ਪ੍ਰਸਿੱਧ ਲੇਖਕ ਗੁਰਚਰਨ ਸੱਗੂ ਵੱਲੋਂ ਕਰਵਾਇਆ ਗਿਆ ਵਿਸ਼ੇਸ਼ ਸਮਾਗਮ


ਹੇਜ਼, ਲੰਡਨ (ਗੁਰਮੇਲ ਕੌਰ ਸੰਘਾ) ਪ੍ਰਸਿੱਧ ਗ਼ਜ਼ਲਗੋ ਗੁਰਦਿਆਲ ਰੌਸ਼ਨ ਜੀ ਦੀ ਇੰਗਲੈਂਡ ਫੇਰੀ ਮੌਕੇ ਲੰਡਨ ਦੇ ਪਿੰਡ ਹੋਰਨਚਰਚ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮਸ਼ਹੂਰ ਲੇਖਕ ਅਤੇ ਅਦਾਕਾਰ ਗੁਰਚਰਨ ਸੱਗੂ ਅਤੇ ਉਨ੍ਹਾਂ ਦੀ ਸੁਪਤਨੀ ਰਾਣੀ ਸੱਗੂ ਵੱਲੋਂ ਆਪਣੇ ਸ਼ਾਨਦਾਰ ਵਿੱਚ ਉਨ੍ਹਾਂ ਦੇ ਮਾਣ ਸਨਮਾਨ ਵਿੱਚ ਇੱਕ ਖ਼ਾਸ ਪਰਿਵਾਰਿਕ ਸਾਹਿਤਕ ਮਹਿਫ਼ਿਲ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਗੁਰਚਰਨ ਸੱਗੂ ਜੀ ਦੇ ਵਿਸ਼ੇਸ਼ ਸੱਦੇ ਉੱਤੇ ਕੁਝ ਲੇਖਕ, ਗਾਇਕ ਅਤੇ ਹੋਰ ਪਤਵੰਤੇ ਸੱਜਣ ਵੀ ਪਹੁੰਚੇ। ਜਿਨ੍ਹਾਂ ਵਿੱਚੋਂ ਖ਼ਾਸ ਪ੍ਰਕਾਸ਼ ਸੋਹਲ ਅਤੇ ਉਨ੍ਹਾਂ ਦੀ ਸੁਪਤਨੀ, ਦਰਸ਼ਣ ਬੁਲੰਦਵੀ ਅਤੇ ਉਨ੍ਹਾਂ ਦੀ ਸੁਪਤਨੀ, ਰੂਪ ਦਵਿੰਦਰ ਕੌਰ ਨਾਹਿਲ, ਗੁਰਮੇਲ ਕੌਰ ਸੰਘਾ, ਕੁਲਵੰਤ ਢਿੱਲੋਂ, ਰਜਿੰਦਰ ਕੌਰ ਅਤੇ ਉਨ੍ਹਾਂ ਦੀ ਬੇਟੀ, ਮਨਜੀਤ ਪੱਡਾ, ਅਜ਼ੀਮ ਸ਼ੇਖ਼ਰ, ਰਾਏਬਰਿੰਦਰ ਅਦੀਬ, ਡਾ. ਸੁਨੀਲ ਸੱਜਲ, ਪ੍ਰਵੀਨ ਕੌਰ, ਸ਼ਗੁਫ਼ਤਾ ਗਿੰਮੀਂ, ਸ਼ਹਿਜ਼ਾਦ ਲੋਧੀ ਦੇ ਨਾਂ ਵਰਨਣਯੋਗ ਹਨ। ਰਚਨਾਵਾਂ ਸਾਂਝੀਆਂ ਕਰਨ ਦੇ ਨਾਲ-ਨਾਲ ਗੁਰਦਿਆਲ ਰੌਸ਼ਨ ਜੀ ਕੋਲ਼ੋਂ ਗ਼ਜ਼ਲ ਲਿਖਣ ਬਾਰੇ ਜਾਣਕਾਰੀ ਵੀ ਹਾਸਿਲ ਕੀਤੀ ਗਈ, ਜੋ ਬਹੁਤ ਲਾਹੇਵੰਦ ਰਹੀ। ਸਾਹਿਤਿਕ ਮਹਿਫ਼ਿਲ ਦੌਰਾਨ ਚਾਹ-ਪਾਣੀ ਦੀ ਸੇਵਾ ਵੀ ਚੱਲਦੀ ਰਹੀ। ਅੰਤ ਵਿੱਚ ਰਾਤ ਦੇ ਖ਼ਾਣੇ ਦਾ ਪ੍ਰਬੰਧ ਵੀ ਬਹੁਤ ਵਧੀਆ ਕੀਤਾ ਗਿਆ ਜਿਸ ਨੂੰ ਉਨ੍ਹਾਂ ਦੀਆਂ ਦੋਹਾਂ ਧੀਆਂ ਵੱਲੋਂ ਬਾਖ਼ੂਬੀ ਨਿਭਾਇਆ ਗਿਆ। ਗੁਰਦਿਆਲ ਰੌਸ਼ਨ ਜੀ ਨਾਲ ਇਹ ਮਿਲਣੀ ਬਹੁਤ ਹੀ ਲਾਹੇਵੰਦ ਹੋ ਨਿਬੜੀ।
