24 ਮੰਤਰੀ ਮੰਡਲ ਨਾਲ ਸਜੀ ਇਟਲੀ ਦੀ ਨਵੀਂ ਸਰਕਾਰ ਲੋਕਾਂ ਦੀ ਸੇਵਾ ਲਈ ਮੈਦਾਨ ਵਿੱਚ

ਮਿਲਾਨ (ਦਲਜੀਤ ਮੱਕੜ) 25 ਸਤੰਬਰ ਨੂੰ ਲੋਕਾਂ ਵੱਲੋਂ ਇਟਲੀ ਦੇ ਸੱਜੇਪੱਖੀ ਸਿਆਸੀ ਗੱਠਜੋੜ ਨੂੰ ਦਿੱਤੇ ਜਿੱਤ ਦੇ ਫ਼ਤਵੇਂ ਨਾਲ ਨਵਾਂ ਇਤਿਹਾਸ ਸਿਰਜਿਆ ਗਿਆ ਤੇ ਕਰੀਬ ਇੱਕ ਮਹੀਨੇ ਦੇ ਰੇੜਕੇ ਤੋਂ ਬਆਦ ਅੱਜ ਇਟਲੀ ਦੇ 24 ਮੰਤਰੀ ਮੰਡਲ ਨਾਲ ਸਜੀ ਨਵੀਂ ਸਰਕਾਰ ਦੇ ਮੰਤਰੀਆਂ ਨੇ ਦੇਸ਼ ਦੀ ਵਾਂਗਡੋਰ ਸਾਂਭਣ ਲਈ ਸਹੁੰ ਚੁੱਕ ਲਈ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਦੇ ਤਖਤ ਉਪੱਰ ਬਿਰਾਜਣ ਦਾ ਮਾਣ ਦੇਸ਼ ਦੀ ਸਭ ਤੋਂ ਸ਼ਕਤੀਸਾਲੀ ਮਹਿਲਾ ਮੈਡਮ ਜੋਰਜੀਆ ਮੇਲੋਨੀ (45) ਨੂੰ ਮਿਲਿਆ ਹੈ।ਦੂਜੀ ਵਿਸ਼ਵ ਜੰਗ ਤੋਂ ਬਆਦ ਦੇਸ਼ ਦੇ ਪ੍ਰਧਾਨ ਮੰਤਰੀ ਪਦ ਉਪੱਰ ਬਿਰਾਜਮਾਨ ਹੋਣ ਵਾਲੀ ਜੋਰਜੀਆ ਮੇਲੋਨੀ ਪਹਿਲੀ ਮਹਿਲਾ ਹੈ ਜਿਹੜੀ ਕਿ ਆਪਣੀ ਸਿਾਅਸੀ ਪਾਰਟੀ ਫਰਤੇਲੀ ਦ ਇਤਾਲੀਆ ਦੀ ਵੀ ਪਹਿਲੀ ਮਹਿਲਾ ਹੈ ਜਿਹੜੀ ਕਿ ਪ੍ਰਧਾਨ ਮੰਤਰੀ ਬਣੀ ਹੈ।ਗੌਰਤਲਬ ਹੈ ਕਿ ਕਰੋਨਾ ਮਹਾਂਮਾਰੀ ਤੋਂ ਬਾਅਦ ਕਾਫੀ ਜਿਆਦਾ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਇਟਲੀ ਵਿੱਚ ਰਾਜਨੀਤਿਕ ਹਾਲਾਤ ਕਾਫੀ ਵਿਗੜਦੇ ਗਏ, ਰਾਜਨੀਤਿਕ ਸੰਕਟ ਦੇ ਚੱਲਦਿਆ ਕੋਰੋਨਾ ਮਹਾਂਮਾਰੀ ਤੋਂ ਬਾਅਦ ਹੀ ਦੋ ਸਾਲਾਂ ਦੇ ਵਕਫੇ ਵਿੱਚ ਹੁਣ ਤੱਕ ਇਟਲੀ ਵਿੱਚ 2 ਪ੍ਰਧਾਨ ਮੰਤਰੀਆ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। 15 ਜੁਲਾਈ ਨੂੰ ਮਾਰੀੳ ਦਰਾਗੀ ਦੁਆਰਾ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਟਲੀ ਦੇ ਰਾਸ਼ਟਰਪਤੀ ਸਰਜੀੳ ਮਤਰੈਲਾ ਦੁਆਰਾ ਦੇਸ਼ ਵਿੱਚ ਨਵੀਆ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਜੋ ਕਿ 25 ਸਤੰਬਰ ਨੂੰ ਨੇਪੜੇ ਚੜੀਆ ਸਨ। ਜਿਸ ਵਿੱਚ ਇਟਲੀ ਦੇ ਲੋਕਾਂ ਨੇ ਸਭ ਤੋਂ ਵੱਧ ਵੋਟਾਂ ਇਟਲੀ ਦੇ ਭਰਾਵਾਂ ਦੀ ਪਾਰਟੀ ‘ਫਰਤੇਲੀ ਦਿ ਇਟਾਲੀਆ’ ਨੂੰ 26.1 ਫ਼ੀਸਦੀ ਦੇ ਕੇ ਨਿਵਾਜਿਆ ਹੈ, ਜਦੋਂ ਕਿ ਪੀ.ਡੀ. ਨੂੰ 19.0 ਫ਼ੀਸਦੀ, 5 ਤਾਰਾ ਨੂੰ 15.5 ਫ਼ੀਸਦੀ, ਲੇਗਾ ਨੂੰ 8.9 ਫ਼ੀਸਦੀ, ਐੱਫ਼.ਆਈ. ਨੂੰ 8.3 ਫ਼ੀਸਦੀ ਤੇ ਹੋਰ ਨੂੰ 7.7 ਫ਼ੀਸਦੀ ਵੋਟਾਂ ਮਿਲੀਆਂ ਸਨ। ਤਕਰੀਬਨ 1 ਮਹੀਨੇ ਦੇ ਵਕਫੇ ਬਾਅਦ ਇਟਲੀ ਵਿੱਚ ਅੱਜ ਨਵੀਂ ਸਰਕਾਰ ਦਾ ਗਠਨ ਹੋਇਆ। ਜਿਸ ਵਿੱਚ ਜਾਰਜੀਆ ਮੇਲੋਨੀ ਨੇ ਇਟਲੀ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁੱਕੀ। ਇਸ ਤੋਂ ਇਲਾਵਾ ਕੁੱਲ 24 ਮੰਤਰੀਆ ਜਿਹਨਾਂ ਵਿੱਚ 6 ਔਰਤਾਂ ਵੀ ਸ਼ਾਮਿਲ ਹਨ, ਨੇ ਵੀ ਸਹੂੰ ਚੁੱਕੀ। ਇਟਲੀ ਵਿੱਚ ਪਹਿਲਾਂ ਕੋਰੋਨਾ ਮਹਾਂਮਾਰੀ ਅਤੇ ਫਿਰ ਰੂਸ- ਯੂਕਰੇਨ ਜੰਗ ਨਾਲ ਆਮ ਲੋਕਾਂ ਦੀਆਂ ਮੁਸ਼ਕਿਲਾਂ ਕਾਫੀ ਵਧੀਆ ਹਨ। ਜਿਸ ਕਰਕੇ ਆਮ ਲੋਕਾਂ ਦੀ ਜਿੰਦਗੀ ਪਰੇਸ਼ਾਨੀ ਨਾਲ ਜੂਝ ਰਹੀ ਹੈ। ਨਵੀ ਸਰਕਾਰ ਤੋਂ ਆਮ ਲੋਕਾਂ ਨੂੰ ਬੜੀਆ ਹੀ ਆਸਾ ਹਨ। ਹਾਲਾਕਿ ਵਿਦੇਸ਼ੀਆ ਲੋਕਾਂ ਲਈ ਇਹ ਸਰਕਾਰ ਕੁੱਝ ਸਖਤੀਆ ਵੀ ਕਰ ਸਕਦੀ ਹੈ। ਇਹ ਸਰਕਾਰ ਹਾਲਾਕਿ ਆਮ ਲੋਕਾਂ ਦੀਆ ਸਮੱਸਿਆਵਾਂ ਨੂੰ ਕਿਸ ਤਰਾਂ ਨਜਿੱਠਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਹਾਲਾਕਿ ਨਵੀ ਸਰਕਾਰ ਬਣਨ ਦੇ ਨਾਲ ਇਟਲੀ ਵਿੱਚ ਰਾਜਨੀਤਿਕ ਸੰਕਟ ਖਤਮ ਹੋ ਗਿਆ ਹੈ। ਅਜਿਹਾ ਪੂਰਨ ਤੌਰ ਤੇ ਕਿਹਾ ਨਹੀ ਜਾ ਸਕਦਾ ਕਿਉਂਕਿ ਇਟਲੀ ਵਿੱਚ ਕਾਫੀ ਲੰਬੇ ਸਮੇ ਤੋਂ ਕੋਈ ਵੀ ਸਰਕਾਰ ਲੰਬਾ ਸਮਾਂ ਨਹੀ ਚੱਲ ਸਕੀ ।
ਸੰਨ 2000 ਤੋਂ ਬਾਅਦ ਦੇ ਪ੍ਰਧਾਨ ਮੰਤਰੀ
ਮਾਸੀਮੋ ਦੀ ਅਲੇਮਾ- 21 ਅਕਤੂਬਰ 1998 ਤੋਂ 26 ਅਪ੍ਰੈਲ਼ 2000
ਜਿਉਲੀਆਨੋ ਅਮਾਤੋ – 26 ਅਪ੍ਰੈਲ 2000 ਤੋਂ 11 ਜੂਨ 2001
ਸਿਲਵੀੳ ਬਰਲੁਸਕੋਨੀ – 11 ਜੂਨ 2001 ਤੋਂ 17 ਮਈ 2006
ਰੋਮਾਨੋ ਪਰੋਦੀ – 17 ਮਈ 2006 ਤੋਂ 8 ਮਈ 2008
ਸਿਲਵੀੳ ਬਰਲੁਸਕੋਨੀ – 8 ਮਈ 2008 ਤੋਂ 16 ਨਵੰਬਰ 2011
ਮਾਰੀੳ ਮੋਂਤੀ – 16 ਨਵੰਬਰ 2011 ਤੋਂ 28 ਅਪ੍ਰੈਲ 2013
ਐਨਰੀਕੋ ਲੇਤਾ – 28 ਅਪ੍ਰੈਲ 2013 ਤੋਂ 22 ਫਰਵਰੀ 2014
ਮੈਤੇੳ ਰੈਂਜੀ – 22 ਫਰਵਰੀ 2014 ਤੋਂ 12 ਦਸੰਬਰ 2016
ਪਾਅੋਲੋ ਜੈਂਤੀਲੋਨੀ – 12 ਦਸੰਬਰ 2016 ਤੋਂ 1 ਜੂਨ 2018
ਜੂਸੇਪੇ ਕੌਂਤੇ – 1 ਜੂਨ 2018 ਤੋਂ 13 ਫਰਵਰੀ 2021
ਮਾਰੀੳ ਦਰਾਗੀ – 13 ਫਰਵਰੀ 2021 ਤੋਂ 22 ਅਕਤੂਬਰ 2022
ਜਾਰਜੀਆ ਮੇਲੋਨੀ- 22 ਅਕਤੂਬਰ 2022 ਤੋਂ
ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਆਪਣੀ ਸਰਕਾਰ ਵਿੱਚ ਮਤੈਓ ਸਲਵੀਨੀ ਤੇ ਅਨਤੋਨੀਓ ਤਾਜਾਨੀ ਨੂੰ ਡਿਪਟੀ ਪ੍ਰਧਾਨ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਹੈ ।ਇਸ ਸਰਕਾਰ ਵਿੱਚ ਦਰਾਗੀ ਸਰਕਾਰ ਨਾਲੋਂ ਇੱਕ ਮੰਤਰੀ ਵੱਧ ਹੈ।ਉਮੀਦ ਪ੍ਰਗਟਾਈ ਜਾ ਰਹੀ ਹੈ ਕਿ 24 ਮੰਤਰੀਆਂ ਨਾਲ ਨਵੀਂ ਸਰਕਾਰ ਦਾ ਇਹ ਰੱਥ ਦੇਸ਼ ਵਿੱਚ ਉੱਨਤੀ ਦੀਆਂ ਨਵੀਂ ਪੈੜਾ ਪਾਵੇਗਾ।