ਮੋਹਾਲੀ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਵਿਗੜਣ ਦੀ ਖਬਰ ਸਾਹਮਣੇ ਆਈ। ਜਾਣਕਾਰੀ ਮੁਤਾਬਕ ਭਗਵੰਤ ਮਾਨ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਦਾਖ਼ਲ ਹਨ। ਉਨ੍ਹਾਂ ਦੀ ਸਿਹਤ ਨੂੰ ਲੈਕੇ ਹਸਪਤਾਲ ਦੇ ਕਾਰਡੀਓਲਾਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਫੋਰਟਿਸ ਹਸਪਤਾਲ ਮੁਹਾਲੀ ਦੇ ਕਾਰਡੀਓਲਾਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾ.ਆਰ.ਕੇ. ਜਸਵਾਲ ਨੇ ਦੱਸਿਆ ਹੈ ਕਿ ਅੱਜ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਲ ਨਾਲ ਸਬੰਧਤ ਕੁਝ ਟੈਸਟ ਕੀਤੇ, ਜਿਨ੍ਹਾਂ ਦੇ ਨਤੀਜਿਆਂ ਦੀ ਅਜੇ ਉਡੀਕ ਹੈ। ਮੁੱਖ ਮੰਤਰੀ ਦੀ ਪਲਮਨਰੀ ਆਰਟਰੀ ਵਿੱਚ ਦਬਾਅ ਵਧਣ ਕਾਰਨ ਉਨ੍ਹਾਂ ਦੇ ਦਿਲ ‘ਤੇ ਦਬਾਅ ਪੈ ਗਿਆ, ਜਿਸ ਕਾਰਨ ਬਲੱਡ ਪ੍ਰੈਸ਼ਰ ਅਨਿਯਮਿਤ ਹੋ ਗਿਆ। ਫਿਲਹਾਲ ਮੁੱਖ ਮੰਤਰੀ ਪੂਰੀ ਤਰ੍ਹਾਂ ਸਥਿਰ ਹਨ। ਦਿਲ ਦੇ ਟੈਸਟਾਂ ਅਤੇ ਜਾਂਚਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਡਾਕਟਰ ਅੱਗੇ ਦਾ ਫੈਸਲਾ ਕਰਨਗੇ । ਮੁੱਖ ਮੰਤਰੀ ਇਲਾਜ ਲਈ ਚੰਗਾ ਹੁੰਗਾਰਾ ਦੇ ਰਹੇ ਹਨ ਅਤੇ ਉਮੀਦ ਹੈ ਕਿ ਉਨ੍ਹਾਂ ਦੀ ਹਾਲਤ ਵਿੱਚ ਜਲਦੀ ਸੁਧਾਰ ਹੋਵੇਗਾ।