??ਭਗਵੰਤ ਮਾਨ ਨੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਪਾਰਟੀ ਦੀ “ਵਿਜੇ ਯਾਤਰਾ” ‘ਤੇ ਕੀਤਾ ਸਰਕਾਰੀ ਖਜਾਨੇ ਵਿੱਚੋਂ ਖਰਚ
??ਪਾਰਟੀ ਦੇ ਪ੍ਰੋਗਰਾਮ ‘ਤੇ ਸਰਕਾਰੀ ਖਜਾਨੇ ਚੋਂ ਪੈਸੇ ਖਰਚਣਾ ਗੈਰਕਾਨੂੰਨੀ, ਅਫਸਰਾਂ ਨੂੰ ਦੇਣਾ ਪਵੇਗਾ ਜਵਾਬ- ਮਾਨਿਕ ਗੋਇਲ
ਮਾਨਸਾ (ਪੰਜ ਦਰਿਆ ਬਿਊਰੋ) ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਿੱਤ ਦਾ ਜਸ਼ਨ ਮਨਾਉਣ ਲਈ 13 ਮਾਰਚ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ “ਵਿਜੇ ਯਾਤਰਾ” ਕੱਢੀ ਸੀ। ਜਿਸ ਵਿੱਚ ਪਾਰਟੀ ਨੇ ਪੂਰੇ ਪੰਜਾਬ ਦੇ ਵਰਕਰਾਂ ਨੂੰ ਬੁਲਾਇਆ ਸੀ। ਮਾਨਸਾ ਵਾਸੀ ਮਾਨਿਕ ਗੋਇਲ ਵੱਲੋਂ ਆਰਟੀਆਈ ਰਾਹੀਂ ਲਈ ਗਈ ਜਾਣਕਾਰੀ ਵਿੱਚ ਬਹੁਤ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੀ ਉਸ ‘ਵਿਜੇ ਯਾਤਰਾ’ ‘ਤੇ ਲੱਖਾਂ ਦਾ ਖਰਚ ਪਾਰਟੀ ਫੰਡ ਦੀ ਬਜਾਏ ਸਰਕਾਰੀ ਖਜਾਨੇ ਵਿੱਚੋਂ ਕੀਤਾ ਗਿਆ। ਉਸ ਦਿਨ ਦੇ ਪੰਜ ਤਾਰਾ ਹੋਟਲਾਂ ਦੇ ਲੱਖਾਂ ਦੇ ਬਿਲਾਂ ਤੋਂ ਲੈ ਕੇ, ਲੱਖਾਂ ਦੀ ਸਜਾਵਟ, ਦਿੱਲੀ ਲੀਡਰਸ਼ਿਪ ਲਈ ਗੋਲਡ ਪਲੇਟਡ ਤਲਵਾਰਾਂ, ਫੁਲਕਾਰੀਆਂ ਆਦਿ ‘ਤੇ ਕਰੀਬ 15 ਲੱਖ ਰੁਪਇਆ ਲਗਾਇਆ ਗਿਆ, ਜਦੋਂ ਕਿ ਮੁੱਖਮੰਤਰੀ ਭਗਵੰਤ ਮਾਨ ਨੇ ਉਸ ਸਮੇਂ ਸਹੁੰ ਵੀ ਨਹੀਂ ਚੁੱਕੀ ਸੀ।ਗੋਇਲ ਨੇ ਕਿਹਾ ਹੈ ਕਿ “ਜਿੱਤ ਦੇ ਜਸ਼ਨ ਤੇ ਇਹਨਾਂ ਲੱਖਾਂ ਰੁਪਏ ਖਰਚਣ ਤੋਂ ਇਲਾਵਾ ਪਾਰਟੀ ਵਰਕਰਾਂ ਨੂੰ ਅੰਮ੍ਰਿਤਸਰ ਲਿਆਉਣ ਲਈ ਸਰਕਾਰੀ ਬੱਸਾਂ ਵਰਤੀਆਂ ਗਈਆਂ, ਜਿਹਨਾਂ ਦਾ ਲੱਖਾਂ ਰੁਪਏ ਦਾ ਖਰਚ ਵੀ ਸਰਕਾਰੀ ਖਜਾਨੇ ‘ਚੋਂ ਦਿੱਤਾ ਗਿਆ। ਜਿਸਦਾ ਜਵਾਬ ਸਰਕਾਰ ਦੇਣ ਤੋਂ ਭੱਜ ਰਹੀ ਹੈ।”
ਇਹ ਦੱਸਣਯੋਗ ਹੈ ਕਿ ਮੁੱਖਮੰਤਰੀ ਭਗਵੰਤ ਮਾਨ ਨੇ ਮੁੱਖਮੰਤਰੀ ਵਜੋਂ ਸਹੁੰ 16 ਮਾਰਚ ਨੂੰ ਚੱਕੀ ਸੀ ਜਦੋਂ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੱਢੀ ਗਈ ਇਹ “ਵਿਜੇ ਯਾਤਰਾ” 13 ਮਾਰਚ ਨੂੰ ਕੱਢੀ ਗਈ। ਇਸ ਜਿੱਤ ਦੇ ਜਸ਼ਨ ਵਿੱਚ ਕੱਢੀ ਗਈ ਯਾਤਰਾ ਵਿੱਚ ਲੱਖਾਂ ਦੇ ਬਿਲ ਸਰਕਾਰੀ ਖਜਾਨੇ ਨੂੰ ਪਾਏ ਗਏ, ਫਲੈਕਸਾਂ ਤੋਂ ਲੈ ਕੇ ਖਾਣ ਪੀਣ ਦੇ ਸਮਾਨ ਦਾ ਖਰਚਾ ਵੀ ਸਰਕਾਰੀ ਖਜਾਨੇ ਚੋਂ ਕੀਤਾ ਗਿਆ। ਆਰਟੀਆਈ ਵਿੱਚ ਲਈ ਗਈ ਜਾਣਕਾਰੀ ਅਨੁਸਾਰ ਪੰਜ ਤਾਰਾ ਹੋਟਲ ਤਾਜ ਸਵਰਨਾ ਵਿੱਚ ਉਸ ਦਿਨ ਰਹਿਣ ਅਤੇ ਖਾਣ ਪੀਣ ਦਾ ₹1,51,851, ਦਿੱਲੀ ਲੀਡਰਸ਼ਿਪ ਦੇ ਸਵਾਗਤ ਲਈ ਸੜਕਾਂ ਨੂੰ ਤਾਜੇ ਫੁੱਲਾਂ ਨਾਲ ਸਜਾਉਣ ਦਾ ₹4,83,800, ਸਵਾਗਤੀ ਗੇਟ ਬਣਾਉਣ ਲਈ ₹75000, ਟੈਂਟ ਅਤੇ ਕੁਰਸੀਆਂ ਲਈ ₹5,56,424 , ਢੋਲੀਆਂ ‘ਤੇ ₹54,500, ਫੁੱਲਾਂ ਦੇ ਬੁਕਿਆਂ ‘ਤੇ ₹16800, ਫੁਲਕਾਰੀਆਂ ‘ਤੇ ₹18000, ਗੋਲਡ ਪਲੇਟਡ ਤਲਵਾਰਾਂ ਲਈ ₹34000, ਫਲੈਕਸਾਂ ਤੇ ₹45,398, ਫੋਟੋ ਗਰਾਫਰਾਂ ‘ਤੇ ₹17500 ਆਦਿ ਖਰਚੇ ਗਏ।
ਆਰਟੀਆਈ ਐਕਟਿਵਿਸਟ ਮਾਨਿਕ ਗੋਇਲ ਨੇ ਕਿਹਾ ਕਿ “ਭਗਵੰਤ ਮਾਨ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਹਿੰਦੇ ਸਨ ਕਿ ਸਰਕਾਰੀ ਖਜਾਨਾ ਖਾਲੀ ਹੈ ਤੇ ਇਸਦੀ ਦੁਰਵਰਤੋ ਕੀਤੀ ਗਈ ਹੈ ਪਰ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਮੁੱਖਮੰਤਰੀ ਦੁਆਰਾ ਸਹੁੰ ਚੱਕਣ ਤੋਂ ਪਹਿਲਾਂ ਹੀ ਪਾਰਟੀ ਪ੍ਰੋਗਰਾਮ ਲਈ ਲੋਕਾਂ ਦਾ ਪੈਸਾ ਵਰਤਿਆ ਗਿਆ। ਮੈਂ ਹੈਰਾਨ ਹਾਂ ਕਿ ਇਹ ਪੈਸਾ ਵਰਤਣ ਵਾਲੇ ਅਫਸਰਾਂ ਨੇ ਕਿਸਦੇ ਆਡਰ ਲਏ ਤੇ ਇਹ ਗੈਰਕਾਨੂੰਨੀ ਖਰਚਾ ਕਰਨ ਤੋਂ ਪਹਿਲਾਂ ਕੀ ਇੱਕ ਵਾਰੀ ਵੀ ਨਹੀਂ ਸੋਚਿਆ? ਇਹ ਜਵਾਬ ਖਰਚਾ ਕਰਨ ਵਾਲੇ ਅਫਸਰਾਂ ਨੂੰ ਦੇਣਾ ਪਵੇਗਾ ਕਿਉਕਿ ਇਹ ਗੈਰਕਾਨੂੰਨੀ ਤੋਰ ਤੇ ਪਾਰਟੀ ਪ੍ਰੋਗਰਾਮ ਤੇ ਕੀਤਾ ਖਰਚਾ ਕਰੱਪਸ਼ਨ ਦੀ ਸ਼੍ਰੇਣੀ ਵਿੱਚ ਹੀ ਆਵੇਗਾ।”
ਨਾਲ ਹੀ ਮਾਨਿਕ ਗੋਇਲ ਨੇ ਦੱਸਿਆ ਕਿ ਇਹ ਆਰਟੀਆਈ ਮਾਰਚ ਮਹੀਨੇ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਪਾਈ ਸੀ, ਜਿਸਦਾ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਫੇਰ ਪਹਿਲੀ ਅਪੀਲ ‘ਤੇ ਕੋਈ ਜਵਾਬ ਨਾ ਦੇਣ ਤੋਂ ਬਾਅਦ ਸਟੇਟ ਸੂਚਨਾ ਕਮਿਸ਼ਨ ਨੂੰ ਦੂਜੀ ਅਪੀਲ ਪਾਈ ਗਈ। ਜਿਸਤੋਂ ਬਾਅਦ ਪੰਜ ਮਹੀਨਿਆਂ ਬਾਦ ਇਹ ਜਵਾਬ ਮਿਲਿਆ। ਪਾਰਦਰਸ਼ਿਤਾ ਦੀ ਗੱਲ ਕਰਨ ਵਾਲੀ ਆਪ ਸਰਕਾਰ ਨੇ ਆਰਟੀਆਈ ਦੇ ਜਵਾਬਾਂ ਨੂੰ ਸੌਖਾ ਕਰਨ ਦੀ ਥਾਂ ਹੋਰ ਤੰਗ ਕਰ ਦਿੱਤਾ ਹੈ। ਕੋਈ ਵਿਰਲਾ ਜਵਾਬ ਹੀ ਹੁੰਦਾ ਜੋ ਪਹਿਲੀ ਵਾਰ ਬਿਨਾ ਅਪੀਲ ਪਾਏ ਆ ਜਾਵੇ।

