂ ਕੀਤੀਆਂ ਤੇ ਪੂਰੀਆਂ ਜ਼ੁੰਮੇਂਵਾਰੀਆਂ ਨਿਭਾਈਆਂ।ਘਰ ਵਾਲੀ ਨਸੀਬ ਕੌਰ ਨੇ ਵੀ ਉਹਦੇ ਮੌਢੇ ਨਾਲ ਮੌਢਾ ਜੋੜ ਕੇ ਰੱਖਿਆ।ਮਾਵਾਂ ਵਾਲੇ ਸਾਰੇ ਸ਼ਗਨ-ਵਿਹਾਰ  ਕੀਤੇ।ਪਾਣੀਂ ਵਾਰ ਕੇ ਪੀਤੇ।ਉਹਦੇ ਘਰ ਮਿਲਣੀਆਂ ਦੇ  ਪਤਾ ਨਹੀਂ ਕਿਨ੍ਹੇ ਕੁ ਕੰਬਲ, ਸੋਨੇ ਦੀਆਂ ਮੁੰਦਰੀਆਂ, ਕੜੇ  ਪਏ ਹੁੰਦੇ ਜੋ ਬਾਪ ਬਣ ਕੇ ਜੁੰਮੇਂਵਾਰੀਆਂ ਨਿਭਾਈਆਂ ਸਨ।ਰਿਸ਼ਤਾ ਕਰਨ ਲੱਗੇ ਨੇ ਉਨ੍ਹੇ ਕਿਸੇ ਵੀ ਪਰਿਵਾਰ ਨੂੰ ਕਦੇ ਨਹੀਂ ਸੀ ਪੁਛਿਆਂ।ਬੱਸ ਅਗਲੇ ਨੂੰ ਦੱਸ ਦੇਣਾ ਕਿ ਉਹਦੇ ਨਿਆਣੇਂ ਮੁੰਡੇ ਜਾਂ ਕੁੜੀ ਦਾ ਰਿਸ਼ਤਾ ਕਰ ਦਿਤਾ ਹੈ।ਕੋਈ ਵੀ ਕਦੇ ਮੁਨਕਰ ਨਹੀਂ ਸੀ ਹੁੰਦਾ ਤੇ ਨਾ ਹੀ ਕਿਸੇ ਮੱਥੇ ਵੱਟ ਪਾਇਆ।ਸਗੋਂ ਖਿੜੇ ਮੱਥੇ ਕਬੂਲਦੇ।ਲੋਕਾਂ ਨੂੰ ਪੂਰਾ ਯਕੀਨ ਸੀ ਕਿ ਮੌੜ ਜੋ ਵੀ ਕਰਦਾ, ਚੰਗਾ ਤੇ ਭਲਾਈ ਲਈ ਹੀ ਕਰਦੈ।
        ਸੰਨ “੭੭ ‘ਚ ਕਬੱਡੀ ਦਾ ਪ੍ਰਸਿੱਧ ਖਿਡਾਰੀ ਪੱਤੜੀਏ ਬੋਲਾ ‘ਇੰਗਲੈਂਡ ਖੇਡਣ ਆਇਆ ਸੀ।ਮੌੜ ਦੀ ਕੋਸ਼ਿਸ਼ ਸੀ ਕਿ ਬੋਲੇ ਨੂੰ ਵਾਪਸ ਨਾ ਜਾਣ ਦਿਤਾ ਜਾਵੇ।ਰਾਤੋ-ਰਾਤ ਕਈ ਪਾਸੇ ਰਿਸ਼ਤਿਆਂ ਦੀ ਗੱਲ ਚਲਾਈ ਪਰ ਕਿਸੇ ਕਾਰਨ ਕਰਕੇ ਵਾਪਸ ਜਾਣਾ ਪਿਆ।ਉਹਦਾ ਬਾਅਦ ਦੋ ਵਾਰ ਇੰਗਲੈਂਡ ਏਅਰ-ਪੋਰਟ ‘ਤੇ  ਚੱਕਰ ਪੈਦਾਂ ਰਿਹਾ।ਮੌੜ ਸਾਹਿਬ ਨੇ ਬੜੀ ਨੱਠ-ਭੱਜ ਕੀਤੀ।ਹਰ ਤਰ੍ਹਾਂ ਨਾਲ ਜੁੰਮੇਂਵਾਰੀ ਲਈ।ਬੜਾ ਜੋਰ ਮਾਰਿਆ।ਭਤੀਜ਼ੇ ਘੁੱਗੀ ਨੇ ਆਪਣੀਂ ਸ਼ਾਪ ਦੀ ਗਾਰੰਟੀ ਲਈ ਪਰ ਗੱਲ ਨਾ ਬਣੀਂ।ਬੋਲਾ ਅੱਜ ਉਹਦੀ ਕੁਰਬਾਨੀਂ ਨੂੰ ਯਾਦ ਕਰਦਾ ਹੈ ਤੇ ਉਹਨੂੰ ਜਿੰਦਾ-ਦਿਲ ਇਨਸਾਨ ਤੇ ਰੱਬ ਰੂਹ ਭਗਤ ਮੰਨਿਐ।
           ਇਸੇ ਤਰ੍ਹਾਂ ਹੀ ਕਬੱਡੀ ਦੇ ਪ੍ਰਸਿੱਧ ਖਿਡਾਰੀ ਸ਼ਿੰਦਾ ਅਮਲੀ ਨੂੰ ਪੱਕਾ ਕਰਵਾਓੁਂਣ ਲਈ ਮੌੜ ਸਾਹਿਬ ਦਾ ਵੱਡਾ ਯੋਗਦਾਨ ਹੈ।ਸ਼ਿੰਦੇ ਦੀ ਤਕੜਾ ਖਿਡਾਰੀ ਸੀ। ਮੈਚਾਂ ਦੌਰਾਨ ਮੌੜ ਸਾਹਿਬ ਨੇ ਅਨਾਊਂਮੈਂਟ ਕਰਵਾ ਦਿਤੀ ਸੀ ਕਿ ਜੇਹੜਾ ਕਲੱਬ ਸ਼ਿੰਦੇ ਨੂੰ ਪੱਕਾ ਕਰਵਾਏਗਾ, ਉਹ ਉਸੇ ਕਲੱਬ ਵਲੋਂ ਖੇਡੇਗਾ।ਸਾਰਿਆਂ ਨੇ ਬੜੀ ਨੱਠ-ਭੱਜ ਕੀਤੀ।ਕੋਈ ਗੱਲ ਨਾ ਬਣੀਂ।ਵੀਜ਼ੇ ਦੀ ਮਿਆਦ ਵੀ ਦੋ ਦਿਨ ਦੀ ਰਹਿ ਗਈ ਸੀ।ਉਹ ਜ਼ੁਮੇਂਵਾਰੀ ਦੀ ਕਮਾਂਨ ਫਿਰ ਮੌੜ ਨੇ ਸੰਭਾਲ ਲਈ।ਤੀਰ ਨਿਸ਼ਾਨੇਂ ‘ਤੇ ਜਾ ਲੱਗਾ।ਦੋ ਦਿਨਾਂ ਦੀ ਭੱਜ-ਦੌੜ ਦੀ ਮੇਹਨਤ ਰੰਗ ਲਿਆਈ।ਮੌੜ ਨੇ ਦੋ ਦਿਨਾਂ ‘ਚ ਰਿਸ਼ਤਾ ਲੱਭ ਲਿਆ। ਖੜੇ ਪੈਰ ਪੱਲਿਓੁਂ ੨੫੦੦ ਪੌਂਡ ਖਰਚ ਕੇ ਵਕੀਲ ਕੀਤਾ ਤੇ ਸ਼ਿੰਦੇ ਦਾ ਵਿਆਹ ਕਰਵਾਇਆ ।ਅਫ਼ਸੋਸ ਸ਼ਿੰਦਾ ਅੱਜ ਸਾਡੇ ਵਿਚਕਾਰ ਨਹੀਂ ਹੈ।
             ਬਹੁਤ ਖਿਡਾਰੀਆਂ ਦੇ ਵਿਆਹ ਕਰਾਓੁਂਣ ਕਰਕੇ ਵੁਲਵਹੈਂਮਟਨ ਦਾ ਰਜਿਸਟਰਾਰ ਵੀ ਮੌੜ ਦਾ ਵਾਕਫ਼ ਹੋ ਗਿਆ।ਰਜਿਸਟਰਾਰ ਨੂੰ ਸ਼ੱਕ ਜੇਹੀ ਹੋ ਗਈ ਕਿ ਇਹ ਕੋਈ ਗਲਤ ਕੰਮ ਕਰਦੈ।ਮੌੜ ਨੂੰ ਕਹਿੰਦਾ ਸਾਰਿਆਂ ਦਾ ਬਾਪ ਤੂੰ ਹੀ ਬਣਦੈ ਹੋਰ ਕੋਈ ਕਿਓੁਂ ਨਹੀਂ..?..ਮੌੜ ਨੂੰ ਬਹੁਤੀ ਇੰਗਲਿਸ਼ ਤਾਂ ਨਹੀਂ ਸੀ ਸਮਝ ਲੱਗੀ।ਪਰ ਨਾਲ ਦੇ ਮੁੰਡੇ ਨੂੰ ਕਿਹਾ ਕਿ ਏਹਨੂੰ ਕਹਿ ਕਿ ਜੀਹਦੇ ਪਿਛੇ ਕੋਈ ਨਹੀਂ, ਉਹਦੇ ਪਿਛੇ ਮੌੜ ਖੜ੍ਹਦੈ।
            ਪੰਜਾਬ ਤੋਂ ੮-੮ , ੯-੯ ਖਿਡਾਰੀ ਉਹਦੇ ਘਰ ਆਏ ਰਹਿੰਦੇ।ਹਰ ਇਕ ਦਾ ਰਹਿਣ-ਸਹਿਣ ਦਾ, ਰੋਟੀ-ਪਾਣੀਂ ਦਾ ਪੂਰਾ ਖਿਆਲ ਰੱਖਿਆ ਜਾਂਦਾ।ਸੇਬ,ਕੇਲੇ, ਸੰਤਰੇ ਹੋਰ ਫ਼ਰੂਟਾਂ ਦੀਆਂ ਪੇਟੀਆਂ ਪਈਆਂ ਰਹਿੰਦੀਆਂ।ਮਾਤਾ ਨਸੀਬ ਕੌਰ ਦੀ ਮੌਤ ਤੋਂ ਬਾਅਦ ਉਹ ਖਿਡਾਰੀ ਬੜਾ ਰੋਏ ਜਿਨ੍ਹਾਂ ਨੇ ਉਹਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਧੀਆਂ ਸੀ। ਤੇ ਮਾਵਾਂ ਵਾਲਾ ਪੂਰਨ ਪਿਆਰ ਲਿਆ ਸੀ।
          ਮੌੜ ਸਾਹਿਬ ਨੇ ਇਕ ਵਾਰ “ਪੈਨਮ ਏਅਰ-ਲਾਇਨ” ਦੀ ਪੂਰੀ ਦੀ ਪੂਰੀ  ਫ਼ਲਾਇਟ ਬੁੱਕ ਕਰਾ ਲਈ ਸੀ।ਵੈਨਕੂਵਰ ਕਾਮਰੇਡਾਂ ਦਾ ਟੂਰਨਾਂਮੈਂਟ ਸੀ ਤੇ  ਫ਼ਲਾਇਟ ਸਿੱਧੀ  ਸ਼ਾਇਦ ਨਹੀਂ ਸੀ ਮਿਲ ਰਹੀ ।ਵਾਇਆ ਸ਼ਿਆਟਲ ਜਾਣਾ ਪਿਆ।ਸਾਰਾ ਜਹਾਜ਼ ਕਬੱਡੀ, ਫ਼ੁੱਟਬਾਲ ,ਹਾਕੀ, ਪਹਿਲਵਾਨਾਂ ਅਤੇ ਹੋਰ ਖਿਡਾਰੀਆਂ ਨਾਲ ਭਰਿਆਂ ਪਿਆ ਸੀ।ਉਹ ਫ਼ਲਾਈਟ ਸ਼ਿਆਟਲ ਗਈ।ਫਿਰ ਉਥੋਂ ਕਾਰਾਂ, ਵੈਨਾਂ ਰਾਹੀਂ ਵੈਨਕੂਵਰ ਪਹੁੰਚੇ।ਸ. ਸੋਹਣ ਸਿੰਘ ਚੀਮਾਂ ਵੀ ਮੌੜ ਨਾਲ ਸੀ ਉਸ ਵੇਲੇ।
          ਸਮੂਹ ਪਰਿਵਾਰ ਵਲੋਂ ਮੌੜ ਦਾ ੭੫ਵਾਂ ਜਨਮ ਦਿਨ  ਬੜੀ ਧੂੰਮ-ਧਾਮ ਨਾਲ ਮਨਾਇਆ ਗਿਆ।ਜਨਮ ਦਿਨ ਦੀ ਪਾਰਟੀ ‘ਚ ਇੰਗਲੈਂਡ ਦੀਆਂ ਪ੍ਰਸਿੱਧ ਹਸਥੀਆਂ, ਪ੍ਰਮੋਟਰ,ਖਿਡਾਰੀ,ਖੇਡ-ਪ੍ਰੇਮੀਂ ਤੇ ਯਾਰ-ਬੇਲੀ ਹਾਜ਼ਰ ਹੋਏ। ੧੧-੧੨੦੦ ਦੇ ਲਗਪਗ ਮਿੱਤਰ-ਸਨੇਹੀ ਹਾਜ਼ਰ ਸਨ।ਕਿਸੇ ਨੇ ਕੜਾ,ਕਿਸੇ ਨੇ ਮੁੰਦੀ, ਕਿਸੇ ਨੇ ਚੈਨੀ,ਪਤਾ ਨੀ ਕਿਨਾਂ ਕੁ ਸੋਨਾ ‘ਕੱਠਾ ਹੋ ਗਿਆ ਹੋਵੇ। ਪਿਆਰ ਭੇਟਾ ਮਿਲਿਆ ਸਭ ਸੋਨਾ, ਗੋਲਡ-ਮੈਡਲ ਦੇ ਤੌਰ ‘ਤੇ ਮੌੜ ਸਾਹਿਬ ਲਈ ਪਿਆਰ ਨਿਸ਼ਾਨੀ ਸੀ।
          ਮੌੜ ਸਾਹਿਬ ਇਕ ਵਾਰ ਲੁਧਿਆਣੇਂ ਮੈਚ ਵੇਖਣ ਗਏ।ਉਹ ਸਟੇਜ਼ ਤੋਂ ਹੇਠਾਂ ਹੀ ਕੁਰਸੀ ‘ਤੇ ਬੈਠ ਗਏ।ਮੌੜ ਸਾਹਿਬ ਨੂੰ  ਸਟੇਜ਼ ‘ਤੇ ਬੈਠਣ ਦੀ ਕਦੇ ਲਾਲਸਾ ਨਹੀਂ ਸੀ ਹੁੰਦੀ।ਸਿੱਧੇ-ਸਾਦੇ ਇਨਸਾਨ ਨੂੰ ਜਿਥੇ ਕੁਰਸੀ ਮਿਲੀ, ਬੈਠ ਗਿਆ।ਕਿਸੇ ਨੇ ਪ੍ਰਬੰਧਕਾਂ ਨੂੰ ਦੱਸ ਦਿਤਾ ਕਿ ਮੌੜ ਮੈਚ ਵੇਖਣ ਆਇਆ ਹੋਇਐ।ਲੋਕੀ ਮੈਚ ਦੁਆਲਿਓੁਂ ਹੱਟ ਕੇ ਮੌੜ ਸਾਹਿਬ ਦੁਆਲੇ ‘ਕੱਠੇ ਹੋਣ ਲੱਗ ਪਏ ਕਿ ਵੇਖ ਤਾਂ ਲਈਏ,ਕੇਹੜਾਂ ਫ਼ਰਿਸ਼ਤਾ ਹੈ।ਕਿਓੁਂਕਿ ਮੌੜ ਸਾਹਿਬ ਨੇ ਲੁਧਿਆਣੇਂ ਵਿੱਚੋਂ ਦੇਵੀ ਦਿਆਲ, ਦਰਬਾਰ ਬੋਲਾ,ਦਰਸ਼ਣ ਮੰਗਲੀ,ਸਵਰਨਾ,ਪਾਲੀ, ਗੋਲਾ, ਮੇਜਰ ਸਿੰਘ ਵਰਗੇ  ਅਨੇਕਾਂ ਖਿਡਾਰੀ ਇੰਗਲੈਂਡ ਲੈ ਕੇ ਗਿਆ ਸੀ।ਮੌੜ ਦੀ ਇਹ ਖਾਸੀਅਤ ਸੀ ਕਿ ਉਹ ਕਦੇ ਮੂਹਰੇ ਹੋ ਕੇ ਫ਼ੋਟੋ ਖਿਚਵਾਓੁਂਣ ਦਾ ਸ਼ੌਕੀਨ ਨਹੀਂ ਸੀ। ਉਹਦਾ ਕਥਨ ਸੀ ਕਿ ਹਮੇਸ਼ਾਂ ਚੰਗੇ ਕੰਮ ਕਰੋ ਤੇ ਲੋਕੀ  ਤੁਹਾਨੂੰ ਮਾਣ ਨਾਲ ਆਪ ਮੂਹਰੇ ਲੈ ਕੇ ਜਾਣ।
           ਇਸੇ ਸਾਲ ਫ਼ਰਬਰੀ ਮਹੀਂਨੇ ਇੰਗਲੈਂਡ ਰਹਿੰਦੇ “ਬਾਬਾ ਕਾਹਨ ਦਾਸ ਸਪੋਰਟਸ ਕਲੱਬ ਕਾਲਾ-ਸੰਘਿਆਂ” ਦੇ ਪ੍ਰਧਾਨ ਗੁਰਦੇਵ ਸਿੰਘ “ਪੰਛੀ” ਪੱਪੂ ਨੇ ਪਿੰਡ ਦੇ ਟੂਰਨਾਂਮੈਂਟ ਵਿੱਚ ਮੌੜ ਸਾਹਿਬ ਨੂੰ ਗੋਲਡ-ਮੈਡਲ ਨਾਲ ਸਨਮਾਨਿਤ ਕੀਤਾ।ਕਬੱਡੀ ਪ੍ਰਤੀ ਵੱਡੀ ਦੇਣ ਅਤੇ ਵਿਦੇਸ਼ਾਂ ‘ਚ ਪਿੰਡ ਦਾ ਨਾਂ ਉਚਾ ਕਰਨ ਕਰਕੇ ਮਾਣ  ਬਖਸ਼ਿਆ। ਖੇਡਾਂ ਨੂੰ ਪ੍ਰਮੋਟ ਕਰਨ ਲਈ ਕਾਲਾ-ਸੰਘਿਆਂ ਦੇ ਜਤਿੰਦਰ ਸਿੰਘ ਲਾਲੀ ਵੀ ਮੌੜ ਸਾਹਿਬ ਦੇ ਰਾਹਾਂ ‘ਤੇ ਚੱਲ ਰਿਹਾ ਹੈ।
      ਪਿੰਡ ਦੇ ਪੁਰਾਣੇਂ ਤੇ ਨਵੇਂ ਖਿਡਾਰੀਆਂ ਵੱਲ੍ਹ ਵੀ ਪੰਛੀ ਝਾਤ ਮਾਰ ਲਈਏ।ਸ. ਭਜਨ ਸਿੰਘ ਤੇ ਪਾਲ ਸਿੰਘ(ਦੋਵੇਂ ਸਕੇ ਭਰਾ),ਪਰਮਜੀਤ ਲਾਖਾ ਤੇ ਜਸਵੀਰ ਘੁੱਗੀ (ਦੋਵੇਂ ਸਕੇ ਭਰਾ), ਮੋਹਣਾ ਤੇ ਪੱਪੂ ਖੱਬਾ (ਦੋਵੇ ਭਰਾ),ਜਤਿੰਦਰ ਲਾਲੀ, ਜੀਤਾ ਮੌੜ,ਬਿਕਰ ਮਾਸਟਰ,ਤਾਓੂ,ਮੱਖਣ ,ਰੋਡਾ,ਪੱਪੂ ਖੱਬਾ, ਲੱਖੀ, ਤੋਚੀ, ਦੀਪਾ, ਜਵਾਹਰਾ, ਤੋਚੀ, ਚਰਨਜੀਤ,ਦੇਵ ਤੇ ਫ਼ੁੱਲ।
          ਮੌੜ ਸਾਹਿਬ ਪਿੰਡ ਦੇ ਜਦੋਂ ਕਿਸੇ ਗੱਭਰੂ ਮੁੰਡੇ ਵੱਲ੍ਹ ਨਿਗਾ੍ਹ ਮਾਰਦੇ ਤਾਂ ਥਾਪੜਾ ਦੇ ਕੇ ਕਹਿਣਾ,”ਜੁਆਨਾਂ ਮੇਹਨਤ ਕਰ ਸੇਹਿਤ ਬਣਾ।” ਕਾਲੇ-ਸੰਘਿਆਂ ‘ਚ ਕਬੱਡੀ ਦੇ ਬੜੇ ਨਾਮਵਰ ਖਿਡਾਰੀ ਹੋਏ ਨੇ।ਹੁਣ ਵੀ ਉਠ ਰਹੇ ਪਿੰਡ ਦੇ  ਕਈ ਖਿਡਾਰੀਆਂ ਨੂੰ ਮੌੜ ਸਾਹਿਬ ਖੁਰਾਕ ਦੇ ਰਹੇ ਨੇ।
               ਮੌੜ ਨੇ ਨਡਾਲੇ ਵਾਲੇ ਪ੍ਰੀਤੇ ਤੋਂ ਲੈ ਕੇ ਸੰਦੀਪ ਲੁੱਧੜ ਤੱਕ ਦੇ ਖਿਡਾਰੀ ਖੇਡਣ ਲਈ ਇੰਗਲੈਂਡ ਸੱਦੇ।ਜਾਣਿ ੬ ਪੀੜੀਆਂ ਦੇ ਖਿਡਾਰੀਆਂ ਨੂੰ ਹੱਥੀ ਖਿਡਾ ਦਿਤਾ।ਪ੍ਰਮਾਤਮਾ ਨੇ ਇਹ ਬੜਾ ਮਾਣ ਮੌੜ ਸਾਹਿਬ ਨੂੰ ਦਿਤਾ।ਪ੍ਰੀਤੇ ਨੇ ਮੌੜ ਨੂੰ ਖੁਲ੍ਹ-ਦਿਲਾਂ ਤੇ ਕਬੱਡੀ ਨੂੰ  ਬੁਲੰਦੀਆਂ ‘ਤੇ ਲਿਜਾਣ ਵਾਲਾ ਇਨਸਾਨ ਮੰਨਿਆਂ।ਪ੍ਰੀਤੇ ਨੇ ਇਹ ਵੀ ਦੱਸਿਆ ਕਿ  ਸੰਨ “੭੪ ‘ਚ ਜਦੋਂ ਉਹ ਪਹਿਲੀ ਵਾਰ ਟੀਂਮ ਨਾਲ ਖੇਡਣ ਗਿਆ ਸੀ ਤਾਂ ਮੌੜ ਸਾਹਿਬ ਨੇ ਉਹਦੀ ਗੇਂਮ ਨੂੰ ਬੜਾ ਪਸੰਦ ਕੀਤਾ ਸੀ ਤੇ ਨਾਲ ਦੇ ਸਾਥੀਆਂ ਨੂੰ ਮੌੜ ਕਹਿਣ ਲੱਗਾ ਕਿ ਦੋ ਸਾਲ ਪਹਿਲਾਂ (“੭੨ ‘ਚ) ਜਦੋਂ ਬੱਲ ਨੂੰ ਇੰਗਲੈਂਡ ਸੱਦਿਆ ਸੀ ਤਾਂ ਪ੍ਰੀਤੇ ਨੂੰ ਕਿਓੁਂ ਨੀ ਸੱਦਿਆ।ਮੌੜ ਸਾਹਿਬ ਫਿਰ ਪ੍ਰੀਤੇ ਦੀ ਗੇਂਮ ਦਾ ਦੀਵਾਨਾ ਹੋ ਗਿਆ ਤੇ ਵਧੀਆ ਮਿੱਤਰ ਬਣ ਗਿਆ।
            “੯੧ ‘ਚ ਕੈਨੇਡਾ ਵਰਲਡ ਕਬੱਡੀ ਕੱਪ ਮੌੜ,ਪ੍ਰੀਤਾ, ਬਲਕਾਰ ਸਿੰਘ ਤੇ ਪਾਕਿਸਤਾਨੀਂ ਖਿਡਾਰੀ ਅਮੀਂਨ ਜੱਟ ਵੇਖਣ ਗਏ। ਉਹ ਕੱਪ ਮੌੜ ਸਾਹਿਬ ਦੇ ਦਾਮਾਦ ਬਲਕਾਰ ਸਿੰਘ ਅਤੇ ਅਮੀਂਨ ਜੱਟ ਨੇ ਵੀ ਖੇਡਣਾ ਸੀ।ਸਾਰਾ ਸਟੇਡੀਅਮ ਖਚਾ-ਖਚ ਦਰਸ਼ਕਾਂ ਨਾਲ ਭਰਿਆ ਪਿਆ ਸੀ।ਮੌੜ ਤੇ ਪ੍ਰੀਤਾ ‘ਕੱਠੇ ਬੈਠੇ ਸਨ।ਸਟੇਡੀਅਮ ‘ਚ ਬੈਠੇ ਪ੍ਰੀਤੇ ਦਾ ਪਤਾ ਲੱਗ ਗਿਆ ਤੇ ਅਨਾਊਂਸਰ ਨੇ ਅਨਾਊਂਸ ਕਰ ਦਿਤਾ ਕਿ ਸਾਡੇ ਵਿੱਚਕਾਰ ਆਪਣੇਂ ਸਮੇਂ ਦਾ ਟਾਪ ਖਿਡਾਰੀ ‘ਆਇਆ ਪ੍ਰੀਤਾ ਗਿਆ ਪ੍ਰੀਤਾ’ ਵੀ ਬਿਰਾਜ਼ਮਾਨ ਨੇ।ਸਭ ਦੀਆਂ ਨਜ਼ਰਾਂ ਪ੍ਰੀਤੇ ਵੱਲ੍ਹ ਹੋ ਤੁਰੀਆਂ।ਪਿਛੇ ਬੈਠਾ ਇਕ ਬਜ਼ੁਰਗ ਉਠ ਕੇ ਖੜ ਗਿਆ ਤੇ ਕਹਿਣ ਲੱਗਾ,”ਨਾਂ ਤਾਂ ਬੜਾ ਸੁਣਿਆਂ ਸੀ, ਪ੍ਰੀਤੇ ਦਾ….! ਆਇਆ ਪ੍ਰੀਤਾ ਗਿਆ ਪ੍ਰੀਤਾ…!.. ਦਰਸ਼ਣ ਅੱਜ ਹੋਏ ਨੇ।” “ਬਜ਼ੁਰਗਾ ਆ ਤਾਂ ਗਿਆਂ, ਹੁਣ ਜਾਣਾ ਨੀ।”-  ਹੱਸਦੇ ਪ੍ਰੀਤੇ ਨੇ ਬਜ਼ੁਰਗ ਨੂੰ ਜਵਾਬ ਦਿਤਾ।
          ਅਗਰ ਮੌੜ ਨੇ ਪ੍ਰੀਤੇ ਦੀ ਕਬੱਡੀ ਨੂੰ ਪਸੰਦ ਕੀਤਾ ਸੀ ਤਾਂ ਪਹਿਲਵਾਨੀਂ ਚੋਂ ਬੁੱਧੂ ਭਲਵਾਨ ਨੂੰ ਪਸੰਦ ਕੀਤਾ।ਵੈਨਕੂਵਰ ਕਾਮਰੇਡਾਂ ਦੇ ਮੈਚਾਂ ‘ਚ ਮੌੜ ਸਾਹਿਬ ਇੰਗਲੈਂਡ ਤੋਂ ਖਿਡਾਰੀਆਂ ਦੀ ਟੀਂਮਾਂ ਨਾਲ  ਪਹਿਲਵਾਨ ਵੀ ਲੈ ਕੇ ਗਿਆ ਹੋਇਆ ਸੀ।ਭਾਰਤ ਦੀ ਪਹਿਲਵਾਨੀਂ ‘ਚ ਉਸ ਵੇਲੇ ਬੁੱਧੂ ਦਾ ਪੂਰਾ ਨਾਂ ਸੀ।ਮੌੜ ਸਾਹਿਬ ਦੀ ਟੀਂਮ ਦੇ ਪਹਿਲਵਾਨ ਕਹਿਣ ਕਿ ਬੁੱਧੂ ਨਾਲ ਪਹਿਲਾਂ ਮੈਂ ਘੁੱਲਣਾ, ਕੋਈ ਕਹੇ ਮੈਂ ਘੁੱਲਣਾ…।… ਮੌੜ ਚੁੱਪ-ਚਾਪ ਬੈਠਾ ਸੁਣੀਂ ਗਿਆ..।ਬੁੱਧੂ ਮੌੜ ਸਾਹਿਬ ਨੂੰ ਕਹਿਣ ਲੱਗਾ,”ਅੰਕਲ ਜੀ, ਕੋਈ ਗੱਲ ਨੀ..ਵਾਰੀ ਵਾਰੀ ਸਾਰਿਆਂ ਨੂੰ ਔਣ ਦਿਓੁ…।”
         ਮੌੜ ਸਾਹਿਬ ਨੇ ਜਿੰਦਗੀ ਦਾ ਹਰ ਪੱਖ ਵੇਖਿਆ।ਖਿਡਾਰੀਆਂ ਨੂੰ ਕਦੇ ਡੁੱਲਣ ਨਹੀਂ ਸੀ ਦਿਤਾ।ਖਿਡਾਰੀਆਂ ਦੇ ਨਾਲ ਨਾਲ ਰਿਸ਼ਤੇਦਾਰਾਂ ਨਾਲ ਵੀ ਹਰ ਤਰ੍ਹਾਂ ਖੜਾ ਹੋਇਐ।ਇੰਗਲੈਂਡ ਸੱਦ ਕੇ ਸੈਟਲ ਕੀਤੇ।ਉਹ ਪੁਰਾਣੇਂ ਸਮੇਂ ਨੂੰ ਵੀ ਨਹੀਂ ਕਦੇ ਭੁੱਲਿਆ।ਪਹਿਲੇ ਦਿਨ ਜਦੋਂ ਉਹ ਇੰਗਲੈਂਡ ਆਇਆ ਸੀ ਤੇ ਵੁਲਵਹੈਮਟਨ ਸਟੇਸ਼ਨ ‘ਤੇ ਰਾਤ ਕੱਟੀ ਸੀ।ਉਹ ਜਦੋਂ ਵੀ ਉਸ ਸਟੇਸ਼ਨ ਮੂਹਰਿਓੁਂ ਲੰਘਦਾ ਤਾਂ  ਪਰਿਵਾਰ ਜਾਂ ਯਾਰਾਂ-ਬੇਲੀਆਂ ਨੂੰ ਜਰੂਰ ਵਿਖਾਓੁਂਦਾ।
         ਪੰਜਾਬੀ ਭਾਈਚਾਰੇ ‘ਚ ਚੰਗੀਆਂ ਸੇਵਾਂਵਾਂ ਕਰਕੇ ਵੁਲਵਹੈਂਮਟਨ ਕੌਂਸਲ ਦੇ ਮੇਅਰ ਨੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਸੀ।ਐਮ ਪੀ ਸ. ਮੱਟੂ ਵੀ ਨਾਲ ਸਨ ਉਸ ਵੇਲੇ ।    
                  ਸੰਨ “੬੩ ‘ਚ ਮੌੜ ਸਾਹਿਬ ਨੱਥੂ ਚਾਹਲ ਦੀ ਨਸੀਬ ਕੌਰ ਨਾਲ ਵਿਆਹਿਆ ਗਿਆ ਸੀ। ਉਹ ਪੰਜ ਬੱਚਿਆਂ ਦਾ ਬਾਪ ਬਣਿਆਂ।ਤਿੰਨ ਬੇਟੀਆਂ ਤੇ ਦੋ ਬੇਟੇ।ਵੱਡੀ ਬੇਟੀ ਕੁਲਵਿੰਦਰ ਕੌਰ ਪੀ ਐਚ ਡੀ ਹੈ ਜੋ ਸੈਦੋਆਲ ਦੇ ਕਬੱਡੀ ਖਿਡਾਰੀ ਬਲਕਾਰ ਸਿੰਘ ਨਾਲ ਵਿਆਹੀ ਹੋਈ ਹੈ।।ਦੂਜੀ ਬੇਟੀ ਸੁਖਵਿੰਦਰ ਕੌਰ ਸਰਕਾਰੀ ਨੌਕਰੀ ਕਰ ਰਹੀ ਹੈ ਤੇ ਤੀਜੀ ਛੋਟੀ ਬੇਟੀ ਸਤਿੰਦਰ ਕੌਰ ਕੰਪਿਊਟਰ ਇੰਜਨੀਅਰ ਹੈ।ਵੱਡਾ ਬੇਟਾ ਬਲਜੀਤ ਸਿੰਘ ਕਾਰੋਬਾਰ ਕਰ ਰਿਹੈ। ਛੋਟਾ ਬੇਟਾ ਬਲਵੀਰ ਸਿੰਘ ਭਰ ਜੁਆਨੀਂ ‘ਚ ਵਿਛੋੜਾ ਦੇ ਗਿਆ ਸੀ।ਬੇਟੇ ਦੇ ਬੇਵਕਤੀ ਚਲਾਣੇਂ ਨੇ ਮੌੜ ਸਾਹਿਬ ਨੂੰ ਝੰਜੋੜ ਕੇ ਰੱਖ ਦਿਤਾ ਸੀ। ਮੌੜ ਸਾਹਿਬ ਨੇ ਫਿਰ ਵੀ ਹੌਸਲਾ ਨਾ ਛੱਡਿਆ।ਪ੍ਰਮਾਤਮਾਂ ਦਾ ਭਾਣਾ ਮੰਨਿਆਂ।  
              ਮੱਦਦਗਾਰ ਦਾਨੀ ਸੱਜਣ ਤੇ ਕਬੱਡੀ ਦੇ ਮਸੀਹਾ ਸ. ਮਹਿੰਦਰ ਸਿੰਘ ਮੌੜ ਨੇ ਬਿਨ੍ਹਾਂ ਕਿਸੇ ਲੋਭ ਲਾਲਚ ਖਿਡਾਰੀਆਂ ਦੀ ਸੇਵਾ ਕੀਤੀ।ਨਾ ਕੋਈ ਮਜ਼ਹਬ/ਧਰਮ ,ਨਾ ਕੋਈ ਜਾਤ-ਪਾਤ ਤੇ ਨਾ ਹੀ ਰੰਗ-ਨਸਲ ਦਾ ਵਿਤਕਰਾ ਕੀਤਾ।ਸਗੋਂ ਹਰ ਤਕੜੇ ਖਿਡਾਰੀ ਨੂੰ ਹਿੱਕ ਨਾਲ ਲਾਇਆ।ਜੜ੍ਹਾਂ ਲਾਈਆਂ ਕਈ ਕਈ ਪੁਛਤਾਂ ਤਾਰ ਦਿਤੀਆਂ।ਤਾਹੀਓੁਂ ਅੱਜ ਖਿਡਾਰੀ ਉਹਨੂੰ ਦੇਵਤੇ ਵਾਂਗ ਪੂਜਦੇ ਹਨ।। ਓੁਮਰ ਦੇ ਲਿਹਾਜ਼ ਨਾਲ ਹੁਣ ਮੌੜ ਸਾਹਿਬ ਦੀ ਸੇਹਿਤ ਠੀਕ ਨਹੀਂ ਰਹਿੰਦੀ।ਜਲੰਧਰ ਹਸਪਤਾਲ ਦਾਖਲ ਹੈ। ਭਤੀਜ਼ਾ ਜੀਤਾ ਮੌੜ ਤੇ ਮਿੰਟੂ ਉਹਦੇ ਕੋਲ ਹਨ।ਪ੍ਰਮਾਤਮਾਂ ਓੁਹਨੂੰ ਤੰਦਰੁਸਤੀ ਬਖਸ਼ੇ, ਲੰਬੀਆਂ ਓੁਮਰਾਂ ਕਰੇ ਤੇ ਇਸੇ ਤਰ੍ਹਾਂ ਹੀ ਖਿਡਾਰੀਆਂ ਦੀ ਮੱਦਦ ਕਰਦਾ ਰਹੇ।
            ਬੜੇ ਲੋਕਾਂ ਨੇ ਮੌੜ ਬਣਨ ਦੀ ਕੋਸ਼ਿਸ਼ ਕੀਤੀ…ਉਹਦੇ ਰਾਹਾਂ ‘ਤੇ ਤੁਰਨ ਦੀ ਕੋਸ਼ਿਸ਼ ਕੀਤੀ..ਪਰ ਕਿਥੇ..?..ਇਹ ਹਰ ਇਕ ਦੇ ਬੱਸ ਦੀ ਗੱਲ ਨਹੀਂ ਹੁੰਦੀ…ਪ੍ਰਮਾਤਮਾਂ ਦੀ ਬਖਸ਼ਿਸ਼ ਹੁੰਦੀ ਹੈ… ਮੌੜ ਸਾਹਿਬ ਨੇ ਉਨ੍ਹਾਂ ਨੂੰ ਬੜਾ ਕਹਿਣਾ ਕਾਹਲੀ ਨਾ ਕਰੋ….ਕਾਹਲੀ ਨਾ ਕਰੋ…ਇਹ ਲੰਮੀਂ ਦੌੜ ਹੈ….ਤਸੱਲੀ ਰੱਖੋ…ਇਹ ਕੰਮ ਸੌਖੇ ਨਹੀਂ।ਪਰ ਨਾ ਮੰਨੇਂ… ਕਾਹਲੀ ਕਾਹਲੀ ‘ਚ ਮੌੜ ਬਣਦੇ ਬਣਦੇ ਨੁਕਸਾਨ ਕਰਾ ਕੇ ਬਹਿ ਗਏ…ਪ੍ਰਮਾਤਮਾਂ ਨੇ ਲਿਖੀ ਹਰ ਇਨਸਾਨ ਦੀ ਆਪੋ-ਆਪਣੀਂ ਤਕਦੀਰ ਹੁੰਦੀ ਐ…ਓੁਹਦੇ ਰੰਗਾਂ ਦਾ ਉਹਨੂੰ ਪਤਾ ਹੁੰਦੈ..ਜੇ ਬੰਦੇ ਨੂੰ ਪਤਾ ਹੋਵੇ ਤਾਂ ਬੰਦਾ ਰੱਬ ਬਣ ਬੈਠੇ…ਮੌੜ ਵਰਗਾ ਨਛੱਤਰ ਕਿਸੇ ਭਾਗਾਂ ਵਾਲੇ ਦੇ ਹਿੱਸੇ ਹੀ ਆਓੁਂਦਾ ਹੈ।
        ਮੌੜ ਨੇ ਅੱਜ ਤੱਕ ਜੋ ਵੀ ਕੀਤਾ,ਕਿਸੇ ‘ਤੇ ਅਹਿਸਾਨ ਨਹੀਂ ਕੀਤਾ ਸਗੋਂ ਬੇਧੜਕ ਤੇ ਬੇਖੌਫ਼  ਜੁੰਮੇਂਵਾਰ ਹੋ ਕੇ ਫ਼ਰਜ ਨਿਭਾਏ..ਧਨ ਹੈ ਮੌੜ।
     “ਖੇਡ-ਮੈਦਾਨਾਂ ‘ਚ ਬੁੱਕਦੇ ਸਦਾ,
                      ਪੰਜਾਬ ਦੇ ਬੱਬਰ ਸ਼ੇਰ ਆਏ।
    ਜਾਨ ਨਿਛਾਵਰ ਕਰਦੇ ਦਿਲ ਦੇ ਬਾਦਸ਼ਾਹ ,
                         ਮੌੜ ਮਰਦ ਦਲੇਰ ਆਏ।
    ਜਸ ਖੱਟ ਲੈ ਖਿਡਾਰੀਆਂ ਤੋਂ “ਇਕਬਾਲ ਸਿੰਹਾਂ”
            ਜਿੰਦਗੀ ਪਤਾ ਨਹੀਂ ਕਦੋਂ ਫੇਰ ਆਏ।”

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!