8.9 C
United Kingdom
Saturday, April 19, 2025

More

    ਅੱਜ ਪੰਜਾਬੀ ਫਿਲਮਾਂ ਨੂੰ ਸਿਨੇਮਾ ਸਕਰੀਨ ਕਿਉਂ ਨਸੀਬ ਨਹੀਂ ਹੋ ਰਹੀ ਹੈ? 

    ਮਨਜੀਤ ਸਿੰਘ ਸਰਾਂ (ਟੋਰਾਂਟੋ)

    ਅੱਜ ਬੌਲੀਵੁੱਡ ਦੀ ਤਰਜ਼ ‘ਤੇ ਚੱਲਦਿਆਂ ਸਾਡੀ ਪਾਲੀਵੁੱਡ ਭਾਵ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਭਿਆਨਕ ਬਿਮਾਰੀ ਲੱਗ ਗਈ ਹੈ। ਅੱਜ ਫਿਲਮ ਇੰਡਸਟਰੀ ‘ਚ ਕਾਬਿਜ਼ ਦੋ ਤਿੰਨ ਹੀ ਅਜਿਹੇ ਫਿਲਮ ਹਾਊਸ ਹਨ ਜੋ ਨਹੀਂ ਚਾਹੁੰਦੇ ਕਿ ਉਨਾਂ ਤੋਂ ਬਿਨਾਂ ਕੋਈ ਹੋਰ ਆਵੇ ਤੇ ਸਿਨੇਮਾ ਸਕਰੀਨ ‘ਤੇ ਨਵਾਂ ਕਰੇ। ਇੱਥੇ ਗਿਣੇ ਚੁਣੇ ਫਿਲਮ ਹਾਊਸ ਹਨ ਤੇ ਉਨਾਂ ਦੇ ਗਿਣੇ ਚੁਣੇ ਉਹੀ ਅਦਾਕਾਰ ਹਨ, ਜਿਹਨਾਂ ਨੂੰ ਲੋਕ ਦੇਖ ਕੇ ਅੱਕ ਥੱਕ ਚੁੱਕੇ ਹਨ। ਇੰਡਸਟਰੀ ‘ਚ  ਇਹਨਾਂ ਨੇ ਰਲ ਕੇ ਇੱਕ ਐਹੋ ਜਿਹਾ ਨੈਪੋਟਿਜ਼ਮ ਖੜ੍ਹਾ ਕਰ ਦਿੱਤਾ ਹੈ। ਜਿਸ ਵਿੱਚ ਨਾ ਨਵੇ ਨਿਰਮਾਤਾ, ਨਾ ਨਵੇਂ ਨਿਰਦੇਸ਼ਕ ਤੇ ਨਾਂ ਹੀ ਨਵੇ ਅਦਾਕਾਰ ਨੂੰ ਘੁੱਸਣ ਦਿੱਤਾ ਜਾ ਰਿਹਾ ਹੈ। ਬੀਤੇ ਦਿਨੀ ਮੈਨੂੰ ਮੇਰੇ ਇੱਕ ਨਿਰਮਾਤਾ ਨਿਰਦੇਸ਼ਕ ਦੋਸਤ ਦਾ ਫ਼ੋਨ ਆਇਆ। ਉਹ ਵਿਚਾਰਾ ਇੱਕ ਘੰਟਾ ਰੋਇਆ ਤੇ ਦੱਸਿਆ ਕਿ ਇੱਕ ਅਧੇੜ ਉੁਮਰ ਦੇ ਹੀਰੋ ਨੇ ਮੇਰਾ 2 ਕਰੋੜ ਰੁਪਇਆ ਮਿੱਟੀ ਕਰ ਰੱਖਿਆ ਹੈ। ਉਸ ਨੇ ਕਿਹਾ ਕਿ ‘ਮਨਜੀਤ ਕਿਤੇ ਉਸਦਾ ਨਾ ਜ਼ਾਹਿਰ ਨਾ ਕਰ ਦਿਉ, ਨਹੀਂ ਤਾਂ ਉਹ ਮੈਨੂੰ ਰੋਲ ਕੇ ਰੱਖ ਦਿਊ। ਉਸ ਨੇ ਦੱਸਿਆ ਕਿ ਮੈਂ ਉਸ ਨੂੰ ਲੈਕੇ ਇੱਕ ਫਿਲਮ ਸ਼ੁਰੂ ਕੀਤੀ ਸੀ ਤੇ ਉਸਨੇ ਮੈਨੂੰ ਲਗਾਤਾਰ 20 ਦਿਨ ਦੀਆਂ ਤਾਰੀਖਾਂ ਦੇ ਦਿੱਤੀਆਂ ਸਨ। ਮੈ ਸ਼ੂਟਿੰਗ ਲਈ ਯੂਨਿਟ ਮੰਗਵਾ ਲਿਆ। ਕੋਈ ਇੱਕ ਹਫ਼ਤਾ ਸ਼ੂਟਿੰਗ ਤੋਂ ਬਾਅਦ ਉਸ ਨੇ ਇੱਕ ਦਿਨ ਸ਼ਾਮ ਨੂੰ ਮੈਨੂੰ ਕਿਹਾ ਕਿ ਬਾਈ ਮੈਨੂੰ ਜਾਣਾ ਪੈ ਰਿਹਾ ਹੈ ਕਿਉਂਕਿ ਮੈਨੂੰ ਦੂਜੇ ਹੀਰੋ, ਨਿਰਮਾਤਾ ਨਿਰਦੇਸ਼ਕ (ਗਾਇਕ ਤੋ ਹੀਰੋ ਬਣੇ ਕਈ ਜੁਆਕਾਂ ਦੇ ਪਿਉ) ਦੀ ਸ਼ੂਟਿੰਗ ‘ਤੇ ਜਾਣਾ ਹੈ। “ਪਰ ਬਾਈ ਤੁਸੀਂ ਮੈਨੂੰ 20 ਦਿਨ ਦਿੱਤੇ ਸਨ ਜੇ ਤੁਸੀਂ ਚਲੇ ਗਏ ਤਾਂ ਮੈ ਬਰਬਾਦ ਹੋ ਜਾਵਾਂਗਾ“ ਮੈ ਹੱਥ ਜੋੜਦੇ ਕਿਹਾ ।                    ‘ਕੋਈ ਗੱਲ ਨਹੀਂ ਦੋ ਹਫ਼ਤੇ ਬਾਅਦ ਸਾਰੀਆਂ ਡੇਟਾਂ ਤੇਰੀਆਂ‘ ਆਖ ਉਹ ਤਿੱਤਰ ਹੋ ਗਿਆ।              ਅੱਜ ਦੇਖਿਆ ਜਾਵੇ ਤਾਂ ਕੋਈ ਇੱਕ ਹਜ਼ਾਰ ਤੋਂ ਵੱਧ ਫਿਲਮਾਂ ਬਣ ਕੇ ਸ਼ੈਂਸਰ ਹੋ ਚੁੱਕੀਆਂ ਹਨ ਪਰ ਅਫ਼ਸੋਸ ਕਿ ਉਨਾਂ ਨੂੰ ਸਿਨੇਮਾ ਸਕਰੀਨ ਨਸੀਬ ਨਹੀਂ ਹੋ ਰਹੀ ਹੈ। ਇਹ ਕੁੱਝ ਕੁ ਫਿਲਮ ਹਾਊਸ ਡਿਸਟੀਬਿਊਟਰ ਤੇ ਐਗਜ਼ੀਬਿਊਟਰ ਨੂੰ ਅਜਿਹੇ ਸੁਫ਼ਨੇ ਦਿਖਾ ਕੇ ਮਜ਼ਬੂਰ ਕਰ ਦਿੰਦੇ ਹਨ ਕਿ ਕਈ ਨਵੇਂ ਬੈਨਰਾਂ ਹੇਠ ਬਣੀਆਂ ਫਿਲਮਾਂ ਨੂੰ ਸਿਨੇਮਾ ਦੀ ਸਕਰੀਨ ਇੱਕ ਹਫ਼ਤੇ ਲਈ ਵੀ ਨਸੀਬ ਨਹੀਂ ਹੁੰਦੀ ਤੇ ਆਖ਼ਰ ਨਿਰਮਾਤਾ ਨੂੰ ਆਪਣੀ ਫਿਲਮ ਕਿਸੇ ਨਿੱਕੇ ਮੋਟੇ ਪਲੇਟ ਫ਼ਾਰਮ ਤੇ ਰਿਲੀਜ਼ ਕਰਨੀ ਪੈ ਜਾਂਦੀ ਹੈ ਤੇ ਵਿਚਾਰਾ ਬਰਬਾਦੀ ਦੀ ਦਹਿਲੀਜ਼ ‘ਤੇ ਪੁੰਹਚ ਜਾਂਦਾ ਹੈ। ਪਿਛਲੇ ਕੁੱਝ ਕੁ ਮਹੀਨੇ ਪਹਿਲਾਂ ਕੁਲਵਿੰਦਰ ਬਿੱਲੇ ਦੀ ਫਿਲਮ ‘ਟੈਲੀਵੀਜ਼ਨ‘ ਵੀ ਇਹਨਾਂ ਫਿਲਮ ਹਾਊਸਾਂ ਦੀ ਭੇਟ ਚੜ੍ਹ ਗਈ। ਜਿੰਨੀ ਵਾਰ ਉਨਾਂ ਨੇ ਇਹ ਫਿਲਮ ਦੀ ਰਿਲੀਜ਼ ਲਈ ਤਾਰੀਕ ਅਨਾਊਂਸ ਕੀਤੀ ਓਨੀ ਵਾਰ ਕੋਈ ਹੋਰ ਵੱਡੀ ਫਿਲਮ ਵਿੱਚ ਘਸੌੜ ਦਿੱਤੀ ਗਈ। ਸ਼ਰਮ ਕਰਨੀ ਚਾਹੀਦੀ ਹੈ … ਯਾਰ ! ਤੁਹਾਡਾ ਗਾਇਕ ਭਰਾ ਨਵਾਂ ਨਵਾਂ ਅਦਾਕਾਰ ਬਣਿਆ ਹੈ, ਉਹਦੀ ਮਦੱਦ ਕਰੋ। ਕੁਲਵਿੰਦਰ ਬਿੱਲੇ ਹੋਰਾਂ ਦੀਆਂ ਗੋਡਨੀਆਂ ਲੁਆ ਦਿੱਤੀਆਂ ਤੇ ਹੋਰ ਪਤਾ ਨਹੀਂ ਕਿੰਨੇ ਕੁ ਕੁਲਵਿੰਦਰ ਬਿੱਲੇ ਇਹਨਾਂ ਦੀ ਭੇਂਟ ਚੜ੍ਹ ਚੁੱਕੇ ਹਨ। ਆਪ ਭੱਦੀ ਸ਼ਬਦਾਵਲੀ ਵਾਲੀ ਕਮੇਡੀ ਨੂੰ ਲੋਕਾਂ ‘ਤੇ ਥੋਪ ਰਹੇ ਹਨ। ਬਿਨਾਂ ਸਿਰ ਪੈਰ ਵਾਲੀ ਕਹਾਣੀ ਦਾ ਕਲਾਈਮੈਕਸ ਕਿਸੇ ਬੌਲੀਵੁੱਡ ਮੂਵੀ ਤੋਂ ਚੁਰਾ ਕੇ ਸ਼ੂਟ ਕਰ ਦਿੱਤਾ ਹੈ। ਇੱਕ ਨਿਰਦੇਸ਼ਕ ਤਾਂ ਕਈ ਫਿਲਮਾਂ ‘ਚ ਇੱਕ ਹੀ ਤਰਾਂ ਦਾ ਕਲਾਈਮੈਕਸ ਕਰੀ ਬੈਠਾ ਹੈ, ਜਿਵੇਂ ਹੀਰੋ ਮਗਰ ਉਹਦਾ ਪਿਉ, ਪਿੱਛੇ ਕਾਰ, ਉਹਦੇ ਪਿੱਛੇ ਮੋਟਰ ਸਾਈਕਲ, ਉਹਦੇ ਪਿੱਛੇ ਰਿਕਸ਼ਾ, ਰਿਕਸ਼ੇ ਪਿੱਛੇ ਖੋਤਾ ਰੇਹੜੀ ਤੇ ਪਤਾ ਨਹੀਂ ਕੀ ਕੀ ਡਰਾਮਾਬਾਜ਼ੀ? ਅੱਧੇ ਘੰਟੇ ਦਾ ਬਿਨਾ ਮਤਲਬ ਦਾ ਕਲਾਈਮੈਕਸ ਸ਼ੂਟ ਕਰ ਲਿਆ ਜਾਂਦਾ ਹੈ। ਧੀ ਦੀ – ਭੈਣ ਦੀ ਵਾਲੀ ਕਮੇਡੀ ਕਿੰਨਾ ਕੁ ਚਿਰ ਚੱਲ ਪਾਏਗੀ? ਕਿਉਂ ਚੰਗੀਆਂ ਫਿਲਮਾਂ, ਚੰਗੇ ਅਦਾਕਾਰ, ਚੰਗਾ ਤੇ ਨਵਾਂ ਕੁੱਝ ਕਰਨ ਵਾਲੇ ਨਿਰਮਾਤਾ ਨਿਰਦੇਸ਼ਕਾਂ ਨੂੰ ਕਿਉ ਨਹੀਂ ਇੰਡਸਟਰੀ ‘ਚ ਦਾਖਲ ਹੋਣ ਦਿੱਤਾ ਜਾ ਰਿਹਾ ਹੈ। ਪੈਸਾ ਲਾਉਣ ਵਾਲੇ ਨੂੰ ਖੜ੍ਹਾ ਨਹੀਂ ਕੀਤਾ ਜਾਂਦਾ ਤਾਂ ਕਿ ਉਹ ਹੋਰ ਨਵੀਂ ਫਿਲਮ ਬਣਾ ਸਕੇ। ਅੜਿੱਕੇ ਆਇਆਂ ਬੰਦਿਆਂ ਨੂੰ ਪਹਿਲੀ ਵਾਰ ਹੀ ਖੱਸੀ ਕਰ ਦਿੱਤਾ ਜਾਂਦਾ ਹੈ, ਵਿਚਾਰਾ ਉਹ ਮੁੜ ਫਿਲਮ ਬਣਾਉਣ ਬਾਰੇ ਨਹੀਂ ਸੋਚਦਾ। ਨਵੀਂ ਲੀਹ ‘ਤੇ ਪਈ ਪੰਜਾਬੀ ਫਿਲਮ ਇੰਡਸਟਰੀ ਨੂੰ ਇਹ ਲੋਕ ਛੇਤੀ ਡੋਬ ਦੇਣਗੇ। ਇਸ ਵਕਤ ਪੰਜਾਬੀ ਫਿਲਮ ਇੰਡਸਟਰੀ ਅਜਿਹੇ ਅਖੌਤੀ ਕਮੇਡੀ ਕਿੰਗਾਂ ਵਿਚਕਾਰ ਘਿਰੀ ਹੋਈ ਹੈ ਤੇ ਕਾਬਲ ਲੋਕਾਂ ਲਈ ਇੰਨਾਂ ਅਖੌਤੀਆਂ ਨੇ ਰਾਹਾਂ ‘ਤੇ ਕੰਡੇ ਵਿਛਾ ਰੱਖੇ ਹਨ। ਅੱਜ ਬੌਲੀਵੁੱਡ ਦੀ ਵੱਡੀ ਇੱਕ ਅਭਿਨੇਤਰੀ ਉਪਾਸਨਾ ਸਿੰਘ ਆਪਣੇ ਬੇਟੇ ਨੂੰ ਲੈਕੇ ਫਿਲਮ ਚੁੱਕੀ ਫਿਰਦੀ ਰਿਲੀਜ਼ ਕਰਨ ਨੂੰ। ਕਹਿਣ ਨੂੰ ਭਾਂਵੇ ਉਹ ਪਰਮੋਸ਼ਨ ਦਾ ਬਹਾਨਾ ਬਣਾ ਰਹੀ ਹੈ ਪਰ ਅਸਲੀਅਤ ਤਾਂ ਇਹ ਹੈ ਕਿ ਉਹ ਵੀ ਅਜਿਹੇ ਫਿਲਮ ਹਾਊਸਾਂ ਦਾ ਸ਼ਿਕਾਰ ਹੋਈ ਹੈ। ਅਸੀਂ ਤਾਂ ਇਹੀ ਕਹਾਂਗੇ ਕਿ ਯਾਰ ਕੁੱਝ ਸ਼ਰਮ ਕਰੋ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!