ਦਲਜੀਤ ਕੌਰ ਸੰਗਰੂਰ, 12 ਦਸੰਬਰ, 2023:

ਆਪਦਾ ਮਿੱਤਰ ਯੋਜਨਾ ਤਹਿਤ ਐਨ.ਡੀ.ਐਮ.ਏ, ਐਸ.ਡੀ.ਐਮ.ਏ, ਡੀ .ਡੀ. ਐਮ .ਏ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਨਿਸਟਰੇਸ਼ਨ ਚੰਡੀਗੜ੍ਹ ਦੁਆਰਾ ਡਾ. ਯੋਗ ਸਿੰਘ ਭਾਟੀਆ ਦੀ ਅਗਵਾਈ ਅਧੀਨ ਆਪਦਾ ਪ੍ਰਬੰਧਨ ਵਿੱਚ ਮੁਹਾਰਤ ਹਾਸਲ ਟੀਮ ਵੱਲੋਂ 12 ਰੋਜ਼ਾ ਸਿਖਲਾਈ ਕੈਂਪ ਜਾਰੀ ਹੈ। ਅੱਜ ਟੀਮ ਨੇ ਵਲੰਟੀਅਰਾਂ ਨੂੰ ਅੱਗ ਲੱਗਣ ਦੀ ਸਥਿਤੀ ਨਾਲ ਨਜਿੱਠਣ ਵਿੱਚ ਮਾਹਿਰ ਸਿੱਖਿਅਕਾਂ ਦੁਆਰਾ ਅੱਗ ਤੋਂ ਬਚਾਓ ਦੀਆਂ ਤਕਨੀਕਾਂ ਅਤੇ ਜੋਖ਼ਮ ਨੂੰ ਘਟਾਉਣ ਲਈ ਵਰਤੀਆਂ ਜਾਣ ਵਾਲੀਆਂ ਤਕਨੀਕਾਂ ਬਾਰੇ ਦੱਸਿਆ ਗਿਆ। ਇਸ ਦੇ ਨਾਲ ਹੀ ਅੱਗ ਬੁਝਾਉਣ ਵਿੱਚ ਮੁਹਾਰਤ ਹਾਸਲ ਟੀਮ ਵੱਲੋਂ ਅੱਗ ਬੁਝਾਊ ਯੰਤਰਾਂ ਦੇ ਨਾਲ ਵਲੰਟੀਅਰਾਂ ਨੂੰ ਪ੍ਰੈਕਟੀਕਲ ਕਰ ਕੇ ਹਰ ਆਫ਼ਤ ਨਾਲ ਨਜਿੱਠਣ ਦੀ ਸਿਖਲਾਈ ਦਿੱਤੀ ਜਿਸ ਵਿੱਚ ਵਲੰਟੀਅਰਾਂ ਨੂੰ ਅਕਾਦਮਿਕ ਸੈਸ਼ਨ ਦੇ ਨਾਲ -ਨਾਲ ਸਰੀਰਕ ਗਤੀਵਿਧੀਆਂ ਦੁਆਰਾ ਅਤੇ ਡੈਮੋਨਸਟਰੇਸ਼ਨ ਦੁਆਰਾ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਵਲੰਟੀਅਰਾਂ ਤੋਂ ਪ੍ਰੈਕਟੀਕਲ ਵੀ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਵਲੰਟੀਅਰਾਂ ਨੂੰ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਘਟਣ ਦੀ ਸਥਿਤੀ ਨੂੰ ਦੇਖਦੇ ਹੋਏ ਸੋਕੇ ਦੀ ਸਥਿਤੀ ਨਾਲ ਨਜਿੱਠਣ, ਪਾਣੀ ਦੀ ਬੱਚਤ ਕਰਨ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਦੁਰਘਟਨਾ ਕਾਰਨ ਲੱਗਣ ਵਾਲੀਆਂ ਸੱਟਾਂ, ਗੁੰਮ ਸੱਟਾਂ, ਅੰਗਾਂ ਦੇ ਕੱਟ ਕੇ ਅਲੱਗ ਹੋਣ ਅਤੇ ਕਿਸੇ ਵੀ ਤੇਜ਼ਧਾਰ ਜਾਂ ਨੁਕੀਲੀ ਚੀਜ਼ ਦੇ ਖੁੰਭਣ ਕਾਰਨ ਦਿੱਤੀ ਜਾਂਦੀ ਮੁੱਢਲੀ ਸਹਾਇਤਾ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ ਨਾਲ ਹੀ ਸੀ.ਪੀ.ਆਰ ਦੇਣ ਦੀ ਤਕਨੀਕ ਦੀ ਸਿਖਲਾਈ ਦੇ ਨਾਲ-ਨਾਲ ਵਲੰਟੀਅਰਾਂ ਤੋ ਸੀ.ਪੀ.ਆਰ ਦੇਣ ਦਾ ਅਭਿਆਸ ਕਰਵਾਇਆ ਗਿਆ।