ਦਲਜੀਤ ਕੌਰ

ਸੁਨਾਮ ਊਧਮ ਸਿੰਘ ਵਾਲਾ, 12 ਦਸੰਬਰ, 2023: ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਦੀ ਦਹਾਕਿਆਂ ਤੋਂ ਲਟਕਦੀ ਆ ਰਹੀ ਸਮੱਸਿਆ ਦੇ ਪੱਕੇ ਹੱਲ ਲਈ ਰੇਲਵੇ ਸਟੇਸ਼ਨ ਤੋਂ ਮਾਲ ਗੁਦਾਮ ਵਾਲੀ ਸੜਕ ਨੂੰ ਚੌੜਾ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ 850 ਫੁੱਟ ਲੰਬਾਈ ਵਾਲੀ ਇਸ ਸੜਕ ਨੂੰ 10 ਫੁੱਟ ਅਤੇ ਇੰਦਰਾ ਬਸਤੀ ਵਾਲੇ ਪਾਸੇ 2500 ਫੁੱਟ ਸੜਕ ਨੂੰ ਵੀ 10 ਫੁੱਟ ਚੌੜਾ ਕਰਨ ‘ਤੇ 2 ਕਰੋੜ 41 ਲੱਖ ਰੁਪਏ ਖ਼ਰਚੇ ਜਾਣਗੇ ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਨੂੰ ਪੂਰਾ ਤਰ੍ਹਾਂ ਹੱਲ ਕਰਨ ਵਿੱਚ ਵੱਡੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ਦੀ ਲੀਜ਼ ਵਜੋਂ ਰੇਲਵੇ ਨੂੰ ਤਕਰੀਬਨ 76 ਲੱਖ ਰੁਪਏ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਪੂਰੇ ਪ੍ਰੋਜੈਕਟ ਉੱਪਰ 3 ਕਰੋੜ 17 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਨੂੰ ਆਉਣ ਵਾਲੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ।ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਜਿਹੜੇ ਵਾਅਦੇ ਉਨ੍ਹਾਂ ਵੱਲੋਂ ਹਲਕਾ ਵਾਸੀਆਂ ਨਾਲ ਕੀਤੇ ਗਏ ਸਨ, ਹੁਣ ੳਨ੍ਹਾਂ ਸਾਰਿਆਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਸ਼ਹਿਰ ਦੀ ਵੱਕਾਰੀ ਸੰਸਥਾ ਸ਼ਹੀਦ ਊਧਮ ਸਿੰਘ ਆਈ.ਟੀ.ਆਈ. ਦਾ ਨਵੀਨੀਕਰਨ ਹੋਵੇ ਜਾਂ ਟ੍ਰੈਫਿਕ ਦੀ ਸਮੱਸਿਆ ਦਾ ਹੱਲ, ਇਹ ਸਾਰੇ ਕੰਮ ਲੋਕਾਂ ਦੀ ਮੰਗ ਅਨੁਸਾਰ ਪੂਰੇ ਕਰਵਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰੇਲਵੇ ਲਾਈਨ ਦੇ ਦੋਵੇਂ ਪਾਸੇ ਸੜਕ ਚੌੜੀ ਕਰਨ ਦਾ ਪ੍ਰੋਜੈਕਟ ਪਿਛਲੀਆਂ ਸਰਕਾਰਾਂ ਨੇ ਅਣਗੌਲਿਆ ਹੋਇਆ ਸੀ ਜਿਸਨੂੰ ਹੁਣ ਉਨ੍ਹਾਂ ਵੱਲੋਂ ਖੁਦ ਆਪਣੀ ਦੇਖਰੇਖ ਹੇਠ ਪੂਰਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਜਤਿੰਦਰ ਜੈਨ ਸਮੇਤ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ।ਇਸ ਮੌਕੇ ਸ਼ਹੀਦ ਊਧਮ ਸਿੰਘ ਤਿਕੋਣੀ ਕੱਪੜਾ ਮਾਰਕਿਟ ਐਸੋਸੀਏਸ਼ਨ, ਰੇਲਵੇ ਰੋਡ ਮਾਲ ਗੁਦਾਮ ਮਾਰਕਿਟ ਐਸੋਸੀਏਸ਼ਨ, ਪੁਰਾਣੀ ਅਨਾਜ ਮੰਡੀ ਦੀਆਂ ਦੋਵੇਂ ਐਸੋਸੀਏਸ਼ਨਾਂ, ਵਪਾਰ ਮੰਡਲ ਸੁਨਾਮ ਊਧਮ ਸਿੰਘ ਵਾਲਾ, ਸੀਨੀਅਰ ਸਿਟੀਜਨ ਐਸੋਸੀਏਸ਼ਨ, ਬੱਸ ਸਟੈਂਡ-ਰੇਲਵੇ ਰੋਡ ਮਾਰਕਿਟ ਐਸੋਸੀਏਸ਼ਨ ਸਮੇਤ ਹੋਰਨਾਂ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਵੱਲੋਂ ਸੜਕ ਚੌੜੀ ਕਰਵਾਉਣ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਉਨ੍ਹਾਂ ਦਾ ਸਨਮਾਨ ਵੀ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਈ.ਓ. ਬਾਲਕ੍ਰਿਸ਼ਨ, ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਜਤਿੰਦਰ ਜੈਨ, ਮੀਤ ਪ੍ਰਧਾਨ ਆਸ਼ਾ ਬਜਾਜ, ਚੇਅਰਮੈਨ ਮੁਕੇਸ਼ ਜੁਨੇਜਾ, ਰਵੀ ਕਮਲ ਗੋਇਲ, ਬਲਾਕ ਪ੍ਰਧਾਨ ਸੰਜੀਵ ਜਿੰਦਲ, ਸਾਰੇ ਐਮ.ਸੀ. ਸਾਹਿਬਾਨ, ਅਮਰੀਕ ਸਿੰਘ ਧਾਲੀਵਾਲ, ਨਰਿੰਦਰ ਠੇਕੇਦਾਰ, ਸੁਭਾਸ਼ ਤਨੇਜਾ, ਘਨ੍ਹਈਆ ਲਾਲ, ਰਾਮ ਭਟਾਲੀਆ, ਬੱਸ ਸਟੈਂਡ ਤੋਂ ਬਿੱਟੂ ਤਲਵਾੜ, ਰੇਲਵੇ ਰੋਡ ਤੋਂ ਸਤੀਸ਼ ਕੁਮਾਰ, ਤਿਕੋਨੀ ਮਾਰਕਿਟ ਤੋਂ ਸੰਜੇ ਮਦਾਨ, ਮਾਲ ਗੁਦਾਮ ਚੌਕ ਤੋਂ ਡਾ. ਬਲਵਿੰਦਰ ਬਾਂਸਲ, ਪੁਰਾਣੀ ਅਨਾਜ ਮੰਡੀ ਤੋਂ ਸੰਦੀਪ ਜੈਨ, ਪਵਨ ਗੁੱਜਰਾਂ, ਚੰਦਰ ਪ੍ਰਕਾਸ਼, ਮਨਪ੍ਰੀਤ ਬਾਂਸਲ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਤੇ ਸ਼ਹਿਰ ਵਾਸੀ ਹਾਜ਼ਰ ਸਨ।