
ਬਰਾਈਟਨ (ਮਨਦੀਪ ਖੁਰਮੀ ਹਿੰਮਤਪੁਰਾ) ਅਣਵੰਡੇ ਭਾਰਤ ਸਮੇਂ ਪਹਿਲੀ ਵਿਸ਼ਵ ਜੰਗ ਵਿੱਚ ਭਾਰਤੀ ਸੈਨਿਕਾਂ ਦੀਆਂ ਸੇਵਾਵਾਂ ਲਾਸਾਨੀ ਸਨ। ਬਹਾਦਰੀ ਤੇ ਹੌਸਲੇ ਦੇ ਪ੍ਰਤੀਕ ਬਣ ਕੇ ਭਾਰਤੀ ਸਿਪਾਹੀਆਂ ਨੇ ਜਾਨ ਹੂਲਵੀਂ ਲੜਾਈ ਲੜੀ। ਉਹਨਾਂ 12000 ਦੇ ਲਗਭਗ ਸੈਨਿਕਾਂ ਨੂੰ ਪੱਛਮੀ ਮੁਹਾਜ ਤਰਫੋਂ ਬਰਾਈਟਨ ਵਿਖੇ ਲਿਆਂਦਾ ਗਿਆ ਸੀ ਤਾਂ ਕਿ ਜ਼ਖਮੀਆਂ ਦੀ ਮੱਲ੍ਹਮ ਪੱਟੀ ਕੀਤੀ ਜਾ ਸਕੇ ਤੇ ਆਰਾਮ ਕੀਤਾ ਜਾ ਸਕੇ। ਇਸ ਜੰਗ ਦੌਰਾਨ ਸ਼ਹਾਦਤ ਪ੍ਰਾਪਤ ਕਰਨ ਵਾਲੇ ਸੈਨਿਕਾਂ ਨੂੰ ਬਰਾਈਟਨ ਵਿਖੇ ਹੀ ਦਫਨਾਇਆ ਗਿਆ ਸੀ। ਉਹਨਾਂ ਦੀ ਯਾਦ ਵਿੱਚ ਛਤਰੀ ਮੈਮੋਰੀਅਲ ਗਰੁੱਪ ਵੱਲੋਂ ਹਰ ਸਾਲ ਯਾਦਗਾਰੀ ਸਮਾਗਮ ਕੀਤਾ ਜਾਂਦਾ ਹੈ। ਬੀਤੇ ਦਿਨੀਂ ਵੀ ਛਤਰੀ ਦਿਵਸ ਮਨਾਉਣ ਹਿਤ ਹੋਏ ਵਿਸ਼ਾਲ ਸਮਾਗਮ ਦੌਰਾਨ ਯੂਕੇ ਭਰ ਵਿੱਚੋਂ ਸਿੱਖ ਸੰਗਤਾਂ ਨੇ ਹਿੱਸਾ ਲਿਆ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਆਜਾਦੀ ਘੁਲਾਟੀਏ ਪਰਿਵਾਰ ਨਾਲ ਸੰਬੰਧਤ ਤੇ ਯੂਕੇ ਵਿੱਚ ਆਮ ਆਦਮੀ ਪਾਰਟੀ ਦੇ ਜੁਝਾਰੂ ਸਿਪਾਹੀ ਵਜੋਂ ਵਿਚਰ ਰਹੇ ਮਨਜੀਤ ਸਿੰਘ ਸ਼ਾਲਾਪੁਰੀ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ‘ਪੰਜ ਦਰਿਆ’ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਵੀ ਉਹਨਾਂ ਨੂੰ ਸਹੀ ਮਾਅਨਿਆਂ ਵਿੱਚ ਸ਼ਰਧਾਂਜ਼ਲੀ ਦੇਣਾ ਹੈ।