
ਸਕਾਟਲੈਂਡ ਦੀ ਸਰਕਾਰ ਦੁਆਰਾ ਸਕਾਟਿਸ਼ ਕੌਂਸਲਾਂ ਨੂੰ 140 ਮਿਲੀਅਨ ਪੌਂਡ ਦੀ ਵਾਧੂ ਮਾਲੀ ਮੱਦਦ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ ਤਾਂ ਜੋ ਸਟਾਫ਼ ਦੀ ਤਨਖਾਹ ਵਿੱਚ ਵੱਡਾ ਵਾਧਾ ਕੀਤਾ ਜਾ ਸਕੇ। ਇਸ ਬਾਰੇ ਸਕਾਟਲੈਂਡ ਦੇ ਡਿਪਟੀ ਫਸਟ ਮਨਿਸਟਰ ਜੌਹਨ ਸਵਿੰਨੇ ਨੇ ਸਥਾਨਕ ਅਥਾਰਟੀ ਬਾਡੀ ਕੌਂਸਲਾਂ ਨਾਲ ਗੱਲਬਾਤ ਤੋਂ ਬਾਅਦ ਵਾਧੂ ਫੰਡਿੰਗ ਦਾ ਐਲਾਨ ਕੀਤਾ। ਜਿਕਰਯੋਗ ਹੈ ਕਿ ਸਕੂਲਾਂ, ਨਰਸਰੀਆਂ ਅਤੇ ਰੀਸਾਈਕਲਿੰਗ ਕੇਂਦਰਾਂ ਆਦਿ ਦੇ ਸਟਾਫ ਦੁਆਰਾ 2% ਤਨਖਾਹ ਵਾਧੇ ਦੀ ਪੇਸ਼ਕਸ਼ ਨੂੰ ਰੱਦ ਕਰਨ ਤੋਂ ਬਾਅਦ ਹੜਤਾਲ ਕਰਨ ਲਈ ਵੋਟ ਦਿੱਤੀ ਹੈ।ਇਸ ਸੰਬੰਧੀ ਕੌਂਸਲਾਂ ਨੇ ਯੂਨਾਈਟਿਡ, ਯੂਨੀਸਨ ਅਤੇ ਜੀ ਐਮ ਬੀ ਯੂਨੀਅਨਾਂ ਦੇ ਮੈਂਬਰਾਂ ਦੁਆਰਾ ਇਸ ਉਦਯੋਗਿਕ ਕਾਰਵਾਈ ਦੀ ਸੰਭਾਵਨਾ ‘ਤੇ ਚਰਚਾ ਕਰਨ ਲਈ ਸ਼ੁੱਕਰਵਾਰ ਨੂੰ ਮੁਲਾਕਾਤ ਵੀ ਕੀਤੀ।ਕੌਂਸਲ ਦੇ ਪ੍ਰਤੀਨਿਧਾਂ ਅਨੁਸਾਰ ਉਹਨਾਂ ਨੂੰ ਹੋਰ ਜਾਣਕਾਰੀ ਦੀ ਲੋੜ ਹੈ ਅਤੇ ਉਹ ਅਗਲੇ ਹਫਤੇ ਦੁਬਾਰਾ ਮਿਲਣਗੇ। ਜਦਕਿ ਸਵਿੰਨੇ ਨੇ ਬਾਅਦ ਵਿੱਚ ਕਿਹਾ ਕਿ ਸਕਾਟਿਸ਼ ਸਰਕਾਰ ਕੌਂਸਲਾਂ ਨੂੰ ਇੱਕ ਸੋਧੀ ਹੋਈ ਤਨਖਾਹ ਦੀ ਪੇਸ਼ਕਸ਼ ਕਰਨ ਵਿੱਚ ਮਦਦ ਕਰਨ ਲਈ ਫੰਡਿੰਗ ਦੇ 140 ਮਿਲੀਅਨ ਪੌਂਡ ਦਾ ਯੋਗਦਾਨ ਦੇਵੇਗੀ। ਉਹਨਾਂ ਕਿਹਾ ਕਿ “ਇਹ ਵਾਧੂ ਫੰਡਿੰਗ ਸਥਾਨਕ ਸਰਕਾਰਾਂ ਅਤੇ ਉਨ੍ਹਾਂ ਦੇ ਸਟਾਫ ਪ੍ਰਤੀ ਸਾਡੀ ਵਚਨਬੱਧਤਾ ਨੂੰ ਹੈ ਅਤੇ ਸਥਾਨਕ ਅਥਾਰਟੀਆਂ ਨੂੰ ਮਹੱਤਵਪੂਰਨ ਤੌਰ ‘ਤੇ ਵਧੀ ਹੋਈ ਤਨਖਾਹ ਦੀ ਪੇਸ਼ਕਸ਼ ਕਰਨ ਦੀ ਇਜਾਜ਼ਤ ਦੇਵੇਗੀ।”