
ਖੇਡਾਂ ਵਿੱਚ ਨੌਜਵਾਨਾਂ ਨੂੰ ਸਮੇਂ ਦਾ ਹਾਣੀ ਬਣਾਉਣਾ ਸਮੇਂ ਦੀ ਮੁੱਖ ਲੋਡ਼- ਰੋਹਿਤ ਸ਼ਰਮਾ
ਮੈਲਬੌਰਨ (ਮਨਦੀਪ ਸਿੰਘ ਸੈਣੀ) ਆਸਟਰੇਲੀਆ ਵਿੱਚ ਸ਼ੁਰੂ ਹੋਣ ਜਾ ਰਹੇ ਟੀ ਟਵੰਟੀ ਕ੍ਰਿਕਟ ਵਿਸ਼ਵ ਕੱਪ ਦੇ ਸਬੰਧ ਵਿੱਚ ਆਈਸੀਸੀ ਵੱਲੋਂ ਮੈਲਬਰਨ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਭਾਗ ਲੈ ਰਹੀਆਂ ਟੀਮਾਂ ਦੇ 16 ਕਪਤਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ‘ਕੈਪਟਨਜ਼ ਡੇਅ’ ਨਾਂ ਦੇ ਇਸ ਪ੍ਰੋਗਰਾਮ ਵਿੱਚ ਹਾਜ਼ਰ ਕਪਤਾਨਾਂ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ। ਨੌਜਵਾਨ ਮੁੰਡੇ ਕੁੜੀਆਂ ਨੂੰ ਉਤਸ਼ਾਹਿਤ ਕਰਨ ਦੇ ਸਵਾਲ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਉਣ ਵਾਲੀ ਪੀਡ਼੍ਹੀ ਦਾ ਮਾਰਗ ਦਰਸ਼ਨ ਕਰੀਏ ਤਾਂ ਜੋ ਉਹ ਸਮੇਂ ਦੇ ਨਾਲ ਚੱਲ ਸਕਣ। ਉਨ੍ਹਾਂ ਕਿਹਾ ਕਿ ਕ੍ਰਿਕਟ ਇਕ ਸ਼ਾਨਦਾਰ ਖੇਡ ਹੈ ਤੇ ਇਹ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੀ ਪੀੜ੍ਹੀ ਖੇਡਾਂ ਦਾ ਪਾਲਣ ਕਰੇ ਤਾਂ ਜੋ ਖੇਡਾਂ ਨੂੰ ਵਧੀਆ ਤਰੀਕੇ ਨਾਲ ਖੇਡਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕ੍ਰਿਕਟ ਇਕ ਵਿਸ਼ਵ ਵਿਆਪੀ ਖੇਡ ਹੈ ਤੇ ਕ੍ਰਿਕਟ ਨੂੰ ਦੁਨੀਆਂ ਦੇ ਹਰ ਕੋਨੇ ਵਿਚ ਪਹੁੰਚਾਉਣਾ ਸਾਡੀ ਕੋਸ਼ਿਸ਼ ਹੈ। ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਬਾਰੇ ਬੋਲਦਿਆਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੇ ਕਿਹਾ ਕਿ ਸਾਡੀ ਆਪਸੀ ਗੱਲਬਾਤ ਹਮੇਸ਼ਾ ਸੁਖਾਵੇਂ ਅਤੇ ਦੋਸਤਾਨਾ ਢੰਗ ਨਾਲ ਹੁੰਦੀ ਹੈ।


ਅੱਜ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਦਾ ਜਨਮ ਦਿਨ ਹੋਣ ਕਰਕੇ ਬਾਕੀ ਕਪਤਾਨਾਂ ਵੱਲੋਂ ਵਧਾਈ ਦਿੱਤੀ ਗਈ। ਮੈਲਬਰਨ ਵਿੱਚ ਹੋਣ ਵਾਲੇ ਭਾਰਤ ਪਾਕਿਸਤਾਨ ਦੇ ਮੈਚ ਲਈ ਭਾਰਤੀ ਕਪਤਾਨ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਮੁਕਾਬਲੇ ਲਈ ਤਿਆਰ ਹਾਂ ਅਤੇ ਦਰਸ਼ਕਾਂ ਨੂੰ ਇਕ ਵਧੀਆ ਮੁਕਾਬਲਾ ਦੇਖਣ ਨੂੰ ਮਿਲੇਗਾ।