ਗਿੱਲ ਦੋਦਾ, ਗਲਾਸਗੋ।
ਸਾਡੇ ਗੁਰੂਆਂ, ਪੀਰਾਂ ਪੈਗੰਬਰਾਂ ਨੇ ਕਿਰਤ ਨੂੰ ਵਡਿਆਇਆ ਹੈ। ਕਿਰਤ ਕਰਨ ਵਾਲ਼ੇ ਹੱਥਾਂ ਨੂੰ ਬਹੁਤ ਉੱਚ ਦਰਜਾ ਦਿੱਤਾ ਗਿਆ ਹੈ। ਪਰ ਅਫ਼ਸੋਸ ਅਸੀਂ ਆਪਣੇ ਗੁਰੂਆਂ, ਪੀਰਾਂ ਪੈਗੰਬਰਾਂ, ਬਾਣੀ “ਨੂੰ” ਤਾਂ ਮੰਨਦੇ ਹਾਂ, ਪਰ ਗੁਰੂਆਂ, ਪੀਰਾਂ ਪੈਗੰਬਰਾਂ, ਬਾਣੀ “ਦੀ” ਇੱਕ ਵੀ ਮੱਤ ਨਹੀਂ ਮੰਨਦੇ। ਅਸੀਂ ਨਿੱਜ ਦੇ ਕਿੱਲੇ ਨਾਲ ਬੱਝੇ ਬਾਂਦਰ-ਕਿੱਲਾ ਖੇਡਦੇ ਜੁਆਕਾਂ ਵਾਂਗ ਓਨੇ ਕੁ ਦਾਇਰੇ ਵਿੱਚ ਹੀ ਘੁੰਮਦੇ ਰਹਿੰਦੇ ਹਾਂ। ਖੁਦ ਦੀ ਮਿਹਨਤ ਦਾ ਮੁੱਲ ਪਵਾਉਣ ਲਈ ਸੋਚਦੇ ਵੀ ਹਾਂ, ਆਵਾਜ ਉਠਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ ਪਰ ਜਦੋਂ ਸਾਨੂੰ ਖੁਦ ਨੂੰ ਕਿਸੇ ਦੀ ਮਿਹਨਤ ਦਾ ਮੁੱਲ ਪਾਉਣਾ ਪਵੇ ਤਾਂ ਸਾਡੇ ਵਿਚਾਰ, ਸਾਡਾ ਵਿਹਾਰ ਧੁੱਪ ‘ਚ ਰੱਖੀ ਮੋਮਬੱਤੀ ਵਾਂਗ ਐਨਾ ਕੁ ਨਰਮ ਹੋ ਜਾਂਦੈ ਕਿ ਅਸੀਂ ਮਨਚਾਹਿਆ ਰੂਪ ਦੇ ਲੈਂਦੇ ਹਾਂ। ਕਿਸੇ ਘੁਮਿਆਰ ਕੋਲੋਂ ਮਿੱਟੀ ਦਾ ਘੜਾ ਲੈਣ ਜਾਂਦੇ ਹਾਂ ਤਾਂ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਉਸ ਵੱਲੋਂ ਮੰਗੀ ਕੀਮਤ ਨਾਲੋਂ ਅੱਧ-ਪਚੱਧ ਹੀ ਉਸਦੀ ਹਥੇਲੀ ‘ਤੇ ਰੱਖਿਆ ਜਾਵੇ। ਅਸੀਂ ਉਸ ਕੋਲ ਖਰੀਦਦਾਰ ਬਣਕੇ ਨਹੀਂ ਸਗੋਂ ਦਾਤੇ ਦਾਨੀ ਬਣ ਕੇ ਵਿਚਰ ਰਹੇ ਹੁੰਦੇ ਹਾਂ। ਅਸਲ ਵਿੱਚ ਉਹ ਨਿਗੁਣਾ ਜਿਹਾ ਮੁੱਲ ਉਸ ਘੜੇ ਦਾ ਹੋ ਹੀ ਨਹੀਂ ਸਕਦਾ। ਆਉ ਘੜੇ ਦੇ ਮੁੱਲ ਦੀ ਚਰਚਾ ਕਰੀਏ ਤਾਂ ਕਿ ਅਸੀਂ ਹਰ ਕਿਰਤ ਕਰਨ ਵਾਲੇ ਦੀ ਮਿਹਨਤ ਨੂੰ ਏਸੇ ਫਾਰਮੂਲੇ ਦੀ ਐਨਕ ਥਾਂਈਂ ਦੇਖਣ ਦੀ ਆਦਤ ਪਾਈਏ।ਘੁਮਿਆਰ ਦੇ ਹੱਥਾਂ ਦੀ ਕਿਰਤ ਦੇ ਰੂਪ ‘ਚ ਘੜਾ ਹੋਂਦ ‘ਚ ਆਉਣ ਤੋਂ ਪਹਿਲਾਂ ਚੀਕਣੀ ਮਿੱਟੀ ਲੱਭਣ ਦੀ ਦੌੜ, ਮਿੱਟੀ ਪੁੱਟ ਕੇ ਲਿਆਉਣ, ਮਿੱਟੀ ਨੂੰ ਕੁੱਟਣ ਭੋਰਨ, ਛਾਨਣੀ ਨਾਲ਼ ਛਾਣ ਕੇ ਆਟੇ ਵਾਂਗ ਬਰੀਕ ਕਰਨ, ਪਾਣੀ ਨਾਲ ਘੰਟਿਆਂ-ਬੱਧੀ ਗੁੰਨ੍ਹਣ, ਚੱਕ ‘ਤੇ ਚਾੜ੍ਹ ਕੇ ਘੜੇ ਦਾ ਨਿਰਮਾਣ, ਗਿੱਲੇ ਘੜੇ ਨੂੰ ਠੇਕੇ ਦੇ ਦੇ ਕੇ ਮੁਕੰਮਲ ਗੋਲ ਕਰਨ, ਰੰਗ ਰੰਗਾਈ ਕਰਨ, ਆਵੇ ਵਿੱਚ ਬਾਲਣ ਦੇ ਝੋਕਿਆਂ ਦਾ ਸੇਕ, ਆਵੇ ਦੇ ਚੰਮ ਮਚਾਉਂਦੇ ਸੇਕ ਨੂੰ ਝੱਲਣ ਤੱਕ ਦੇ ਔਖੇ ਕਾਰਜ ਤੋਂ ਬਾਅਦ ਹੀ ਘੜੇ ਵਿੱਚ ਪਾਣੀ ਪਾਉਣ ਦੇ ਕਾਬਿਲ ਹੁੰਦੇ ਹਾਂ। ਪਰ ਉਸ ਘੜੇ ਦੀ ਅਸਲੋਂ ਹੀ “ਅਸਲ ਕੀਮਤ” ਅਦਾ ਕਰਨ ਦੀ ਬਜਾਏ ਅਸੀਂ ਮੁੜ੍ਹਕੇ ਦੀਆਂ ਕੁਝ ਬੂੰਦਾਂ ਦਾ ਮੁੱਲ ਤਾਰਨੋਂ ਵੀ ਟਾਲਾ ਵੱਟਦੇ ਹਾਂ। ਅਜਿਹਾ ਹੀ ਅਸੀਂ ਕੰਮ ਕਰਦੇ ਕਾਰੀਗਰਾਂ, ਮਜ਼ਦੂਰਾਂ ਦੀ ਦਿਹਾੜੀ ਦੇ ਮਾਮਲੇ ‘ਚ ਕਰਦੇ ਹਾਂ। ਕਿਸੇ ਕਾਰੀਗਰ ਦੀ ਦਿਹਾੜੀ ਦਾ ਮੁੱਲ ਮਹਿਜ ਉਹ ਪੰਜ ਸੱਤ ਘੰਟੇ ਨਹੀਂ ਹੁੰਦੇ, ਸਗੋਂ ਉਸ ਪਿੱਛੇ ਉਸਦੀ ਲੰਮੀ ਘਾਲਣਾ, ਸਿੱਖਣ ਤੋਂ ਲੈ ਕੇ ਕੰਮ ਕਰਨ ਦੇ ਸਮੇਂ ਤੱਕ ਦਾ ਇਤਿਹਾਸ ਹੁੰਦਾ ਹੈ। ਸੋ ਸਾਨੂੰ ਚਾਹੀਦਾ ਹੈ ਕਿ ਜਦੋਂ ਵੀ ਕਿਸੇ ਦੀ ਮਿਹਨਤ ਦਾ ਮੁੱਲ ਪਾਉਣ ਦਾ ਸਬੱਬ ਬਣੇ ਤਾਂ ਘੜੇ ਵਾਲੀ ਉਦਾਹਰਣ ਨੂੰ ਚੇਤੇ ਵਿੱਚ ਜਿਉਂਦਾ ਜ਼ਰੂਰ ਰੱਖਿਓ।

