ਤਲਵੰਡੀ ਸਾਬੋ (ਰੇਸ਼ਮ ਸਿੰਘ ਦਾਦੂ) ਇਹ ਕਿਹੋ ਜਿਹੀ ਸੇਵਾ ਜਾਂ ਕਹੀ ਜਾਣ ਵਾਲੀ ਸਜ਼ਾ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਸ ਨੂੰ ਭੁਗਤੇ ਜਾਣ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਉਹਨਾਂ ਦੇ ਸੈਂਕੜੇ ਸਮਰਥਕ ਵੀ ਉਹਨਾਂ ਦੇ ਅੱਗੇ ਅੱਗੇ ਵਿਛਦੇ ਜਾਣ ਦੀ ਹੱਦ ਤੱਕ ਪੁੱਜ ਜਾਂਦੇ ਵੇਖੇ ਗਏ। ਸਰਦਾਰ ਬਾਦਲ ਦੇ ਸੈਂਕੜੇ ਸਮਰਥਕਾਂ ਵੱਲੋਂ ਉਹਨਾਂ ਦੇ ਸਜ਼ਾ ਭੁਗਤਣ ਮੌਕੇ ਉਨਾਂ ਦੇ ਨਾਲ ਇਥੇ ਪੁੱਜਣ ਤੋਂ ਇਹ ਪ੍ਰਭਾਵ ਦਿੱਤਾ ਜਾ ਰਿਹਾ ਜਾਪਦਾ ਸੀ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਉਕਤ ਸ਼ਖਸ (ਸੁਖਬੀਰ ਬਾਦਲ) ਤਨਖਾਹੀਆ ਨਾ ਹੋ ਕੇ ਕਿਸੇ ਖਾਸ ਖੇਤਰ ਵਿੱਚ ਉੱਚ ਮੁਰਾਤਬੇ ਦਾ ਨਾਮਣਾ ਖੱਟਣ ਵਾਲਾ ਕੋਈ ਪਹੁੰਚਿਆ ਹੋਇਆ ਮਹਾਨ ਮਨੁੱਖ ਹੋਵੇ।ਕੁਝ ਹੋਰ ਸਿੱਖ ਧਾਰਮਿਕ ਸਥਾਨਾਂ ਉੱਪਰ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲੱਗੀ ਹੋਈ ਉਕਤ ਸਜ਼ਾ (ਸੇਵਾ) ਪੂਰੀ ਕਰਨ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਕੈਬਨਟ ਦੇ ਸਾਥੀ ਮੰਤਰੀਆਂ ਸਮੇਤ ਇੱਥੇ ਸ੍ਰੀ ਦਮਦਮਾ ਸਾਹਿਬ ਦੇ ਚਰਨ ਕੁੰਡ ਕੋਲ ਬੈਠ ਕੇ ਪਹਿਲਾਂ ਇੱਕ ਘੰਟਾ ਬਰਛਾ ਫੜ ਕੇ ਸੇਵਾਦਾਰ ਦੀ ਸੇਵਾ ਨਿਭਾਈ ਗਈ। ਉਪਰੰਤ ਕੀਰਤਨ ਸੁਣਨ ਅਤੇ ਭਾਂਡੇ ਮਾਂਜਣ ਦੀ ਸੇਵਾ ਭੁਗਤਾਉਣ ਪਿੱਛੋਂ ਇਹ ਖਬਰ ਲਿਖੇ ਜਾਣ ਵੇਲੇ ਤੱਕ ਉਹਨਾਂ ਦੀ ਕੈਬਨਟ ਵਿੱਚ ਰਹੇ ਉਹਨਾਂ ਦੇ ਸਾਥੀ ਮੰਤਰੀਆਂ ਵੱਲੋਂ ਬਾਥਰੂਮ ਸਾਫ ਕਰਨ ਦੀ ਸਜ਼ਾ ਨੂੰ ਵੀ ਬਾਖੂਬੀ ਪੂਰਾ ਕੀਤਾ ਗਿਆ।ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਇੱਥੇ ਆਪਣੇ ਜ਼ੁੰਮੇ ਲੱਗੀ ਸਜ਼ਾ ਦਾ ਭੁਗਤਾਨ ਕਰਨ ਆਏ ਉਹਨਾਂ ਦੀ ਕੈਬਨਟ ਵਿੱਚ ਰਹੇ ਉਹਨਾਂ ਦੇ ਸਾਥੀ ਮੰਤਰੀਆਂ ਹੀਰਾ ਸਿੰਘ ਗਾਬੜੀਆ, ਸੁੱਚਾ ਸਿੰਘ ਲੰਗਾਹ, ਗੁਲਜਾਰ ਸਿੰਘ ਰਣੀਕੇ, ਡਾਕਟਰ ਦਲਜੀਤ ਸਿੰਘ ਚੀਮਾ, ਅਤੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਸਮੇਤ ਤਮਾਮ ਸਾਬਕਾ ਮੰਤਰੀ ਅਤੇ ਉਸ ਵਕਤ ਵੱਖ ਵੱਖ ਅਹੁਦਿਆਂ ਉੱਪਰ ਰਹੇ ਸ਼ਖਸ ਮੌਜੂਦ ਸਨ।ਇਹ ਸ਼ਾਇਦ ਪਿਛਲੇ ਦਿਨੀ ਸਰਦਾਰ ਸੁਖਬੀਰ ਸਿੰਘ ਬਾਦਲ ਉੱਪਰ ਇੱਕ ਧਾਰਮਿਕ ਸਥਾਨ ਵਿਖੇ ਹੋਏ ਕਾਤਲਾਨਾ ਹਮਲੇ ਦਾ ਹੀ ਨਤੀਜਾ ਸੀ ਕਿ ਸਰਦਾਰ ਬਾਦਲ ਦੀ ਆਮਦ ਨੂੰ ਮੁੱਖ ਰੱਖਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਸਵੇਰ ਤੋਂ ਹੀ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਜਾਂਦੇ ਸਾਰੇ ਰਸਤਿਆਂ ਉੱਪਰ ਕਰੜੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਮੱਥਾ ਟੇਕਣ ਜਾਂ ਨਤਮਸਤਕ ਹੋਣ ਵਾਲੇ ਆਮ ਸ਼ਰਧਾਲੂਆਂ, ਉਹ ਪੁਰਸ਼ ਹੋਣ ਜਾਂ ਔਰਤਾਂ, ਵਿੱਚੋਂ ਜਦੋਂ ਵੀ ਜਿਹੜੇ ਲੋਕ ਬਰਛਾ ਫੜੀ ਬੈਠੇ ਸੁਖਬੀਰ ਬਾਦਲ ਵੱਲ ਸਹਿਬਨ ਝਾਕ ਕੇ ਉੱਥੇ ਪਲ ਭਰ ਰੁਕਣ ਦੀ ਕੋਸ਼ਿਸ਼ ਕਰਦੇ ਸਨ ਤਾਂ ਸੁਰੱਖਿਆ ਕਰਮਚਾਰੀ ਉਨਾਂ ਨੂੰ ਅੱਗੇ ਤੁਰ ਜਾਣ ਲਈ ਆਖ ਦਿੰਦੇ ਨਜ਼ਰੀਂ ਪੈ ਰਹੇ ਸਨ।