ਅਕਸਰ ਕਿਹਾ ਜਾਂਦਾ ਹੈ ਕਿ ਜੇ ਮਰਦ ਬਦਲ ਜਾਵੇ ਤਾਂ ਸਿਰਫ ਔਰਤ ਟੁੱਟਦੀ ਹੈ, ਪਰ ਜੇ ਔਰਤ ਬਦਲ ਜਾਵੇ ਤਾਂ ਪੂਰਾ ਘਰ ਟੁੱਟ ਜਾਂਦਾ ਹੈ। ਕਿਸੇ ਹੱਦ ਤੱਕ ਠੀਕ ਵੀ ਹੈ ਇਹ, ਪਰ ਬਹੁਤੀ ਵਾਰ ਔਰਤ ਟੁੱਟਦੀ ਨਹੀਂ ਮਜ਼ਬੂਤ ਹੋ ਜਾਂਦੀ ਹੈ। ਇਸਨੂੰ ਮਹਾਂਪੁਰਸ਼ਾਂ ਨੇ ਮਹਾਨ ਕੁਰਬਾਨੀ ਦੀ ਮੂਰਤ ਕਹਿ ਕੇ ਸਤਿਕਾਰਿਆ ਹੈ। ਇਹ ਔਰਤ ਹੀ ਹੈ ਜੋ ਆਪਣੀਆਂ ਸੱਧਰਾਂ, ਆਪਣੇ ਚਾਅ, ਆਪਣੀਆਂ ਭਾਵਨਾਵਾਂ, ਆਪਣੀਆਂ ਖੁਸ਼ੀਆਂ, ਆਪਣੇ ਜਜ਼ਬਾਤਾਂ ਨੂੰ ਆਪਣੇ ਹੀ ਪੈਰਾਂ ਹੇਠ ਕੁਚਲ ਕੇ ਘਰ ਪਰਿਵਾਰ ਨੂੰ ਜੋੜ ਕੇ ਰੱਖਦੀ ਹੈ। ਨੜਿੰਨਵੇਂ ਪ੍ਰਤੀਸ਼ਤ ਮਰਦ ਔਰਤ ਦੀਆਂ ਭਾਵਨਾਵਾਂ ਨੂੰ ਸਮਝਣ ਦੇ ਸਮਰੱਥ ਨਹੀਂ ਹੁੰਦੇ ਪਰ ਨੜਿੰਨਵੇਂ ਪ੍ਰਤੀਸ਼ਤ ਔਰਤਾਂ ਆਪਣਾ ਦਰਦ, ਆਪਣੀਆਂ ਸਿਸਕੀਆਂ, ਆਪਣੇ ਹਟਕੋਰੇ ਤੇ ਰੋਣ ਦੀ ਅਵਾਜ਼ ਦਬਾ ਕੇ ਘਰ ਪਰਿਵਾਰ ਨੂੰ ਜੋੜ ਕੇ ਰੱਖਣ ਦੇ ਸਮਰੱਥ ਹੁੰਦੀਆਂ ਨੇ। ਇਹ ਔਰਤ ਦੀ ਸਭ ਤੋਂ ਵੱਡੀ ਕੁਰਬਾਨੀ ਏ। ਜੇਕਰ ਔਰਤ ਵਿੱਚ ਅਜਿਹਾ ਜ਼ਜ਼ਬਾ ਨਾ ਹੋਵੇ ਤਾਂ ਸੰਸਾਰ ਤੇ ਕਦੇ ਵੀ ਘਰ ਨਾਂ ਦੀ ਕੋਈ ਚੀਜ਼ ਨਾ ਹੋਵੇ। ਔਰਤ ਹੀ ਘਰ ਦੀ ਬੁਨਿਆਦ ਹੈ ਤੇ ਏਸੇ ਬੁਨਿਆਦ ਹੇਠ ਉਸਦੀਆਂ ਭਾਵਨਾਵਾਂ ਦਬ ਜਾਂਦੀਆਂ ਨੇ, ਪਰ ਉਹ ਉਫ ਤਕ ਨਹੀਂ ਕਰਦੀ। ਕਦੇ ਪਿਓ, ਕਦੇ ਭਰਾ, ਕਦੇ ਪਤੀ ਤੇ ਕਦੇ ਪੁੱਤਰਾਂ ਦੀ ਖਾਤਰ ਆਪਣੀਆਂ ਸੱਧਰਾਂ ਦਾ ਗਲਾ ਆਪਣੇ ਹੱਥੀਂ ਹੀ ਘੁੱਟ ਦਿੰਦੀ ਐ।ਪਰ ਇਹ ਵੀ ਸੱਚ ਹੈ ਕਿ ਆਪਣੀਆਂ ਸੱਧਰਾਂ ਤੇ ਖੁਸ਼ੀਆਂ ਨੂੰ ਆਪਣੇ ਹੀ ਪੈਰਾਂ ਹੇਠ ਕੁਚਲ ਦੇਣਾ ਔਰਤ ਦੀ ਕਮਜ਼ੋਰੀ ਨਹੀਂ, ਦਲੇਰੀ ਹੈ। ਇਸ ਦਲੇਰੀ ਨੂੰ ਵਿਖਾਉਂਦਿਆਂ ਜੇਕਰ ਕਦੇ ਉਹਦੇ ਆਤਮ ਸਨਮਾਨ ਨੂੰ ਸੱਟ ਵੱਜੇ ਤਾਂ ਉਹ ਚੰਡੀ ਦਾ ਰੂਪ ਵੀ ਧਾਰਨ ਕਰਦੀ ਹੈ। ਸੀਤਾ ਬਣਿਆ ਰਾਵਣ ਕਦ ਮਰਦੇ ਨੇ, ਦੁਰਗਾ ਬਣ ਕੇ ਹੀ ਦੈਂਤਾਂ ਦਾ ਨਾਸ਼ ਕਰਨਾ ਪੈਂਦਾ। ਮੇਰੀ ਜਾਚੇ ਰੱਬ ਦੀ ਸਰਵੋਤਮ ਰਚਨਾ ਔਰਤ ਹੀ ਹੈ, ਤੇ ਆਪ ਪਰਵਿਦਗਾਰ ਵੀ ਔਰਤ ਦਾ ਸਤਿਕਾਰ ਕਰਦਾ ਹੈ, ਔਰਤ ਦੁਨੀਆਂ ਦੀ ਅਣਮੁੱਲੀ ਸ਼ੈਅ ਹੈ, ਉਹ ਉੱਚੇ ਪਰਬਤ ਤੋਂ ਵੀ ਉੱਚੀ ਤੇ ਸੁੱਚੇ ਮੋਤੀ ਤੋਂ ਵੀ ਸੁੱਚੀ ਹੈ, ਸਾਗਰ ਤੋਂ ਵੀ ਡੂੰਘੀ, ਇਸਦੀ ਗਹਿਰਾਈ ਕੋਈ ਨਹੀਂ ਮਾਪ ਸਕਦਾ। ਇਸਦੇ ਬੋਲ ਅੰਮ੍ਰਿਤ ਵਰਗੇ ਮਿੱਠੇ ਨੇ, ਇਹ ਗੰਗਾ ਜਲ ਵਾਂਗ ਨਿਰਮਲ ਏ ਤੇ ਚੰਨ ਦੀਆਂ ਸ਼ਾਂਤਮਈ ਕਿਰਨਾਂ ਵਾਂਗ ਸ਼ਾਂਤ ਹੈ, ਇਸਦਾ ਹੌਂਸਲਾ ਹਿਮਾਲਾ ਤੋਂ ਵੀ ਵੱਡਾ ਏ, ਤੇ ਇਹ ਵਰਦਾਨ ਰੱਬ ਨੇ ਹੋਰ ਕਿਸੇ ਦੀ ਝੋਲੀ ਨਹੀਂ ਪਾਇਆ। ਇਸਦੀ ਨਿਮਰਤਾ ਤੋਂ ਕੋਈ ਇਹ ਅੰਦਾਜ਼ਾ ਨਾ ਲਗਾਵੇ ਕਿ ਉਹ ਕਮਜ਼ੋਰ ਜਾਂ ਡਰਪੋਕ ਹੈ, ਸਮਝਦਾਰ ਹੈ, ਇਸਨੂੰ ਪਤਾ ਹੈ ਕਿ ਚਿੱਕੜ ਚ ਵੱਟੇ ਮਾਰਿਆਂ ਛਿੱਟਾਂ ਆਪਣੇ ‘ਤੇ ਪੈਂਦੀਆਂ ਨੇ। ਇੱਥੇ ਇਹ ਕਹਿਣਾ ਮੁਨਾਸਿਬ ਹੋਵੇਗਾ ਕਿ ਜਿਸਨੂੰ ਨਾਨਕ ਪਾਤਸ਼ਾਹ ਨੇ ਵਡਿਆਇਆ ਹੋਵੇ, ਉਹ ਭਲਾ ਕਿਸੇ ਹੋਰ ਦੀ ਇੱਜਤ ਦੀ ਮੁਹਤਾਜ਼ ਕਿਓਂ ਹੋਵੇਗੀ? ਔਰਤ ਨੂੰ ਮੰਗਵੇਂ ਖੰਭਾਂ ‘ਤੇ ਉੱਡਣ ਦੀ ਆਦਤ ਨਹੀਂ ਹੁੰਦੀ, ਉਸਦੀ ਆਪਣੀ ਹੋਂਦ ਜਗ ਜਾਹਰ ਹੈ, ਉਹ ਹਰ ਤਰ੍ਹਾਂ ਦਾ ਸਫ਼ਰ ਆਪਣੇ ਪੈਰਾਂ ਨਾਲ ਤਹਿ ਕਰਦੀ ਆ, ਉਸਦੇ ਪੈਰ ਪੱਕੇ ਰਾਹਾਂ ‘ਤੇ ਤੁਰਦੇ ਨੇ, ਜਿੰਦਗੀ ਦਾ ਸਫ਼ਰ ਤਹਿ ਕਰਦੀ ਜਿਹੜੀਆਂ ਮੁਸ਼ਕਲਾਂ ਆਪਣੇ ਪੈਰਾਂ ਹੇਠ ਲਤਾੜ ਕੇ ਉਹ ਅੱਗੇ ਲੰਘ ਜਾਂਦੀ ਏ, ਉਸ ਨਾਲ ਹੀ ਇਸ ਸਮਾਜ ਦੀ ਸਿਹਤ ਨਰੋਈ ਰਹਿੰਦੀ ਏ, ਆਰਥਿਕ ਖੁਸ਼ਹਾਲੀ ਵੀ ਰਹਿੰਦੀ ਆ ਤੇ ਇਸ ਨਾਲ ਹੀ ਔਰਤ ਦਾ ਸਭ ਤੋਂ ਬਿਹਤਰ ਰੂਪ ਉਜਾਗਰ ਹੁੰਦਾ ਹੈ, ਜਿਸ ਨੂੰ ਵੇਖਣ ‘ਤੇ ਮਹਿਸੂਸ ਕਰਨ ਲਈ ਕਿਸੇ ਨੂੰ ਵੀ ਔਰਤ ਵਰਗੇ ਗੁਣ ਧਾਰਨ ਕਰਨੇ ਪੈਣਗੇ। ਬਹੁਤ ਘੱਟ ਮਰਦ ਔਰਤ ਨੂੰ ਉੱਚਾ ਦਰਜਾ ਦੇ ਕੇ ਨਿਵਾਜਦੇ ਨੇ, ਅਜਿਹੇ ਮਰਦਾਂ ਦੀ ਸੂਝਵਾਨ ਫਿਤਰਤ ਉਹਨਾਂ ਦੇ ਚਰਿੱਤਰ ਵਿੱਚੋਂ ਸਾਫ਼ ਨਜਰੀਂ ਪੈਂਦੀ ਹੈ, ਪਰ ਅਫਸੋਸ ਬਹੁ ਗਿਣਤੀ ਨਮਰਦਾਂ ਦੀ ਏ, ਜੋ ਔਰਤ ਨੂੰ ਆਪਣੇ ਪੈਰ ਦੀ ਜੁੱਤੀ ਸਮਝਦੇ ਨੇ, ਔਰਤ ਦਾ ਅਪਮਾਨ ਕਰਦੇ ਨੇ, ਅਜਿਹੇ ਲੋਕਾਂ ਅੰਦਰ ਲੱਗੀ ਸਿਉਂਕ ਦਾ ਇਲਾਜ ਕਰਨ ਦੀ ਲੋੜ ਹੈ। ਅਜਿਹੇ ਲੋਕ ਔਰਤ ਦਾ ਅਪਮਾਨ ਹੀ ਨਹੀਂ ਕਰਦੇ, ਸਗੋਂ ਆਪਣੇ ਹੱਥੀਂ ਆਪਣੇ ਘਰ ਦੀਆਂ ਨੀਹਾਂ ਖੋਖਲੀਆਂ ਕਰ ਲੈਂਦੇ ਨੇ, ਆਪਣੇ ਲਈ ਸਜ਼ਾ ਸਹੇੜ ਲੈਂਦੇ ਨੇ। ਜਿੰਦਗੀ ਸਭ ਨੂੰ ਮੌਕਾ ਦਿੰਦੀ ਆ ਉਚਾਈਆਂ ਛੂਹਣ ਦਾ, ਕਹਿੰਦੇ ਨੇ ਆਪਣੇ ਧਰਮ ਨੂੰ ਕਾਇਮ ਰੱਖੋ ਤੇ ਸੰਪੂਰਨ ਰੂਪ ‘ਚ ਕਾਇਮ ਰੱਖੋ, ਪਰ ਯਾਦ ਰੱਖੋ ਧਰਮ ਓਦੋਂ ਤੱਕ ਸੰਪੂਰਨ ਨਹੀਂ ਹੋਏਗਾ ਜਦੋਂ ਤੱਕ ਔਰਤ ਦਾ ਸਤਿਕਾਰ ਕਰਨਾ ਨਹੀਂ ਸਿੱਖਦੇ ਲੋਕ। ਔਰਤ ਦੇ ਸਤਿਕਾਰ ਬਿਨਾਂ ਧਰਮ ਦੀ ਸੰਪੂਰਨਤਾ ਦੀ ਕਲਪਨਾ ਕਰਨੀ ਨਿਰੀ ਮੂਰਖਤਾ ਹੈ। ਅਸੂਲਾਂ ਦੇ ਰਾਹ ‘ਤੇ ਚਲੋ ਤੇ ਇਹ ਰਾਹ ਔਰਤ ਦੇ ਸਤਿਕਾਰ ‘ਚੋਂ ਹੋਕੇ ਗੁਜ਼ਰਦਾ ਹੈ, ਜਦੋਂ ਵੀ ਕਿਸ ਨੇ ਬੇਅਸੂਲੀ ਦਾ ਰਸਤਾ ਚੁਣਿਆ ਉਸਨੇ ਆਪਣੀ ਤਬਾਹੀ ਦਾ ਰਸਤਾ ਆਪ ਹੀ ਚੁਣ ਲਿਆ। ਸੋ ਅਸੂਲਾਂ ਦਾ ਖਾਤਾ ਔਰਤ ਦੇ ਸਤਿਕਾਰ ਬਿਨਾਂ ਅਧੂਰਾ ਹੈ ਤੇ ਹਾਂ ਔਰਤ ਦਾ ਸਤਿਕਾਰ ਕਰਕੇ ਕੋਈ ਵੀ ਆਪਣੇ ਅੰਦਰ ਦੀ ਹਰ ਪ੍ਰਕਾਰ ਦੀ ਬੇਫਿਕਰੀ ਕਾਇਮ ਰੱਖ ਸਕਦਾ ਹੈ।
ਲੇਖਕ- ਜਸਪਾਲ ਕੌਰੇਆਣਾ
97808-52097,