ਕਿਸਾਨੀ ਮੰਗਾਂ ਦੀ ਪੂਰਤੀ ਲਈ ਵੱਡੇ ਸੰਘਰਸ਼ਾਂ ਹਿਤ ਦਿੱਲੀ ਅੰਦੋਲਨ ਵਾਂਗ ਤਿਆਰ ਰਹਿਣ ਦਾ ਸੱਦਾ

ਦਲਜੀਤ ਕੌਰ
ਲੁਧਿਆਣਾ, 12 ਦਸੰਬਰ, 2023: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਮਲੋਦ ਦੀ ਜਨਰਲ ਮੀਟਿੰਗ ਪਿੰਡ ਸੋਮਲਖੇੜੀ ਵਿੱਚ ਕਿਸਾਨ ਆਗੂ ਮਨਪਰੀਤ ਸਿੰਘ ਸੋਮਲ ਖੇੜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਤਿੰਨ ਦਿਨਾਂ ਚੰਡੀਗੜ੍ਹ ਕਿਸਾਨ ਮੋਰਚੇ ਦੀ ਸਮੀਖਿਆ ਕੀਤੀ ਗਈ। ਕਿਸਾਨ ਆਗੂਆਂ ਵਲੋਂ ਮੋਰਚੇ ਵਿੱਚ ਜਥੇਬੰਦੀ ਦੀ ਸਮੂਲੀਅਤ ਉਪਰ ਤਸੱਲੀ ਪ੍ਰਗਟ ਕੀਤੀ ਗਈ। ਮਜ਼ਦੂਰ ਆਗੂ ਕਾਮਰੇਡ ਭਗਵਾਨ ਸਿੰਘ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਸਮੇਂ ਜਥੇਬੰਦੀ ਦੇ ਸੱਦੇ ਤੇ ਪੰਹੁਚੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੇਸ਼ ਦੂਨੀਆਂ ਦੇ ਮੋਜੂਦਾ ਹਾਲਾਤ ਦੀ ਚਰਚਾ ਕਰਦਿਆਂ ਜਿੱਥੇ ਮੋਦੀ ਹਕੂਮਤ ਦੀਆਂ ਕਿਸਾਨ ਤੇ ਮਜਦੂਰ ਵਿਰੋਧੀ ਕਾਰਪੋਰੇਟ ਪੱਖੀ ਨੀਤੀਆਂ ਤੇ ਚਾਨਣਾ ਪਾਇਆ ਉਥੇ ਦੂਨੀਆਂ ਦੇ ਕਿਰਤੀ ਲੋਕਾਂ ਦੇ ਸਭ ਤੋਂ ਵਡੇ ਦੁਸ਼ਮਣ ਅਮਰੀਕਨ ਸਾਮਰਾਜ ਵਲੋਂ ਇਜਰਾਈਲ ਰਾਹੀਂ ਫਲੀਸਤੀਨੀ ਲੋਕਾਂ ਤੇ ਢਾਹੇ ਜਾ ਰਹੇ ਜਬਰ, ਕਤਲੇਆਮ, ਨਸਲਕੁਸ਼ੀ ਖਿਲਾਫ ਆਵਾਜ ਉਠਾਉਣ ਦਾ ਸੱਦਾ ਦਿੱਤਾ। ਮੋਦੀ ਦੀ ਤਿੰਨ ਰਾਜਾਂ ਚ ਜਿੱਤ ਦੇ ਮਾਇਨੇ ਦੇਸ਼ ਚ ਹਿੰਦੁਤਵ ਦੀ ਮਜਬੂਤੀ ਅਤੇ ਕਸ਼ਮੀਰ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਕਿਰਤੀ ਵਰਗ ਲਈ ਵੱਡੀ ਚੁਣੋਤੀ ਕਰਾਰ ਦਿੱਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਕੇਂਦਰ ਦੇ ਪੈਰ ਵਿੱਚ ਪੈਰ ਧਰਨ ਦੀ ਆਦੀ ਹੈ | ਉਹਨਾਂ ਕਿਹਾ ਕਿ ਭਾਵੇਂ ਕਿਸਾਨ ਜਥੇਬੰਦੀਆਂ ਨੇ ਖੇਤੀ ਬਿਲਾਂ ਨੂੰ ਰੱਦ ਕਰਵਾ ਕੇ ਵੱਡੀ ਜਿੱਤ ਦਰਜ ਕੀਤੀ ਹੈ ਪਰ ਫਿਰ ਵੀ ਕੇਂਦਰ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਉਹਨਾਂ ਖੇਤੀ ਨੀਤੀਆਂ ਨੂੰ ਲਾਗੂ ਕਰਨ ਉਪਰ ਤੁਲੀ ਹੋਈ ਹੈ। ਬਿਜਲੀ ਬਿੱਲ 2020 ਨੂੰ ਅਸਿੱਧੇ ਢੰਗ ਨਾਲ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਅਤੇ ਧੜਾਧੜ ਚਿੱਪ ਵਾਲੇ ਮੀਟਰ ਘਰਾਂ ਵਿੱਚ ਲਗਾਏ ਜਾ ਰਹੇ ਹਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਤੋਂ ਇਨਾਂ ਮੀਟਰਾਂ ਨੂੰ ਪੱਟ ਕੇ ਦਫਤਰਾਂ ਵਿੱਚ ਜਮਾਂ ਕਰਵਾਏ ਜਾਣ ਦਾ ਅਤੇ ਪਰਾਲੀ ਦੇ ਜੁਰਮਾਨੇ ਉਗਰਾਹੁਣ ਤੋਂ ਰੋਕਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਜ਼ਿਲ੍ਹਾ ਕਮੇਟੀ ਮੈਂਬਰ ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ ਚੰਡੀਗੜ੍ਹ ਕਿਸਾਨ ਮੋਰਚੇ ਵਿੱਚ ਕਿਸਾਨਾਂ ਦੀ ਵੱਡੀ ਸਮੂਲੀਅਤ ਨੇ ਦਰਸਾ ਦਿੱਤਾ ਹੈ ਕਿ ਲੋਕ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਸੰਘਰਸ਼ ਲੜਨ ਵਿੱਚ ਯਕੀਨ ਰੱਖਦੇ ਹਨ। ਚੰਡੀਗੜ੍ਹ ਮੋਰਚੇ ਵਿੱਚ ਕਿਸਾਨਾਂ ਦੀ ਵੱਡੀ ਗਿਣਤੀ ਨੇ ਭਗਵੰਤ ਮਾਨ ਦੀ ਬੇਲਗਾਮ ਹੋਈ ਜਬਾਨ ਉੱਪਰ ਤਾਲਾ ਜੜ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਵਕਤ ਕੇਂਦਰ ਦੇ ਇਕ ਏਜੰਟ ਵਜੋਂ ਪੰਜਾਬ ਵਿੱਚ ਕੰਮ ਕਰ ਰਹੀ ਹੈ ਅਤੇ ਪੰਜਾਬ ਵਿੱਚ ਨਸ਼ਾ ਅਤੇ ਹੋਰ ਲੁੱਟ ਖੋਹ ਦੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਹੈ। ਪੰਜਾਬ ਸਰਕਾਰ ਦੂਜੇ ਸੂਬਿਆਂ ਦੀਆਂ ਚੋਣਾਂ ਵਿੱਚ ਖਜ਼ਾਨੇ ਦੇ ਕਰੋੜਾਂ ਰੁਪਏ ਉਡਾ ਰਹੀ ਹੈ,ਪਰ ਪੰਜਾਬ ਦੇ ਲੋਕਾਂ ਉਪਰ ਮਹਿਗਾਈ ਦਾ ਬੋਝ ਪਾ ਕੇ ਖਜਾਨੇ ਦੀ ਭਰਪਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹਾ ਦੇ ਪਿੰਡ ਕੁਲਰੀਆਂ ‘ਚ ਗੁੰਡਿਆਂ ਵੱਲੋਂ ਆਬਾਦਕਾਰਾਂ ਤੇ ਜਬਰ ਦੇ ਮਸਲੇ ਤੇ ਇਨਸਾਫ਼ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 15 ਦਸੰਬਰ ਤੋਂ ਡੀ ਐੱਸ ਪੀ ਬੁਢਲਾਡਾ ਦੇ ਦਫ਼ਤਰ ਮੂਹਰੇ ਪੱਕਾ ਮੋਰਚਾ ਲਗਾਇਆ ਜਾ ਰਿਹਾ ਹੈ। ਇਸ ਮੋਰਚੇ ਵਿੱਚ ਜ਼ਿਲਾ ਲੁਧਿਆਣਾ ਵੱਲੋਂ 18 ਦਿਸੰਬਰ ਨੂੰ ਸਮੂਲੀਅਤ ਕੀਤੀ ਜਾਵੇਗੀ। ਇਸ ਲਈ ਪਿੰਡਾਂ ਵਿੱਚ ਤਿਆਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਮੀਟਿੰਗ ਵਿੱਚ ਮੈਂਬਰਸ਼ਿਪ ਭਰਤੀ ਅਤੇ ਪਿੰਡਾਂ ਵਿੱਚ ਨਵੀਆਂ ਇਕਾਈਆਂ ਬਣਾਉਣ ਉੱਪਰ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਮੀਟਿੰਗ ਵਿੱਚ ਬਲਾਕ ਪ੍ਰਧਾਨ ਕੈਪਟਨ ਗੁਰਦੀਪ ਸਿੰਘ ਨੇ ਸਾਰੇ ਪਿੰਡਾਂ ਤੋਂ ਪੰਹੁਚੇ ਕਿਸਾਨਾਂ ਮਜਦੂਰਾਂ ਦਾ ਬਲਾਕ ਕਮੇਟੀ ਵਲੋ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਤਰਨਜੀਤ ਕੂਹਲੀ ਜ਼ਿਲ੍ਹਾ ਮੀਤ ਪ੍ਰਧਾਨ ਨੇ ਚਲਾਇਆ।